ਕਾਂਗਰਸ ਦੇ ਮੈਨੀਫੈਸਟੋ ਨੂੰ ਲੈ ਕੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ, ਸਿੱਧੂ ਦੇ ਪੰਜਾਬ ਮਾਡਲ ’ਤੇ ਆਖੀ ਇਹ ਗੱਲ

Saturday, Jan 22, 2022 - 10:02 PM (IST)

ਕਾਂਗਰਸ ਦੇ ਮੈਨੀਫੈਸਟੋ ਨੂੰ ਲੈ ਕੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ, ਸਿੱਧੂ ਦੇ ਪੰਜਾਬ ਮਾਡਲ ’ਤੇ ਆਖੀ ਇਹ ਗੱਲ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਵਿਚ ਜੋ ਵੀ ਚੰਗੇ ਸੁਝਾਅ ਹਨ, ਉਨ੍ਹਾਂ ਨੂੰ ਮੈਨੀਫੈਸਟੋ ’ਚ ਸ਼ਾਮਲ ਕੀਤਾ ਜਾਵੇਗਾ। ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਵਿਚ ਗੱਲਬਾਤ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਮੈਨੀਫੈਸਟੋ ਨੂੰ ਲੈ ਕੇ ਸਾਰਿਆਂ ਦੇ ਸੁਝਾਅ ਲਏ ਜਾ ਰਹੇ ਹਨ। ਮੁੱਖ ਮੰਤਰੀ ਤੋਂ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਸਮੇਤ ਜਿੰਨੇ ਵੀ ਚੰਗੇ ਸੁਝਾਅ ਮਿਲਣਗੇ, ਉਨ੍ਹਾਂ ਸਾਰਿਆਂ ਨੂੰ ਮੈਨੀਫੈਸਟੋ ਦਾ ਹਿੱਸਾ ਬਣਾਇਆ ਜਾਵੇਗਾ। ਬਾਜਵਾ ਨੇ ਕਿਹਾ ਕਿ ਮੈਨੀਫੈਸਟੋ ਕਮੇਟੀ ਵਲੋਂ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਾਲ ਵੱਖ-ਵੱਖ ਬੈਠਕਾਂ ਵੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਛੇਤੀ ਹੀ ਪਾਰਟੀ ਦਾ ਮੈਨੀਫੈਸਟੋ ਪੇਸ਼ ਕੀਤਾ ਜਾਵੇਗਾ। ਸਾਡੇ ਮੈਨੀਫੈਸਟੋ ਇਕ ਬੰਦ ਕਮਰੇ ਵਿਚ ਤਿਆਰ ਕੀਤਾ ਗਿਆ ਦਸਤਾਵੇਜ਼ ਨਹੀਂ ਸਗੋਂ ਲੋਕਾਂ ਨਾਲ ਰਾਇਸ਼ੁਮਾਰੀ ਕਰਕੇ ਤਿਆਰ ਕੀਤਾ ਜਾ ਰਿਹਾ ਹੈ, ਜੋ ਸਹੀ ਮਤਲਬ ਵਿਚ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਦਾ ਸ਼ੀਸ਼ਾ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ’ਚ ਪਹਿਲੀ ਵਾਰ ਰਾਜ ਸਭਾ ਦੀਆਂ ਸੀਟਾਂ ਲਈ ਮਚੇਗਾ ਘਮਸਾਨ

ਕਾਂਗਰਸ ਦੇ ਚਿਹਰੇ ਨੂੰ ਅੱਗੇ ਰੱਖ ਕੇ ਤਿਆਰ ਕੀਤਾ ਜਾਵੇਗਾ ਮੈਨੀਫੈਸਟੋ
ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਮੈਨੀਫੈਸਟੋ ਕਾਂਗਰਸ ਦੇ ਚਿਹਰੇ ਨੂੰ ਅੱਗੇ ਰੱਖ ਕੇ ਤਿਆਰ ਕੀਤਾ ਜਾਵੇਗਾ ਕਿਉਂਕਿ ਮੈਨੀਫੈਸਟੋ ਪਾਰਟੀ ਦਾ ਹੁੰਦਾ ਹੈ। ਜਿਥੋਂ ਤੱਕ ਗੱਲ ਮੁੱਖ ਮੰਤਰੀ ਚਿਹਰੇ ਦੀ ਹੈ ਤਾਂ ਇਸ ਦਾ ਫ਼ੈਸਲਾ ਕਾਂਗਰਸ ਹਾਈਕਮਾਨ ਕਰੇਗੀ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਸਿਰਫ 4 ਮਹੀਨਿਆਂ ’ਚ 100 ਵਾਅਦਿਆਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਪਰ ਰਾਜ ਵਿਚ ਕਿਸਾਨਾਂ ਦੀ ਸਥਿਤੀ ਚੰਗੀ ਨਹੀਂ ਹੈ। ਪਾਰਟੀ ਦੇ ਮੈਨੀਫੈਸਟੋ ਦਾ ਕੇਂਦਰ ਖੇਤੀ ਰਹੇਗੀ। ਇਸੇ ਤਰ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਕਾਂਗਰਸ ਦੀ ਦੂਜੀ ਸਭ ਤੋਂ ਵੱਡੀ ਪਹਿਲ ਰਹੇਗੀ। ਮਹਿਲਾ ਸਸ਼ਕਤੀਕਰਨ ’ਤੇ ਵੀ ਜ਼ੋਰ ਰਹੇਗਾ। ਸਰਕਾਰ ਇੰਡਸਟਰੀ ਨੂੰ ਰਿਆਇਤ ਦੇਵੇਗੀ ਤਾਂ ਕਿ ਉਦਯੋਗ ਪ੍ਰਫੁਲਿਤ ਹੋਵੇ ਅਤੇ ਰਾਜ ’ਚ ਆਰਥਿਕ ਵਿਕਾਸ ਹੋਣ ਸਮੇਤ ਰੋਜ਼ਗਾਰ ਦੇ ਮੌਕੇ ਪੈਦਾ ਹੋਣ। ਕਾਂਗਰਸ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਇੰਫ੍ਰਾਸਟਰਕਚਰ ਨੂੰ ਵੀ ਵਿਕਸਿਤ ਕਰੇਗੀ। ਸੂਬੇ ਵਿਚ ਖੇਡ ਅਤੇ ਸੱਭਿਆਚਰਕ ਵਿਕਾਸ ’ਤੇ ਵੀ ਜ਼ੋਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਰਵਿੰਦ ਕੇਜਰੀਵਾਲ ’ਤੇ ਮਾਣਹਾਨੀ ਦਾ ਮੁਕੱਦਮਾ ਠੋਕਣਗੇ ਮੁੱਖ ਮੰਤਰੀ ਚਰਨਜੀਤ ਚੰਨੀ

‘ਆਪ’ ਕਰ ਰਹੀ ਪੰਜਾਬ ’ਚ ਝੂਠ ਦਾ ਪ੍ਰਚਾਰ : ਆਦੇਸ਼ ਸ਼ਾਸਤਰੀ
ਪ੍ਰਤਾਪ ਬਾਜਵਾ ਦੇ ਨਾਲ ਮੰਚ ’ਤੇ ਮੌਜੂਦ ਆਮ ਆਦਮੀ ਪਾਰਟੀ ਵਲੋਂ ਦਿੱਲੀ ਦੇ ਸਾਬਕਾ ਵਿਧਾਇਕ ਆਦੇਸ਼ ਸ਼ਾਸਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ’ਚ ਝੂਠ ਦਾ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੀਲਾ ਦੀਕਸ਼ਿਤ ਦੀ ਸਰਕਾਰ ਸਮੇਂ ਦਿੱਲੀ ’ਚ 60 ਹਜ਼ਾਰ ਕਰੋੜ ਦਾ ਬਜਟ ਸਰਪਲੱਸ ਸੀ ਅਤੇ ਅੱਜ ਵੀ ਬਜਟ ਸਰਪਲਸ ਹੋਣ ਦੇ ਬਾਵਜੂਦ ਕੇਜਰੀਵਾਲ ਉੱਥੋਂ ਦੀਆਂ ਔਰਤਾਂ ਨੂੰ 100 ਰੁਪਏ ਦਾ ਭੱਤਾ ਵੀ ਨਹੀਂ ਦੇ ਸਕੇ ਹਨ ਅਤੇ ਪੰਜਾਬ ਵਿਚ ਔਰਤਾਂ ਨੂੰ 1000 ਰੁਪਏ ਦੇਣ ਦਾ ਝੂਠਾ ਵਾਅਦਾ ਕਰ ਰਹੇ ਹਨ। ਇਸ ਤਰ੍ਹਾਂ, ਸ਼ਰਾਬ ਪਾਲਿਸੀ ਵਿਚ ਬਦਲਾਅ ਕਰ ਕੇ ਕੇਜਰੀਵਾਲ ਸਰਕਾਰ ਨੇ ਨਾ ਸਿਰਫ ਇਕ ਅਕਾਲੀ ਦਲ ਨਾਲ ਸਬੰਧਤ ਵਿਅਕਤੀ ਦੀ ਕੰਪਨੀ ਨੂੰ ਠੇਕਾ ਦਿੱਤਾ ਹੈ, ਸਗੋਂ ਇਨ੍ਹਾਂ ਦੇ ਇਕ ਵਿਧਾਇਕ ਦੇ ਦਫ਼ਤਰ ਨਾਲ ਇਕ ਇਮਾਰਤ ’ਚ ਸ਼ਰਾਬ ਦਾ ਠੇਕਾ ਵੀ ਖੁੱਲ੍ਹ ਚੁੱਕਿਆ ਹੈ, ਜਿਸ ਲਈ ਬਕਾਇਦਾ ਉਨ੍ਹਾਂ ਨੇ ਫੋਟੋ ਵੀ ਪੇਸ਼ ਕੀਤੇ। ਉਨ੍ਹਾਂ ਨੇ ਸਕੂਲਾਂ ਵਿਚ ਸੁਧਾਰ ਸਬੰਧੀ ਕੇਜਰੀਵਾਲ ਦੇ ਦਾਅਵਿਆਂ ਦੀ ਵੀ ਪੋਲ ਖੋਲ੍ਹੀ। ਸ਼ੀਲਾ ਦੀਕਸ਼ਿਤ ਸਰਕਾਰ ਦੇ ਮੁਕਾਬਲੇ ਜਿਥੇ ਸਕੂਲਾਂ ਦੀ ਗਿਣਤੀ ਘੱਟ ਹੋ ਚੁੱਕੀ ਹੈ। ਉਥੇ ਹੀ ਕਰੀਬ 20 ਹਜ਼ਾਰ ਅਧਿਆਪਕਾਂ ’ਚੋਂ ਇਕ ਵੀ ਪੱਕਾ ਨਹੀਂ ਹੋਇਆ।

ਇਹ ਵੀ ਪੜ੍ਹੋ : ਭਾਜਪਾ ਨਾਲ ਗਠਜੋੜ ਕਰਨ ਵਾਲੇ ਅਕਾਲੀ ਦਲ ਸੰਯੁਕਤ ਵਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਜਦ ਕਿ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਚਿਹਰਾ ਬਣਾਉਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਸਭ ਦਿੱਲੀ ਤੋਂ ਰਿਮੋਰਟ ਕੰਟਰੋਲ ਦੇ ਜ਼ਰੀਏ ਪੰਜਾਬ ਦੀ ਸਰਕਾਰ ਚਲਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਐੱਸ. ਵਾਈ. ਐੱਲ. ਦੇ ਮੁੱਦੇ ’ਤੇ ਵੀ ਆਪਣਾ ਸਟੈਂਡ ਕਲੀਅਰ ਕਰਨ ਲਈ ਕਿਹਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਪੰਜਾਬ ਵਿਚ ਦੁਬਾਰਾ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣੇਗੀ। ਪੱਤਰ ਪ੍ਰੇਰਕ ਸੰਮੇਲਨ ਦਾ ਸੰਚਾਲਨ ਏ.ਆਈ.ਸੀ.ਸੀ. ਦੇ ਮੀਡੀਆ ਕੁਆਰਡੀਨੇਟਰ ਇੰਚਾਰਜ ਭੁਪਿੰਦਰ ਸਿੰਘ ਬੂਰਾ ਅਤੇ ਗੌਤਮ ਸੇਠ, ਸਹਿ-ਸੰਗਠਨ ਇੰਚਾਰਜ, ਪੰਜਾਬ ਕਾਂਗਰਸ ਨੇ ਕੀਤਾ।

ਇਹ ਵੀ ਪੜ੍ਹੋ : ਆਬੂਧਾਬੀ ਡਰੋਨ ਹਮਲੇ ’ਚ ਮਾਰੇ ਗਏ ਨੌਜਵਾਨਾਂ ਦੀਆਂ ਦੇਹਾਂ ਆਈਆਂ ਪੰਜਾਬ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News