ਚੰਦਰਸ਼ੇਖਰਨ ਦੇ ਖੁਲਾਸੇ ਤੋਂ ਬਾਅਦ ਕਾਂਗਰਸ ਦਾ 'ਆਪ' 'ਤੇ ਹਮਲਾ, ਰਾਜ ਸਭਾ ਨਾਮਜ਼ਦਗੀਆਂ ਦੀ ਜਾਂਚ ਦੀ ਕੀਤੀ ਮੰਗ

Thursday, Nov 03, 2022 - 05:41 AM (IST)

ਚੰਦਰਸ਼ੇਖਰਨ ਦੇ ਖੁਲਾਸੇ ਤੋਂ ਬਾਅਦ ਕਾਂਗਰਸ ਦਾ 'ਆਪ' 'ਤੇ ਹਮਲਾ, ਰਾਜ ਸਭਾ ਨਾਮਜ਼ਦਗੀਆਂ ਦੀ ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਸੁਕੇਸ਼ ਚੰਦਰਸ਼ੇਖਰਨ ਵੱਲੋਂ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਵੱਲੋਂ ਰਾਜ ਸਭਾ ਨਾਮਜ਼ਦਗੀ ਲਈ 50 ਕਰੋੜ ਰੁਪਏ ਦੀ ਪੇਸ਼ਕਸ਼ ਕੀਤੇ ਜਾਣ ਦੇ ਖੁਲਾਸੇ ਦੀ ਵਿਸਥਾਰਤ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਪੰਜਾਬ ਵਿਚ ਵੀ ਰਾਜ ਸਭਾ ਦੀਆਂ ਟਿਕਟਾਂ ਵਿਕਣ ਦਾ ਇਲਜ਼ਾਮ ਪਹਿਲਾਂ ਹੀ ਲੱਗਾ ਹੋਇਆ ਸੀ।

ਸੁਕੇਸ਼ ਦੇ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਿਰਫ਼ ਇਸ ਲਈ ਕਿ ਦੋਸ਼ ਅਜਿਹੇ ਵਿਅਕਤੀ ਦੁਆਰਾ ਲਗਾਏ ਗਏ ਹਨ ਜੋ ਪਹਿਲਾਂ ਹੀ ਜਾਂਚ ਅਧੀਨ ਹੈ, ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਖਾਰਜ ਕਰ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ, ਜਿਸ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੀਆਂ ਨਾਮਜ਼ਦਗੀਆਂ ਵੀ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ‘ਆਪ’ ਵੱਲੋਂ ਸਿਆਸੀ ਤੌਰ ’ਤੇ ਅਣਜਾਣ ਵਿਅਕਤੀਆਂ ਨੂੰ ਰਾਜ ਸਭਾ ਲਈ ਨਾਮਜ਼ਦ ਕਰਨ ’ਤੇ ਵੀ ਸਵਾਲ ਖੜ੍ਹੇ ਹੋਏ ਸਨ, ਜਿਨ੍ਹਾਂ ਦੀ ਉਸ ਸਮੇਂ ਰਾਜਨੀਤੀ ਵਿਚ ਕੋਈ ਦਿਲਚਸਪੀ ਨਹੀਂ ਸੀ। ਵੜਿੰਗ ਨੇ ਕਿਹਾ ਕਿ ਹੁਣ ਤੱਕ ਘੱਟੋ-ਘੱਟ 3 ਉਮੀਦਵਾਰਾਂ ਦੀ ਚੋਣ ਅਤੇ ਨਾਮਜ਼ਦਗੀ ਸਾਰਿਆਂ ਲਈ ਹੈਰਾਨੀ ਵਾਲੀ ਗੱਲ ਸੀ, ਖਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਨੇ 'ਆਪ' ਲਈ ਆਪਣਾ ਖੂਨ-ਪਸੀਨਾ ਵਹਾਇਆ ਸੀ।

ਇਹ ਖ਼ਬਰ ਵੀ ਪੜ੍ਹੋ - ਸੁਕੇਸ਼ ਚੰਦਰਸ਼ੇਖਰ ਨੂੰ ਲੈ ਕੇ ਅਕਾਲੀ ਦਲ ਨੇ ਕੇਜਰੀਵਾਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹੁਣ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ ਅਤੇ ਜਦੋਂ ਪੰਜਾਬ ਤੋਂ ਰਾਜ ਸਭਾ ਨਾਮਜ਼ਦਗੀਆਂ ਨੂੰ ਦੇਖਿਆ ਜਾਂਦਾ ਹੈ ਤਾਂ ਸੁਕੇਸ਼ ਚੰਦਰਸ਼ੇਖਰਨ ਵੱਲੋਂ ਲਾਏ ਗਏ ਕੁੱਝ ਗੰਭੀਰ ਦੋਸ਼ਾਂ ਅਤੇ ਖੁਲਾਸਿਆਂ ਦੀ ਡੂੰਘਾਈ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ। ਇੱਥੋਂ ਤਕ ਕਿ 'ਆਪ' ਆਗੂਆਂ ਅਤੇ ਵਰਕਰਾਂ ਨੇ ਪਾਰਟੀ ਵੱਲੋਂ ਰਾਜ ਸਭਾ ਲਈ ਘੱਟੋ-ਘੱਟ ਤਿੰਨ ਨਾਮਜ਼ਦਗੀਆਂ 'ਤੇ ਸਵਾਲ ਚੁੱਕੇ ਸਨ।

ਵੜਿੰਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੁਕੇਸ਼ ਦੇ ਇਸ ਦੋਸ਼ ਨੂੰ ਖਾਰਜ ਕਰਨ 'ਤੇ ਵੀ ਚੁਟਕੀ ਲਈ ਹੈ ਕਿ ਹਿਰਾਸਤ ਦੌਰਾਨ ਕਿਸੇ ਲਈ ਵੀ ਕੁੱਝ ਵੀ ਅਖਵਾਇਆ ਜਾ ਸਕਦਾ ਹੈ।  ਇਹ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਉਨ੍ਹਾਂ ਦੀ ਸਰਕਾਰ ਪੰਜਾਬ ਵਿਚ ਹਿਰਾਸਤ ਵਿਚ ਲਏ ਲੋਕਾਂ ਤੋਂ ਬਿਆਨ ਲੈ ਕੇ ਵਿਰੋਧੀਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ।


author

Mandeep Singh

Content Editor

Related News