ਕਾਂਗਰਸ 'ਚ ਟਿਕਟ ਲਈ 'ਕਤਾਰ', ਅਕਾਲੀ ਦਲ ਨੂੰ ਚਿਹਰਿਆਂ ਦੀ 'ਦਰਕਾਰ'

02/10/2019 5:16:30 PM

ਜਲੰਧਰ (ਨਰੇਸ਼) - ਆਜ਼ਾਦੀ ਮਗਰੋਂ ਕਾਂਗਰਸ ਦਾ ਗੜ੍ਹ ਰਹੀ ਜਲੰਧਰ ਲੋਕ ਸਭਾ ਸੀਟ 'ਤੇ ਆ ਰਹੀਆਂ ਲੋਕ ਸਭਾ ਚੋਣਾਂ ਲਈ ਕਿਸਮਤ ਅਜ਼ਮਾਉਣ ਲਈ ਕਾਂਗਰਸ ਵਲੋਂ ਉਮੀਦਵਾਰਾਂ ਦੀ ਕਤਾਰ ਲੱਗ ਗਈ ਹੈ ਜਦਕਿ ਅਕਾਲੀ ਦਲ ਨੂੰ ਇਸ ਸੀਟ 'ਤੇ ਕਿਸੇ ਅਜਿਹੇ ਚਿਹਰੇ ਦੀ 'ਦਰਕਾਰ' ਹੈ ਜੋ ਪਿਛਲੇ 15 ਸਾਲਾਂ ਤੋਂ ਜਲੰਧਰ 'ਚ ਚੱਲ ਰਹੇ ਪਾਰਟੀ ਦੇ ਸੋਕੇ ਨੂੰ ਸਾਵਣ 'ਚ ਬਦਲ ਸਕੇ। ਕਾਂਗਰਸ ਵਲੋਂ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਇਲਾਵਾ ਜਲੰਧਰ ਵੈਸਟ ਹਲਕੇ ਤੋਂ ਵਿਧਾਇਕ ਸੁਸ਼ੀਲ ਰਿੰਕੂ, ਮਹਿੰਦਰ ਸਿੰਘ ਕੇ. ਪੀ. ਅਤੇ ਸਰਵਣ ਸਿੰਘ ਫਿਲੌਰ ਦੇ ਨਾਲ-ਨਾਲ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਕਿੱਟੂ ਗਰੇਵਾਲ, ਕੌਂਸਲਰ ਪਵਨ ਕੁਮਾਰ ਤੇ ਅਮਰੀਕ ਬਰਗਾੜੀ ਨੇ ਦਾਅਵਾ ਕੀਤਾ। ਦੂਜੇ ਪਾਸੇ ਅਕਾਲੀ ਦਲ ਵਲੋਂ ਕੋਈ ਵੀ ਗਲਤ ਆਗੂ ਇਸ ਸੀਟ 'ਤੇ ਚੋਣ ਲੜਨ ਲਈ ਤਿਆਰ ਨਜ਼ਰ ਨਹੀਂ ਆ ਰਿਹਾ।

ਪਾਰਟੀ ਜਲੰਧਰ ਲੋਕ ਸਭਾ ਹਲਕੇ ਅਧੀਨ ਆਉਂਦੀਆਂ ਵਿਧਾਨ ਸਭਾ ਸੀਟਾਂ 'ਚੋਂ ਕਿਸੇ ਇਕ ਵਿਧਾਇਕ ਨੂੰ ਚੋਣ ਲੜਾਉਣ ਦੀ ਯੋਜਨਾ ਬਣਾ ਰਹੀ ਹੈ ਪਰ ਪਾਰਟੀ ਦਾ ਕੋਈ ਵੀ ਵਿਧਾਇਕ ਇਹ ਜੋਖਮ ਲੈਣਾ ਨਹੀਂ ਚਾਹੁੰਦਾ। ਅਕਾਲੀ ਦਲ ਦੀ ਯੋਜਨਾ ਆਦਮਪੁਰ ਤੋਂ ਵਿਧਾਇਕ ਪਵਨ ਟੀਨੂੰ ਦੇ ਇਲਾਵਾ ਫਿਲੌਰ ਤੋਂ ਵਿਧਾਇਕ ਬਲਦੇਵ ਖਹਿਰਾ, ਬੰਗਾ ਦੇ ਵਿਧਾਇਕ ਸੁਖਵਿੰਦਰ ਸਿੰਘ ਨੂੰ ਮੈਦਾਨ 'ਚ ਉਤਾਰਨ ਦੀ ਸੀ ਪਰ ਫਿਲਹਾਲ ਤਿੰਨਾਂ 'ਚੋਂ ਕਿਸੇ ਵੀ ਵਿਧਾਇਕ ਨੇ ਚੋਣ ਲੜਨ ਦੀ ਸਹਿਮਤੀ ਨਹੀਂ ਦਿੱਤੀ। ਉਨ੍ਹਾਂ ਦੇ ਇਲਾਵਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਉਨ੍ਹਾਂ ਦੇ ਪੁੱਤਰ ਇੰਦਰ ਇਕਬਾਲ ਸਿੰਘ ਦੇ ਇਲਾਵਾ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਦਾ ਨਾਂ ਵੀ ਚਰਚਾ 'ਚ ਹੈ। ਅਕਾਲੀ ਦਲ ਨੇ 2004 'ਚ ਇਸ ਸੀਟ 'ਤੇ ਸਾਬਕਾ ਪ੍ਰਧਾਨ ਮੰਤਰੀ ਆਈ. ਕੇ. ਗੁਜਰਾਲ ਦੇ ਪੁੱਤਰ ਨਰੇਸ਼ ਗੁਜਰਾਲ ਨੂੰ ਮੈਦਾਨ 'ਚ ਉਤਾਰਿਆ ਸੀ ਅਤੇ ਉਨ੍ਹਾਂ ਮਗਰੋਂ 2009 'ਚ ਸੂਫੀ ਗਾਇਕ ਹੰਸਰਾਜ ਹੰਸ ਅਤੇ 2014 'ਚ ਦਲਿਤ ਆਗੂ ਪਵਨ ਕੁਮਾਰ ਟੀਨੂੰ ਪਾਰਟੀ ਦੇ ਉਮੀਦਵਾਰ ਸਨ ਪਰ ਇਹ ਤਿੰਨੇ ਉਮੀਦਵਾਰ ਚੋਣ ਹਾਰ ਗਏ ਸਨ। 

ਵਿਧਾਨ ਸਭਾ ਚੋਣਾਂ 'ਚ ਮਜ਼ਬੂਤ ਹੋਈ ਕਾਂਗਰਸ
ਜਲੰਧਰ ਸੀਟ 'ਤੇ 2014 ਤੋਂ ਕਾਂਗਰਸ ਦਾ ਸੰਸਦ ਮੈਂਬਰ ਹੈ। ਇਸ ਦੇ ਬਾਵਜੂਦ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਇਸ ਸੀਟ ਦੇ ਤਹਿਤ ਆਉਂਦੀਆਂ ਸ਼ਹਿਰੀ ਸੀਟਾਂ 'ਤੇ ਮਜ਼ਬੂਤੀ ਹਾਸਲ ਕੀਤੀ ਹੈ। ਕਾਂਗਰਸ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ (ਵੈਸਟ), ਜਲੰਧਰ (ਸੈਂਟਰਲ), ਜਲੰਧਰ (ਕੈਂਟ) ਅਤੇ ਕਰਤਾਰਪੁਰ ਦੀਆਂ ਸੀਟਾਂ 'ਤੇ ਜੇਤੂ ਰਹੀ ਜਦਕਿ ਅਕਾਲੀ ਦਲ ਨੇ ਫਿਲੌਰ, ਨਕੋਦਰ, ਸ਼ਾਹਕੋਟ ਤੇ ਆਦਮਪੁਰ ਦੀਆਂ ਸੀਟਾਂ 'ਤੇ ਕਬਜ਼ਾ ਕੀਤਾ। ਕਾਂਗਰਸ ਨੂੰ ਇਸ ਲੋਕ ਸਭਾ ਸੀਟ ਦੇ ਤਹਿਤ ਆਉਂਦੀਆਂ 9 ਵਿਧਾਨ ਸਭਾ ਸੀਟਾਂ 'ਤੇ 4,38,324 ਵੋਟਾਂ ਹਾਸਲ ਹੋਈਆਂ ਜਦਕਿ ਅਕਾਲੀ ਦਲ ਨੂੰ 3,66,169 ਵੋਟਾਂ ਹਾਸਲ ਹੋਈਆਂ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਥਿਤੀ ਜਲੰਧਰ ਵਿਚ ਕਮਜ਼ੋਰ ਹੋਈ ਹੈ। ਇਸ ਪਾਰਟੀ ਨੂੰ 2017 ਵਿਚ 2014 ਦੇ ਮੁਕਾਬਲੇ 14,347 ਵੋਟਾਂ ਦਾ ਨੁਕਸਾਨ ਹੋਇਆ। ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ 2,54,121 ਵੋਟਾਂ ਹਾਸਲ ਹੋਈਆਂ ਸਨ ਜੋ 2017 ਵਿਚ ਘਟ ਕੇ 2,39,774 ਵੋਟਾਂ ਰਹਿ ਗਈਆਂ। 

ਜਲੰਧਰ 'ਚ ਨਹੀਂ ਸਥਾਪਤ ਕਰਵਾ ਸਕੇ ਏਮਜ਼, ਆਦਮਪੁਰ ਤੋਂ ਉਡਾਣਾਂ ਸ਼ੁਰੂ ਹੋਣ 'ਤੇ ਠੋਕਿਆ ਦਾਅਵਾ
ਪਿਛਲੇ 5 ਸਾਲਾਂ ਤੋਂ ਬਤੌਰ ਸੰਸਦ ਮੈਂਬਰ ਲੋਕ ਸਭਾ ਵਿਚ ਜਲੰਧਰ ਦੀ ਆਵਾਜ਼ ਰਹੇ ਚੌਧਰੀ ਸੰਤੋਖ ਸਿੰਘ ਆਪਣੇ ਕਾਰਜ ਕਾਲ ਦੌਰਾਨ ਜਲੰਧਰ ਵਿਚ ਕੋਈ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ। ਹਾਲਾਂਕਿ ਜਗ ਬਾਣੀ ਨੇ ਜਦੋਂ ਉਨ੍ਹਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ  ਨੇ ਏਅਰਪੋਰਟ ਤੋਂ ਸਿਵਲ ਉਡਾਣਾਂ ਸ਼ੁਰੂ ਹੋਣ ਦਾ ਕਰੈਡਿਟ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਹੀ ਸੰਸਦ ਵਿਚ ਆਦਮਪੁਰ ਏਅਰ ਬੇਸ ਤੋਂ  ਸਿਵਲ ਉਡਾਣਾਂ ਸ਼ੁਰੂ ਕਰਨ  ਦਾ ਸਵਾਲ ਉਠਾਇਆ ਸੀ। ਜਗ ਬਾਣੀ ਨੇ ਚੌਧਰੀ ਦੇ ਇਸ ਦਾਅਵੇ ਦੀ ਜਦੋਂ ਸੰਸਦ ਮੈਂਬਰ ਦੀ ਵੈੱਬਸਾਈਟ ਤੋਂ ਜਾਂਚ ਕੀਤੀ ਤਾਂ ਚੌਧਰੀ ਵਲੋਂ ਉਠਾਏ ਗਏ ਸਵਾਲ 'ਚ ਲਿਖਿਆ ਗਿਆ ਸੀ ਕਿ ਕੀ ਸਰਕਾਰ ਦੀ ਆਦਮਪੁਰ ਏਅਰਪੋਰਟ ਤੋਂ ਸਿਵਲ ਉਡਾਣਾਂ ਸ਼ੁਰੂ ਕਰਨ ਦੀ ਕੋਈ ਯੋਜਨਾ ਹੈ? ਜੇਕਰ ਅਜਿਹਾ ਨਹੀਂ ਤਾਂ ਇਸ ਦਾ ਕਾਰਨ ਦੱਸਿਆ ਜਾਵੇ। ਇਸ ਦੇ ਬਾਅਦ ਚੌਧਰੀ ਨੇ ਏਅਰਪੋਰਟ ਦੇ ਨਾਂ ਨੂੰ ਲੈ ਕੇ ਵੀ ਸੰਸਦ ਵਿਚ ਸਵਾਲ ਉਠਾਇਆ ਸੀ। ਦੂਜੇ ਪਾਸੇ ਭਾਜਪਾ ਲਗਾਤਾਰ ਇਸ ਮੁੱਦੇ 'ਤੇ ਕਰੈਡਿਟ ਲੈਂਦੀ ਰਹੀ ਹੈ ਅਤੇ ਆਦਮਪੁਰ ਏਅਰਪੋਰਟ ਦੇ ਉਦਘਾਟਨ ਸਮਾਰੋਹ ਵਿਚ ਭਾਜਪਾ ਨੇ ਇਸ ਦਾ ਪੂਰਾ ਕਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਚੌਧਰੀ ਸੰਤੋਖ ਸਿੰਘ ਨੇ ਜਲੰਧਰ ਵਿਚ ਏਮਜ਼ ਦੀ ਸਥਾਪਨਾ ਨੂੰ ਲੈ ਕੇ ਹੋਈ ਬਹਿਸ ਵਿਚ ਵੀ ਹਿੱਸਾ ਲਿਆ ਪਰ ਉਸ ਦਾ ਹਾਂ-ਪੱਖੀ ਨਤੀਜਾ ਨਹੀਂ ਨਿਕਲਿਆ  ਅਤੇ ਚੌਧਰੀ ਜਲੰਧਰ ਨੂੰ ਏਮਜ਼ ਨਹੀਂ ਦਿਵਾ ਸਕੇ। 

ਕਾਂਗਰਸ ਜਲੰਧਰ ਸੀਟ ਦੇ ਚਿਹਰੇ ਨੂੰ ਰਿਪੀਟ ਨਹੀਂ ਕਰਦੀ ਅਤੇ ਹਰ ਵਾਰ ਇਸ ਸੀਟ 'ਤੇ ਨਵਾਂ ਚਿਹਰਾ ਹੀ ਕਾਂਗਰਸ ਦੀ ਜਿੱਤ ਦਾ ਫਾਰਮੂਲਾ ਹੈ। ਸਾਬਕਾ ਸੰਸਦ ਮੈਂਬਰ ਉਮਰਾਓ ਸਿੰਘ ਦੇ ਅਪਵਾਦ ਨੂੰ ਛੱਡ ਦੇਈਏ ਤਾਂ ਕਾਂਗਰਸ 1999 ਮਗਰੋਂ ਲਗਾਤਾਰ ਇਸ ਸੀਟ 'ਤੇ ਉਮੀਦਵਾਰ ਬਦਲਦੀ ਆਈ ਹੈ। ਕਾਂਗਰਸ ਨੇ 1999 ਵਿਚ ਬਲਬੀਰ ਸਿੰਘ, 2004 ਵਿਚ ਰਾਣਾ ਗੁਰਜੀਤ ਸਿੰਘ ਅਤੇ 2009 ਵਿਚ ਮਹਿੰਦਰ ਸਿੰਘ ਕੇ. ਪੀ. ਅਤੇ 2014 ਵਿਚ ਵੀ ਉਨ੍ਹਾਂ ਨੂੰ ਹੀ ਮੈਦਾਨ ਵਿਚ ਉਤਾਰਿਆ। ਇਹ ਚਾਰੋਂ ਉਮੀਦਵਾਰ ਜੇਤੂ ਰਹੇ। ਇਸ ਲਈ ਇਸ ਵਾਰ ਵੀ ਪਾਰਟੀ ਦੀ ਇਸੇ ਰਣਨੀਤੀ 'ਤੇ ਨਜ਼ਰ ਟਿਕੀ ਹੋਈ ਹੈ, ਹਾਲਾਂਕਿ ਮੌਜੂਦਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਇਸ ਸੀਟ 'ਤੇ ਦਾਅਵਾ ਕੀਤਾ ਹੈ ਪਰ ਪਾਰਟੀ ਸੀਟ 'ਤੇ ਕੀ ਫੈਸਲਾ ਲੈਂਦੀ ਹੈ, ਇਹ ਫਿਲਹਾਲ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ। 

13 ਵਾਰ ਜਿੱਤ ਚੁੱਕੀ ਹੈ ਕਾਂਗਰਸ
ਇਸ ਸੀਟ 'ਤੇ ਆਜ਼ਾਦੀ ਦੇ ਮਗਰੋਂ ਹੀ ਕਾਂਗਰਸ ਦਾ ਅਸਰ ਰਿਹਾ ਹੈ ਅਤੇ ਕਾਂਗਰਸ ਨੇ ਇਸ ਸੀਟ ''ਤੇ 13 ਵਾਰ ਜਿੱਤ ਦਰਜ ਕੀਤੀ ਹੈ ਜਦਕਿ ਦੋ ਵਾਰ ਅਕਾਲੀ ਦਲ ਅਤੇ ਦੋ ਵਾਰ ਜਨਤਾ ਦਲ ਦਾ ਉਮੀਦਵਾਰ ਇਸ ਸੀਟ 'ਤੇ ਜੇਤੂ ਰਿਹਾ। 

ਸਾਲ ਜੇਤੂ ਪਾਰਟੀ
1952 ਅਮਰਨਾਥ੍ਰ ਕਾਂਗਰਸ
1957 ਸਵਰਨ ਸਿੰਘ ਕਾਂਗਰਸ
1962 ਸਵਰਨ ਸਿੰਘ ਕਾਂਗਰਸ
1967 ਸਵਰਨ ਸਿੰਘ ਕਾਂਗਰਸ
1971 ਸਵਰਨ ਸਿੰਘ ਕਾਂਗਰਸ
1977 ਇਕਬਾਲ ਸਿੰਘ ਢਿੱਲੋਂ  ਸ਼੍ਰੋਅਦ
1980 ਰਜਿੰਦਰ ਸਿੰਘ ਸਪੈਰੋ  ਕਾਂਗਰਸ
1985 ਰਜਿੰਦਰ ਸਿੰਘ ਸਪੈਰੋ  ਕਾਂਗਰਸ
1989 ਆਈ. ਕੇ. ਗੁਜਰਾਲ ਜਨਤਾ ਦਲ
1992 ਯਸ਼  ਕਾਂਗਰਸ
1993 (ਉੱਪ ਚੋਣ) ਉਮਰਾਵ ਸਿੰਘ ਕਾਂਗਰਸ
1996 ਦਰਬਾਰਾ ਸਿੰਘ ਸ਼੍ਰੋਅਦ
1998 ਆਈ. ਕੇ. ਗੁਜਰਾਲ ਜਨਤਾ ਦਲ
1999 ਬਲਬੀਰ ਸਿੰਘ ਕਾਂਗਰਸ
2004 ਰਾਣਾ ਗੁਰਜੀਤ ਸਿੰਘ ਕਾਂਗਰਸ
2009 ਮਹਿੰਦਰ ਸਿੰਘ ਕੇ. ਪੀ. ਕਾਂਗਰਸ
2014 ਚੌ. ਸੰਤੋਖ ਸਿੰਘ ਕਾਂਗਰਸ

rajwinder kaur

Content Editor

Related News