ਕਾਂਗਰਸ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਕਰ ਰਹੀ ਡਰਾਮੇ : ਰੱਖੜਾ
Tuesday, Dec 31, 2019 - 06:18 PM (IST)
ਨਾਭਾ (ਜਗਨਾਰ/ਭੂਪਾ) : ਪੰਜਾਬ ਦੀ ਜਨਤਾ ਨਾਲ ਅਨੇਕਾਂ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਨੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ, ਸਗੋਂ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਵੀ ਬੰਦ ਕਰ ਦਿੱਤਾ ਹੈ, ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜੋ ਲੁਧਿਆਣਾ ਵਿਖੇ ਕਾਂਗਰਸ ਪਾਰਟੀ ਨੇ ਸੰਵਿਧਾਨ ਬਚਾਓ ਰੈਲੀ ਕੀਤੀ ਹੈ, ਉਹ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਡਰਾਮੇਬਾਜ਼ੀ ਹੈ ਕਿਉਂਕਿ ਜੋ ਸੂਬੇ ਦੀ ਕਾਂਗਰਸ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਰੱਖੜਾ ਨੇ ਕਿਹਾ ਕਿ ਅੱਜ ਸੂਬੇ ਦੇ ਲੋਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਨੂੰ ਯਾਦ ਕਰ ਰਹੇ ਹਨ ਕਿਉਂਕਿ ਬਾਦਲ ਲੋਕਾਂ ਦੇ ਦੁੱਖ ਦਰਦ ਨੂੰ ਬਹੁਤ ਨੇੜਿਓਂ ਹੋ ਕੇ ਸੁਣਦੇ ਸਨ ਅਤੇ ਉਸਦਾ ਹੱਲ ਕਰਦੇ ਸਨ।
ਵਿੱਤ ਮੰਤਰੀ ਪੰਜਾਬ ਵੱਲੋਂ ਦਿੱਤੇ ਖਾਲੀ ਖਜ਼ਾਨੇ ਦੇ ਬਿਆਨ 'ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਤ ਮੰਤਰੀ ਨੇ ਕਦੇ ਵੀ ਖਜ਼ਾਨਾ ਭਰੇ ਹੋਣ ਦੀ ਗੱਲ ਨਹੀਂ ਕੀਤੀ, ਭਾਵੇਂ ਉਹ ਅਕਾਲੀ ਦਲ ਵਿਚ ਵਿੱਤ ਮੰਤਰੀ ਰਹੇ ਹੋਣ, ਭਾਵੇਂ ਮੌਜੂਦ ਕਾਂਗਰਸ ਪਾਰਟੀ ਵਿਚ। ਇਸ ਮੌਕੇ ਸੀਨੀ. ਅਕਾਲੀ ਆਗੂ ਹਰੀ ਸਿੰਘ ਪ੍ਰੀਤ ਗਰੁੱਪ, ਹਲਕਾ ਇੰਚ. ਬਾਬੂ ਕਬੀਰ ਦਾਸ, ਐਡਵੋ. ਜਗਦੀਸ਼ ਲਾਲਕਾ, ਸਾ. ਚੇਅਰਮੈਨ ਧਰਮ ਸਿੰਘ ਧਾਰੋਂਕੀ, ਜਗਜੀਤ ਸਿੰਘ ਖੋਖ, ਸਾ. ਪ੍ਰਧਾਨ ਜਸਪਾਲ ਸਿੰਘ ਆਦਿ ਮੌਜੂਦ ਸਨ।