ਕਾਂਗਰਸ ਨੇ ਕੀਤਾ ਪੰਜਾਬ ਨੂੰ ਬਦਨਾਮ : ਮੰਨਣ

03/11/2018 11:31:24 AM

ਜਲੰਧਰ (ਬੁਲੰਦ)— ਕਾਂਗਰਸ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿੰਦੀ ਰਹੀ ਅਤੇ ਪੰਜਾਬ ਨੂੰ ਨਸ਼ੇ ਦੀ ਮੰਡੀ ਕਹਿ ਕੇ ਬਦਨਾਮ ਕਰਦੀ ਰਹੀ। ਜਦੋਂ ਹੁਣ ਆਪਣੀ ਸਰਕਾਰ ਬਣ ਗਈ ਤਾਂ ਪੰਜਾਬ ਵਿਚ ਨਸ਼ੇ ਦੇ ਮਾਮਲੇ 'ਤੇ ਚੁੱਪ ਬੈਠੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਜਲੰਧਰ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕੀਤਾ।  ਮੰਨਣ ਨੇ ਕਿਹਾ ਕਿ ਕਾਂਗਰਸ ਤੇ 'ਆਪ' ਪਾਰਟੀ ਅੰਦਰੋਂ ਇਕ ਹੈ ਅਤੇ ਪੰਜਾਬ ਨੂੰ ਬਰਬਾਦ ਕਰਨ ਵਿਚ ਜੁਟੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਕਿੱਥੇ ਗਈਆਂ ਨੌਜਵਾਨਾਂ ਦੀਆਂ ਨੌਕਰੀਆਂ, ਸਮਾਰਟ ਫੋਨ ਦੇਣ ਦੇ ਵਾਅਦੇ, ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਵਾਅਦੇ ਅਤੇ ਸਿੱਧੂ ਜਿਹੇ ਲੋਕ ਚੁੱਪ ਕਿਉਂ ਹਨ। 
ਮੰਨਣ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਹਾਲਾਤ ਬਦਤਰ ਹੋਏ ਪਏ ਹਨ। ਜੋ ਕੋਈ ਆਪਣੀ ਮੰਗ ਨੂੰ ਲੈ ਕੇ ਸਰਕਾਰ ਕੋਲ ਜਾਂਦਾ ਹੈ ਤਾਂ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋਣ ਲੱਗਦੀ ਹੈ ਪਰ ਅਕਾਲੀ ਦਲ ਦੀ ਸਰਕਾਰ ਨੇ ਕਦੇ ਖਜ਼ਾਨਾ ਖਾਲੀ ਹੋਣ ਦਾ ਰੋਣਾ ਨਹੀਂ ਰੋਇਆ ਅਤੇ ਹੋਰ ਲਾਭ ਯੋਜਨਾਵਾਂ ਲਾਗੂ ਕੀਤੀਆਂ ਪਰ ਕਾਂਗਰਸ ਨੇ ਸਾਰੀਆਂ ਲਾਭ ਯੋਜਨਾਵਾਂ ਬੰਦ ਕਰਕੇ ਜਨਤਾ ਨੂੰ ਕਸ਼ਟ ਭੋਗਣ 'ਤੇ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਇਸ ਕਦਰ ਦੁਖੀ ਹੋ ਚੁੱਕੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰਾ ਸਬਕ ਸਿਖਾਇਆ ਜਾਵੇਗਾ। ਇਸ ਮੌਕੇ ਰਣਜੀਤ ਸਿੰਘ ਰਾਣਾ, ਸਤਿੰਦਰ ਪੀਤਾ, ਰਵਿੰਦਰ ਸਿੰਘ, ਮਨਿੰਦਰਪਾਲ ਸਿੰਘ, ਮਲਕਿੰਦਰ ਸਿੰਘ ਸੈਣੀ ਆਦਿ ਮੌਜੂਦ ਸਨ।


Related News