ਭ੍ਰਿਸ਼ਟਾਚਾਰ ਵਿਰੁਧ ਕਾਂਗਰਸੀ ਕੌਂਸਲਰਾਂ ਵੱਲੋਂ ਭੁੱਖ ਹੜਤਾਲ

Friday, Aug 03, 2018 - 04:12 AM (IST)

ਭ੍ਰਿਸ਼ਟਾਚਾਰ ਵਿਰੁਧ ਕਾਂਗਰਸੀ ਕੌਂਸਲਰਾਂ ਵੱਲੋਂ ਭੁੱਖ ਹੜਤਾਲ

ਪਾਇਲ(ਜ.ਬ.)-ਨਗਰ ਕੌਂਸਲ ਪਾਇਲ ਵਿਚ ਲੰਮੇ ਸਮੇਂ ਤੋਂ ਕਥਿਤ ਭ੍ਰਿਸ਼ਟਾਚਾਰ ਤੇ ਵਿਭਾਗੀ ਕਾਰਵਾਈ ’ਚ ਦੇਰੀ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਵੱਲੋਂ ਐੱਸ. ਡੀ. ਐੱਮ. ਦਫਤਰ ਪਾਇਲ ਦੇ ਸਾਹਮਣੇ ਕੌਂਸਲਰ ਤੇ ਵਿਰੋਧੀ ਧਿਰ ਦੇ ਆਗੂ ਰਮਨ ਕੁਮਾਰ ਚਾਂਦੀ ਦੀ ਅਗਵਾਈ ਵਿਚ ਇਕ ਦਿਨ ਦੀ ਭੁੱਖ-ਹੜਤਾਲ ਕੀਤੀ ਗਈ । ਇਸ ਸਮੇਂ ਇਕੱਤਰ ਹੋਏ ਕੌਂਸਲਰਾਂ ਤੇ ਹੋਰ ਸ਼ਹਿਰ ਵਾਸੀਆਂ ਵੱਲੋਂ ਲਿਖਤੀ ਤੌਰ ’ਤੇ ਇਕ ਮੰਗ-ਪੱਤਰ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤਹਿਸੀਲਦਾਰ ਪਰਮਿੰਦਰ ਸਿੰਘ ਕੁਲਾਰ ਰਾਹੀਂ ਭੇਜਿਆ ਗਿਆ। ਇਸ ਮੌਕੇ ਭੁੱਖ-ਹੜਤਾਲ ’ਤੇ ਬੈਠੇ ਕੌਂਸਲਰ ਰਮਨ ਕੁਮਾਰ ਚਾਂਦੀ ਨੇ ਦੋਸ਼ ਲਾਇਆ ਕਿ ਪਿਛਲੇ ਚਾਰ ਸਾਲਾਂ ਤੋਂ ਨਗਰ ਕੌਂਸਲ ਪਾਇਲ ਵਿਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਨੇ ਸਾਰੇ ਹੱਦਾਂ-ਬੰਨ੍ਹੇ ਤੋੜ ਦਿੱਤੇ ਹਨ । ਉਨ੍ਹਾਂ  ਕਿਹਾ ਕਿ ਇਕ ਕਲਰਕ ਦੀ ਕਥਿਤ ਤੌਰ ’ਤੇ ਗਲਤ ਨਿਯੁਕਤੀ, ਕੌਂਸਲ-ਪ੍ਰਧਾਨ ਨਾਲ ਮਿਲ ਕੇ ਉਸੇ ਕਲਰਕ ਵੱਲੋਂ ਕੌਂਸਲ ਦੀਆਂ ਜਾਇਦਾਦਾਂ ਦਾ ਨੁਕਸਾਨ ਕਰਨਾ, ਇਕ ਹੋਰ ਕਲਰਕ ਵੱਲੋਂ ਕੌਂਸਲ ਦੀ ਜਾਇਦਾਦ ਉੱਪਰ ਕਥਿਤ ਤੌਰ ’ਤੇ ਕਬਜ਼ਾ ਕਰਨ ਸਬੰਧੀ,  ਬਿਨਾ ਟੈਂਡਰ ਲਾਏ ਨਗਰ ਕੌਂਸਲ ਵੱਲੋਂ ਚਾਰਦੀਵਾਰੀ ਕਰਨ, ਬਿਨਾ ਕੰਮ ਕੀਤੇ ਗਲਤ ਅਦਾਇਗੀਆਂ ਕਰਨ, ਕੌਂਸਲ ਲਈ ਬਿਨਾ ਸਾਮਾਨ ਖਰੀਦੇ ਜਾਅਲੀ ਬਿੱਲ ਪਾਉਣੇ ਆਦਿ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕੌਂਸਲਰਾਂ ਅਨੁਸਾਰ ਮੰਗ-ਪੱਤਰ ਵਿਚ ਦੱਸਿਆ ਗਿਆ ਕਿ ਸਿੱਕਲੀਗਰ ਤੇ ਬਾਜ਼ੀਗਰ ਬਸਤੀ ਤੋਂ ਇਲਾਵਾ ਮੁੱਖ ਬਾਜ਼ਾਰ ਵਿਚ ਬਿਨਾ ਪੱਥਰ ਪਾਏ ਠੇਕੇਦਾਰ ਨੂੰ ਕਥਿਤ ਤੌਰ ’ਤੇ ਗਲਤ ਅਦਾਇਗੀ ਕੀਤੀ ਗਈ । ਕੌਂਸਲ ਦੀ ਹੱਦ ਤੋਂ ਬਾਹਰ ਪੈਂਦੇ ਇਲਾਕਿਆਂ ਵਿਚ ਗਲਤ ਢੰਗ ਨਾਲ ਕੰਮ ਕਰ ਕੇ ਨਗਰ ਕੌਂਸਲ ਨੂੰ ਚੂਨਾ ਲਾਉਣ ਤੋਂ ਇਲਾਵਾ ਨਗਰ ਕੌਂਸਲ ਕਰਮਚਾਰੀਆਂ ਨੂੰ ਡਰਾਉਣ-ਧਮਕਾਉਣ ਦੇ ਮਾਮਲੇ ਵਿਚ ਵੀ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ । ਮੰਗ-ਪੱਤਰ ਦੇਣ ਸਮੇਂ ਕਾਂਗਰਸੀ ਕੌਂਸਲਰਾਂ ਤੇ ਸ਼ਹਿਰ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਨੂੰ ਕਾਰਵਾਈ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਤੇ ਕਿਹਾ ਕਿ ਜੇਕਰ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਮਾਮਲੇ ਵਿਚ ਬਣਦੀ ਕਾਰਵਾਈ ਤੁਰੰਤ ਅਮਲ ਵਿਚ ਨਾ ਲਿਅਾਂਦੀ ਤਾਂ ਉਹ ਤੇ ਸ਼ਹਿਰ ਨਿਵਾਸੀ ਲਗਾਤਾਰ ਭੁੱਖ-ਹੜਤਾਲ ਤੇ ਮਰਨ ਵਰਤ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕੌਂਸਲਰ ਧਰਮ ਸਿੰਘ, ਹਰਜਿੰਦਰ ਸਿੰਘ, ਸਾਬਕਾ ਕੌਂਸਲਰ ਮੋਹਣ ਸਿੰਘ, ਨੰਬਰਦਾਰ ਬਜਿੰਦਰਪਾਲ ਭਾਸਕਰ, ਵਿਜੇ ਕੁਮਾਰ ਨੇਤਾ, ਰਾਜਿੰਦਰ ਸਿੰਘ, ਅਰਵਿੰਦ ਸ਼ਰਮਾ, ਸੁਖਵੀਰ ਸਿੰਘ ਸੋਨੀ ਬੈਨੀਪਾਲ, ਦਿਲਪ੍ਰੀਤ ਸਿੰਘ ਡੀ. ਪੀ., ਅਸ਼ਵਨੀ ਗੌੜ, ਅਵਤਾਰ ਸਿੰਘ ਜਰਗੜ੍ਹੀ, ਪੀ. ਕੇ. ਭਾਰਦਵਾਜ, ਮੰਗੂ ਰਾਮ, ਸੰਜੀਵ ਕੁਮਾਰ, ਪ੍ਰਧਾਨ ਰਾਜੂ ਆਦਿ ਹਾਜ਼ਰ ਸਨ ।ਇਸ ਸਬੰਧੀ ਨਗਰ ਕੌਂਸਲ ਪਾਇਲ ਦੇ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਨਾਲ ਗੱਲ ਕਰਨ  ’ਤੇ ਉਨ੍ਹਾਂ ਕਿਹਾ ਕਿ 14 ਤੋਂ ਵੱਧ ਵਾਰ ਆਰ. ਟੀ. ਆਈ. ਪਾਉਣ ਵਾਲੇ ਕਾਂਗਰਸੀ ਕੌਂਸਲਰ ਜੇਕਰ ਇਹ ਸਮਝਦੇ ਹਨ ਕਿ ਨਗਰ ਕੌਂਸਲ ਵਿਚ ਕੋਈ ਭ੍ਰਿਸ਼ਟਾਚਾਰ ਹੋਇਆ ਹੈ, ਤਾਂ ਉਹ ਤੁਰੰਤ ਜਾਂਚ ਕਰਵਾਉਣ, ਕਿਉਂਕਿ ਭੁੱਖ-ਹੜਤਾਲ ਕਰਨ ਵਾਲੇ ਤੇ ਹਲਕਾ ਵਿਧਾਇਕ ਸੱਤਾਧਾਰੀ ਪਾਰਟੀ ਕਾਂਗਰਸ ਦੇ ਹੀ ਨੁਮਇੰਦੇ ਹਨ । ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ ਕੁੱਝ ਵੀ ਸਾਹਮਣੇ ਨਹੀਂ ਆਇਆ ਤੇ ਉਹ ਅੱਗੋਂ ਵੀ ਜਾਂਚ ਲਈ ਤਿਆਰ ਹਨ ।


Related News