ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਦਲਬੀਰ ਗੋਲਡੀ ਨੂੰ ਐਲਾਨਿਆ ਉਮੀਦਵਾਰ
Sunday, Jun 05, 2022 - 05:52 PM (IST)
ਚੰਡੀਗੜ੍ਹ/ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਦਿੱਤੇ ਅਸਤੀਫੇ ਤੋਂ ਬਾਅਦ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਉਥੇ ਹੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੂੰ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਹੈ। ਜਿਉਂ ਹੀ ਦਲਵੀਰ ਸਿੰਘ ਗੋਲਡੀ ਦਾ ਹਾਈਕਮਾਂਡ ਵੱਲੋਂ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਦਲਵੀਰ ਗੋਲਡੀ ਦੀਆਂ ਪੋਸਟਾਂ ਪਾ ਕੇ ਉਨ੍ਹਾਂ ਦੀ ਜਿੱਤ ਦੇ ਦਾਅਵੇ ਠੋਕੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਅੰਮ੍ਰਿਤਸਰ ਸਣੇ 4 ਜ਼ਿਲ੍ਹਿਆਂ ’ਚ ਧਾਰਾ-144 ਲਾਗੂ
ਜਾਣਕਾਰੀ ਅਨੁਸਾਰ 6 ਜੂਨ ਨੂੰ ਦਲਵੀਰ ਸਿੰਘ ਗੋਲਡੀ ਵੱਲੋਂ ਸੰਗਰੂਰ ਵਿਖੇ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਆਪਣੇ ਹਮਾਇਤੀਆਂ ਨਾਲ ਜਾ ਕੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ। ਗੋਲਡੀ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ 'ਤੇ ਵਿਸ਼ਵਾਸ ਕਰਕੇ ਲੋਕ ਸਭਾ ਹਲਕਾ ਸੰਗਰੂਰ ਲਈ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤਿੰਨ ਮਹੀਨਿਆਂ ਦੀ 'ਆਪ' ਸਰਕਾਰ ਤੋਂ ਬੇਹੱਦ ਦੁਖੀ ਹਨ, ਇਸ ਕਰਕੇ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।
ਇਹ ਵੀ ਪੜ੍ਹੋ : ਕੇਂਦਰ ਤੇ ਸੂਬਾ ਸਰਕਾਰ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਬਰਨ ਦਿੱਤੀ ਜ਼ੈੱਡ ਸੁਰੱਖਿਆ
ਜ਼ਿਕਰਯੋਗ ਹੈ ਕਿ ਦਲਬੀਰ ਗੋਲਡੀ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ 2022 ਵਿਧਾਨ ਸਭਾ ਚੋਣਾਂ ’ਚ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਤੇ ਹਾਰ ਗਏ ਸਨ। ਇਸ ਤਰ੍ਹਾਂ ਭਗਵੰਤ ਮਾਨ ਦੇ ਵਿਧਾਨ ਸਭਾ ’ਚ ਜਾਣ ਨਾਲ ਸੰਗਰੂਰ ਲੋਕ ਸਭਾ ਦੀ ਸੀਟ ਖਾਲੀ ਹੋ ਗਈ ਸੀ, ਜਿਸ ਲਈ ਹੁਣ 23 ਜੂਨ ਨੂੰ ਵੋਟਾਂ ਪੈਣਗੀਆਂ।