ਕਾਂਗਰਸ ਨੇ 428 ''ਚੋਂ 125 ਵਾਅਦੇ ਕਰ ਦਿੱਤੇ ਨੇ ਪੂਰੇ : ਮਨਪ੍ਰੀਤ

01/15/2018 8:21:39 AM

ਸ੍ਰੀ ਮੁਕਤਸਰ ਸਾਹਿਬ  (ਪਵਨ ਤਨੇਜਾ, ਸੁਖਪਾਲ ਢਿੱਲੋਂ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਕਈ ਪ੍ਰਾਜੈਕਟਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿਚ ਜਲਾਲਾਬਾਦ ਰੋਡ 'ਤੇ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਕਰਵਾਉਣਾ ਅਤੇ ਸਟੇਡੀਅਮ ਤੇ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਨੂੰ ਅਪਗ੍ਰੇਡ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ 'ਤੇ ਮਾਘੀ ਦੇ ਪਵਿੱਤਰ ਦਿਨ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਨਹਿਰੀ ਵਿਸ਼ਰਾਮ ਘਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਮਾਘੀ ਮੌਕੇ ਅਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ ਕਰਨ ਦੇ ਮੁੱਦੇ 'ਤੇ ਗੱਲ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਧਾਰਮਿਕ ਆਯੋਜਨ ਸਿਆਸਤ ਤੋਂ ਮੁਕਤ ਹੋਣੇ ਚਾਹੀਦੇ ਹਨ। ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਸ਼ਹੀਦੀ ਜੋੜ ਮੇਲਿਆਂ 'ਤੇ ਸਿਆਸੀ ਕਾਨਫਰੰਸਾਂ ਨਾ ਕਰਨ ਦੀਆਂ ਹਦਾਇਤਾਂ ਦੀ ਪਹਿਲਾਂ ਫਤਿਹਗੜ੍ਹ ਸਾਹਿਬ ਵਿਖੇ ਅਤੇ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਨੂੰ ਵੀ ਧਾਰਮਿਕ ਮੇਲਿਆਂ ਨੂੰ ਸਿਆਸਤ ਦੇ ਅਖਾੜੇ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਸਿਆਸਤ ਕਰਨ ਲਈ ਸਿਆਸੀ ਪਾਰਟੀਆਂ ਕੋਲ ਹੋਰ ਬਹੁਤ ਮੰਚ ਹਨ।
ਇਲਾਕੇ ਦੇ ਵਿਕਾਸ ਦੀ ਗੱਲ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਹਿਰ 'ਚ ਜਲਾਲਾਬਾਦ ਰੋਡ 'ਤੇ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਲਈ ਉਹ ਤੁਰੰਤ ਫੰਡ ਜਾਰੀ ਕਰਨਗੇ ਅਤੇ ਛੇਤੀ ਹੀ ਇਸ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਥੋਂ ਦੇ ਸਟੇਡੀਅਮ, ਚਾਰ ਯਾਦਗਾਰੀ ਦਰਵਾਜ਼ਿਆਂ ਅਤੇ ਮੁਕਤ-ਏ-ਮਿਨਾਰ ਯਾਦਗਾਰ ਦੀ ਮੁਰੰਮਤ ਲਈ ਵੀ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕੀਤੇ ਜਾਣਗੇ।  
ਪੰਜਾਬ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਦੀ ਇਮਾਰਤ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਤੋਂ ਉਸ ਦੇ ਵਿੱਤੀ ਘਾਟੇ ਸਬੰਧੀ ਰਿਪੋਰਟ ਮੰਗੀ ਹੈ ਤਾਂ ਜੋ ਇਸ ਸਬੰਧੀ ਅਗਲੇ ਬਜਟ ਵਿਚ ਪ੍ਰਬੰਧ ਕੀਤਾ ਜਾ ਸਕੇ। ਵਿੱਤ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਰਕ ਅਤੇ ਕੂੜੇ ਦੇ ਨਿਪਟਾਰੇ ਲਈ ਡੰਪ ਬਣਾਉਣ ਲਈ ਫੰਡ ਮੁਹੱਈਆ ਕਰਵਾਉਣ ਦੀ ਗੱਲ ਕਰਦਿਆਂ ਕਿਹਾ ਕਿ ਕਿਸੇ ਵੀ ਵਿਕਾਸ ਪ੍ਰਾਜੈਕਟ ਲਈ ਫੰਡ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ 'ਚ 428 ਬਿੰਦੂ ਸਨ, ਜਿਨ੍ਹਾਂ 'ਚੋਂ 125 ਤੋਂ ਵੱਧ ਉਹ ਚੋਣ ਵਾਅਦੇ ਪੂਰੇ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਲਈ ਕੋਈ ਵਿੱਤੀ ਪ੍ਰਬੰਧ ਦੀ ਜ਼ਰੂਰਤ ਨਹੀਂ ਸੀ।
ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਚੌਥਾ ਬਜਟ ਵਾਧੂ ਮਾਲੀਏ ਵਾਲਾ ਬਜਟ ਹੋਵੇਗਾ। ਬੇਅਦਬੀ ਦੀਆਂ ਘਟਨਾਵਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਆਗੂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਣ ਤੋਂ ਪਹਿਲਾਂ ਹੀ ਘਬਰਾਏ ਹੋਏ ਹਨ, ਜੋ ਕਿ ਅਕਾਲੀ ਆਗੂਆਂ ਦੇ ਅੰਦਰਲੇ ਡਰ ਨੂੰ ਉਜਾਗਰ ਕਰਦਾ ਹੈ।
 


Related News