ਕਾਂਗਰਸ ਦੇਸ਼ ''ਚ ''ਆਪ'' ਨਾਲ ਕੋਈ ਗਠਜੋੜ ਨਹੀਂ ਕਰੇਗੀ

Sunday, Jul 08, 2018 - 06:53 AM (IST)

ਕਾਂਗਰਸ ਦੇਸ਼ ''ਚ ''ਆਪ'' ਨਾਲ ਕੋਈ ਗਠਜੋੜ ਨਹੀਂ ਕਰੇਗੀ

ਜਲੰਧਰ (ਧਵਨ) — ਕਾਂਗਰਸ ਲੋਕ ਸਭਾ ਦੀਆਂ 2019 'ਚ ਹੋਣ ਵਾਲੀਆਂ ਆਮ ਚੋਣਾਂ ਦੌਰਾਨ ਦੇਸ਼ 'ਚ ਆਮ ਆਦਮੀ ਪਾਰਟੀ (ਆਪ) ਨਾਲ ਕੋਈ ਚੋਣ ਗਠਜੋੜ ਜਾਂ ਸੀਟਾਂ ਦੀ ਐਡਜਸਟਮੈਂਟ ਨਹੀਂ ਕਰੇਗੀ। ਕਾਂਗਰਸ ਲੀਡਰਸ਼ਿਪ ਨੇ ਇਹ ਫੈਸਲਾ ਆਪਣੇ ਪੱਧਰ 'ਤੇ ਦਿੱਲੀ 'ਚ ਕਰਵਾਏ ਗਏ ਅੰਦਰੂਨੀ ਸਰਵੇ ਤੋਂ ਬਾਅਦ ਲਿਆ ਹੈ, ਜਿਸ 'ਚ ਦਿੱਲੀ 'ਚ ਕਾਂਗਰਸ ਨੂੰ 7 'ਚੋਂ 4 ਸੀਟਾਂ 'ਤੇ ਜਿੱਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ।ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਆਮ ਆਦਮੀ ਪਾਰਟੀ ਨਾਲ ਕੋਈ ਗਠਜੋੜ ਨਾ ਕਰਨ ਦਾ ਪਿਛਲੇ ਦਿਨੀਂ ਬਿਆਨ ਦਿੱਤਾ ਸੀ। ਇਸ ਤਰ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 'ਆਪ' ਨਾਲ ਕੋਈ ਚੋਣ ਤਾਲਮੇਲ ਨਾ ਕਰਨ ਦੀ ਗੱਲ ਕਹੀ ਸੀ। ਕੈਪਟਨ ਦਾ ਮੰਨਣਾ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਾਸ਼ੀਏ 'ਤੇ ਚਲੀ ਗਈ ਹੈ, ਇਸ ਲਈ ਉਸ ਨਾਲ ਗਠਜੋੜ ਕਰਨ ਦਾ ਕੋਈ ਲਾਭ ਨਹੀਂ। ਇਸ ਸਮੇਂ ਪੰਜਾਬ 'ਚ ਕਾਂਗਰਸ ਆਪਣੇ ਦਮ 'ਤੇ ਮਜ਼ਬੂਤ ਸਥਿਤੀ 'ਚ ਹੈ।
ਦਿੱਲੀ 'ਚ ਕਾਂਗਰਸ ਦੇ ਇੰਚਾਰਜ ਪੀ. ਸੀ. ਚਾਕੋ ਨੇ ਬਿਆਨ ਦਿੱਤਾ ਹੈ ਕਿ ਦਿੱਲੀ 'ਚ ਕਾਂਗਰਸ ਜੇ ਆਮ ਆਦਮੀ ਪਾਰਟੀ ਨਾਲ ਕੋਈ ਤਾਲਮੇਲ ਕਰਦੀ ਹੈ ਤਾਂ ਇਸ ਨਾਲ ਕਾਂਗਰਸ ਦੀ ਹੀ ਚੋਣ ਸੰਭਾਵਨਾ ਨੂੰ ਠੇਸ ਪਹੁੰਚੇਗੀ ਕਿਉਂਕਿ ਦਿੱਲੀ 'ਚ ਕਾਂਗਰਸ ਉੱਭਰਦੀ ਹੋਈ ਦਿਖਾਈ ਦੇ ਰਹੀ ਹੈ। ਅਜਿਹੇ ਹੀ ਵਿਚਾਰ ਦਿੱਲੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮਾਕਨ ਨੇ ਵੀ ਰੱਖੇ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਾਂਗਰਸ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ ਕਿਉਂਕਿ ਕੇਜਰੀਵਾਲ ਨੇ ਪਿਛਲੇ ਦਿਨੀਂ ਇਹ ਬਿਆਨ ਦਿੱਤਾ ਸੀ ਕਿ ਜੇਕਰ ਮੋਦੀ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਦਿੰਦੇ ਹਨ ਤਾਂ ਉਸ ਸਥਿਤੀ 'ਚ ਆਮ ਆਦਮੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ 'ਚ ਮੋਦੀ ਦਾ ਸਮਰਥਨ ਕਰ ਸਕਦੀ ਹੈ।
ਦਿੱਲੀ 'ਚ ਹੁਣ ਕਾਂਗਰਸ ਆਮ ਆਦਮੀ ਪਾਰਟੀ ਤੋਂ ਦੂਰੀ ਬਣਾ ਕੇ ਚੱਲ ਰਹੀ ਹੈ। ਕਾਂਗਰਸ ਲੀਡਰਸ਼ਿਪ ਦਾ ਇਹ ਮੰਨਣਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਦਿੱਲੀ 'ਚ ਮੁੱਖ ਟੱਕਰ ਕਾਂਗਰਸ ਅਤੇ ਭਾਜਪਾ ਵਿਚਕਾਰ ਹੋਣੀ ਹੈ। ਦਿੱਲੀ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਨੇ ਇਥੋਂ ਤਕ ਕਹਿ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਅਸਲ ਚ ਆਰ. ਐੱਸ. ਐੱਸ. ਅਤੇ ਭਾਜਪਾ ਦੀ ਉਪਜ ਹੈ। ਉਸ ਨੂੰ ਇਸ ਲਈ ਉਭਾਰਿਆ ਗਿਆ ਸੀ, ਤਾਂ ਕਿ ਕਾਂਗਰਸ ਨੂੰ ਹੇਠਾਂ ਡੇਗਿਆ ਜਾ ਸਕੇ।


Related News