ਕਾਂਗਰਸ ''ਚ ਬਗਾਵਤ ਜ਼ੋਰਾਂ ''ਤੇ, ਵਧਣ ਲੱਗੀ ਕੈਪਟਨ ਤੋਂ ਰੁੱਸੇ ਵਿਧਾਇਕਾਂ ਦੀ ਗਿਣਤੀ

11/26/2019 6:59:01 PM

ਚੰਡੀਗੜ੍ਹ (ਭੁੱਲਰ) : ਕੈਪਟਨ ਸਰਕਾਰ ਦਾ ਤਿੰਨ ਸਾਲ ਦਾ ਕਾਰਜਕਾਲ ਵੀ ਅਜੇ ਪੂਰਾ ਨਹੀਂ ਹੋਇਆ ਪਰ ਇਸ ਸਰਕਾਰ ਤੋਂ ਅਸੰਤੁਸ਼ਟ ਕਾਂਗਰਸ ਵਿਧਾਇਕਾਂ ਦੀ ਗਿਣਤੀ ਵੱਧ ਰਹੀ ਹੈ। ਇਸ ਸਥਿਤੀ ਤੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਚਿੰਤਤ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਿਧਾਇਕਾਂ ਦੇ ਗਿਲੇ ਸ਼ਿਕਵੇ ਦੂਰ ਕਰਵਾਉਣ ਲਈ ਉਨ੍ਹਾਂ ਦੇ ਮਸਲੇ ਮੁੱਖ ਮੰਤਰੀ ਦੇ ਵਿਦੇਸ਼ ਤੋਂ ਪਰਤਦਿਆਂ ਹੀ ਸਾਹਮਣੇ ਰੱਖਣਗੇ। ਭਾਵੇਂ ਪਿਛਲੇ ਸਮੇਂ ਦੌਰਾਨ ਕਿਸੇ ਨਾ ਕਿਸੇ ਰੂਪ 'ਚ ਇਕ ਦਰਜਨ ਤੋਂ ਵੱਧ ਵਿਧਾਇਕ ਸਰਕਾਰ ਦੀ ਕਾਰਜਸ਼ੈਲੀ ਨੂੰ ਲੈ ਕੇ ਆਪਣੀ ਨਾਰਾਜ਼ਗੀ ਖੁੱਲ੍ਹੇਆਮ ਪ੍ਰਗਟ ਕਰ ਚੁੱਕੇ ਹਨ ਪਰ ਹਾਲ ਹੀ ਵਿਚ ਮੁੱਖ ਮੰਤਰੀ ਦੇ ਜ਼ਿਲੇ ਪਟਿਆਲਾ 'ਚ ਕਾਂਗਰਸੀ ਵਿਧਾਇਕਾਂ ਦੇ ਬਗਾਵਤੀ ਬੋਲ ਜਨਤਕ ਹੋਏ ਹਨ। ਇਸ ਜ਼ਿਲੇ ਦੇ 4 ਵਿਧਾਇਕਾਂ ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ, ਰਾਜਿੰਦਰ ਸਿੰਘ ਸਮਾਣਾ ਅਤੇ ਨਿਰਮਲ ਸਿੰਘ ਸ਼ੁਤਰਾਣਾ ਅਫ਼ਸਰਸ਼ਾਹੀ ਵਲੋਂ ਉਨ੍ਹਾਂ ਦੀ ਸੁਣਵਾਈ ਨਾ ਕਰਨ ਦੇ ਮਾਮਲਿਆਂ 'ਤੇ ਖੁੱਲ੍ਹੇਆਮ ਮੀਡੀਆ 'ਚ ਆ ਚੁੱਕੇ ਹਨ। ਇਸੇ ਜ਼ਿਲੇ 'ਚ ਅਧਿਕਾਰੀਆਂ 'ਤੇ ਵਿਧਾਇਕਾਂ ਵਲੋਂ ਰਿਸ਼ਵਤ ਅਤੇ ਉਨ੍ਹਾਂ ਦੇ ਫ਼ੋਨ ਟੈਪ ਤੇ ਰਿਕਾਰਡ ਕਰਨ ਦੇ ਗੰਭੀਰ ਦੋਸ਼ ਵੀ ਲਾਏ ਗਏ ਹਨ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਗੈਰ-ਹਾਜ਼ਰੀ 'ਚ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਵਲੋਂ ਆਪਣੇ ਦੌਰੇ ਸਮੇਂ ਹੈਲੀਕਾਪਟਰ 'ਚ ਇਨ੍ਹਾਂ ਨਾਰਾਜ਼ ਵਿਧਾਇਕਾਂ ਨੂੰ ਲਿਜਾ ਕੇ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦਾ ਭਰੋਸਾ ਦੇਣਾ ਪਿਆ ਹੈ। ਇਹ ਵੀ ਵਰਨਣਯੋਗ ਹੈ ਕਿ ਵਿਧਾਇਕਾਂ ਦੀ ਨਾਰਾਜ਼ਗੀ ਪਹਿਲੀ ਵਾਰ ਸਾਹਮਣੇ ਨਹੀਂ ਆਈ ਬਲਕਿ ਇਸ ਤੋਂ ਪਹਿਲਾਂ ਵੱਖ-ਵੱਖ ਸਮਿਆਂ 'ਚ ਇਕ ਦਰਜਨ ਤੋਂ ਵੱਧ ਵਿਧਾਇਕ ਕਿਸੇ ਨਾ ਕਿਸੇ ਮੌਕੇ ਖੁੱਲ੍ਹੇਆਮ ਆਪਣੀ ਨਾਰਾਜ਼ਗੀ ਪ੍ਰਗਟ ਕਰ ਚੁੱਕੇ ਹਨ। ਇਨ੍ਹਾਂ 'ਚ ਸੁਰਜੀਤ ਧੀਮਾਨ, ਨੱਥੂ ਰਾਮ, ਰਣਦੀਪ ਸਿੰਘ ਨਾਭਾ, ਕੁਲਬੀਰ ਜ਼ੀਰਾ, ਅਮਰੀਕ ਸਿੰਘ ਢਿੱਲੋਂ, ਬਲਵਿੰਦਰ ਸਿੰਘ ਲਾਡੀ ਰਾਕੇਸ਼ ਪਾਂਡੇ ਸੁਸ਼ੀਲ ਰਿੰਕੂ, ਪ੍ਰਗਟ ਸਿੰਘ ਆਦਿ ਦੇ ਨਾਂ ਲਏ ਜਾ ਸਕਦੇ ਹਨ। 

ਵਿਧਾਇਕਾਂ ਦੀ ਨਾਰਾਜ਼ਗੀ ਕਾਰਣ ਹੀ ਮੁੱਖ ਮੰਤਰੀ ਨੂੰ ਕੁੱਝ ਵਿਧਾਇਕਾਂ ਨੂੰ ਸਲਾਹਕਾਰ ਵਰਗੇ ਅਹੁਦੇ ਦੇ ਕੇ ਉਨ੍ਹਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਵਿਧਾਇਕ ਹਨ, ਜੋ ਭਾਵੇਂ ਖੁੱਲ੍ਹ ਕੇ ਤਾਂ ਨਹੀਂ ਬੋਲਦੇ ਪਰ ਅੰਦਰ ਖਾਤੇ ਉਨ੍ਹਾਂ ਦੀ ਸਰਕਾਰੇ-ਦਰਬਾਰੇ ਸੁਣਵਾਈ ਨਾ ਹੋਣ ਕਾਰਣ ਜ਼ਰੂਰ ਨਾਰਾਜ਼ ਹਨ। ਜੇਕਰ ਮੁੱਖ ਮੰਤਰੀ ਨੇ ਆਉਣ ਵਾਲੇ ਦਿਨਾਂ 'ਚ ਅਫ਼ਸਰਸ਼ਾਹੀ 'ਤੇ ਲਗਾਮ ਕੱਸਣ ਤੇ ਵਿਧਾਇਕਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦਾ ਯਤਨ ਨਾ ਕੀਤਾ ਤਾਂ ਇਹ ਨਾਰਾਜ਼ਗੀ ਬਗਾਵਤ ਵੱਲ ਵੀ ਵਧ ਸਕਦੀ ਹੈ।

ਮੁੱਖ ਮੰਤਰੀ ਸਾਹਮਣੇ ਰੱਖਾਂਗਾ ਵਿਧਾਇਕਾਂ ਦੇ ਮਸਲੇ : ਜਾਖੜ
ਕਾਂਗਰਸ ਵਿਧਾਇਕਾਂ 'ਚ ਸਰਕਾਰ ਪ੍ਰਤੀ ਵਧ ਰਹੀ ਨਾਰਾਜ਼ਗੀ ਬਾਰੇ ਪੁੱਛੇ ਜਾਣ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਵੀ ਇਸ 'ਤੇ ਚਿੰਤਤ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕਾਂ ਵਲੋਂ ਉਠਾਏ ਮਾਮਲਿਆਂ ਦਾ ਉਨ੍ਹਾਂ ਨੇ ਗੰਭੀਰ ਨੋਟਿਸ ਲਿਆ ਹੈ। ਉਹ ਸਾਰੇ ਵਿਧਾਇਕਾਂ ਤੋਂ ਉਨ੍ਹਾਂ ਦੀਆਂ ਸਰਕਾਰ ਪ੍ਰਤੀ ਸ਼ਿਕਾਇਤਾਂ ਬਾਰੇ ਫੀਡਬੈਕ ਲੈ ਰਹੇ ਹਨ। ਸਾਰੇ ਗਿਲੇ ਸ਼ਿਕਵੇ ਦੂਰ ਕਰਵਾਉਣ ਲਈ ਮੁੱਖ ਮੰਤਰੀ ਦੇ ਵਿਦੇਸ਼ ਤੋਂ ਵਾਪਸ ਆਉਂਦਿਆਂ ਹੀ ਉਨ੍ਹਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਜਾਵੇਗੀ। ਜਾਖੜ ਨੇ ਇਹ ਗੱਲ ਮੰਨੀ ਕਿ ਸਰਕਾਰ ਦੇ ਕੰਮ 'ਚ ਕੁੱਝ ਕਮੀਆਂ ਤਾਂ ਹਨ ਹੀ, ਜਿਸ ਕਰ ਕੇ ਇਹ ਸਥਿਤੀ ਬਣ ਰਹੀ ਹੈ। ਅਫ਼ਸਰਸ਼ਾਹੀ 'ਤੇ ਸਖ਼ਤੀ ਨਾਲ ਲਗਾਮ ਕੱਸਣ ਦੀ ਲੋੜ ਹੈ। ਵਿਧਾਇਕਾਂ ਦੇ ਫ਼ੋਨ ਟੈਪਿੰਗ ਅਤੇ ਅਫ਼ਸਰਸ਼ਾਹੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਗੰਭੀਰ ਮਾਮਲੇ ਹਨ।


Gurminder Singh

Content Editor

Related News