ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਖਿਲਾਫ ਕਾਂਗਰਸ ਦੀ ਵੱਡੀ ਕਾਰਵਾਈ, ਮੰਗਿਆ ਅਸਤੀਫਾ
Monday, Apr 29, 2019 - 06:46 PM (IST)
ਨਵੀਂ ਦਿੱਲੀ/ਚੰਡੀਗੜ੍ਹ (ਭੁੱਲਰ) : ਫਤਿਹਗੜ੍ਹ ਸਾਹਿਬ ਦੀ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਬਾਗੀ ਹੋਏ ਰਾਜ ਸਭਾ ਮੈਂਬਰ ਤੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੂਲੋ ਤੋਂ ਕਾਂਗਰਸ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਰਾਜ ਸਭਾ ਮੈਂਬਰੀ ਤੋਂ ਅਸਤੀਫਾ ਦੇਣ ਲਈ ਕਿਹਾ ਹੈ। ਪੰਜਾਬ ਕਾਂਗਰਸ ਚੋਣ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਹੁਕਮ ਦਿੰਦਿਆਂ ਦੂਲੋ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਲਾਂਭੇ ਹੋਣ ਲਈ ਕਿਹਾ ਹੈ। ਦਰਅਸਲ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਅਤੇ ਸਾਬਕਾ ਵਿਧਾਇਕ ਹਰਬੰਸ ਕੌਰ ਦੂਲੋ ਅਤੇ ਪੁੱਤਰ ਬਨਦੀਪ ਸਿੰਘ ਦੂਲੋ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਕਾਂਗਰਸ ਹਾਈਕਮਾਨ ਖਫਾ ਸੀ ਅਤੇ ਸ਼ਮਸ਼ੇਰ ਸਿੰਘ ਦੂਲੋ ਖੁਦ ਵੀ ਕਈ ਵਾਰ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਬਿਆਨ ਦੇ ਚੁੱਕੇ ਸਨ, ਜਿਸ ਦੇ ਚੱਲਦੇ ਦੂਲੋ ਖਿਲਾਫ ਪਾਰਟੀ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਦੂਲੋ ਦੀ ਪਤਨੀ ਹਰਬੰਸ ਕੌਲ ਦੂਲੋ ਨੂੰ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਸੀ, ਚਰਚਾ ਹੈ ਕਿ ਹੁਣ ਹਰਬੰਸ ਕੌਰ ਦੀ ਜਗ੍ਹਾ ਉਨ੍ਹਾਂ ਦੇ ਪੁੱਤਰ ਬਨਦੀਪ ਦੂਲੋ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਸਕਦੇ ਹਨ।
ਬਾਗੀਆਂ ਖਿਲਾਫ ਕਾਂਗਰਸ ਹਾਈਕਮਾਨ ਦੀ ਇਹ ਦੂਜੀ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਨਾ ਮਿਲਣ ਨਾਰਾਜ਼ ਚੱਲ ਰਹੇ ਸੀਨੀਅਰ ਆਗੂ ਤੇ ਪਾਰਟੀ ਬੁਲਾਰੇ ਗੁਰਵਿੰਦਰ ਸਿੰਘ ਬਾਲੀ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ 6 ਸਾਲਾਂ ਲਈ ਪਾਰਟੀ 'ਚੋਂ ਕੱਢ ਦਿੱਤਾ ਸੀ।