ਵੋਟ ਬੈਂਕ ਦੀ ਸਿਆਸਤ ਕਰਕੇ ਦਲਿਤਾਂ-ਗਰੀਬਾਂ ਨੂੰ ਠੱਗਣ ’ਚ ਮਾਹਿਰ ਹਨ ਕਾਂਗਰਸ, ਬਾਦਲ ਤੇ ਭਾਜਪਾ : ਮਾਨ
Thursday, Aug 12, 2021 - 12:32 AM (IST)
ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਭਾਜਪਾ ’ਤੇ ਦਲਿਤਾਂ ਅਤੇ ਗਰੀਬਾਂ ਨੂੰ ਵੋਟ ਬੈਂਕ ਲਈ ਇਸਤੇਮਾਲ ਕਰਨ ਦੇ ਦੋਸ਼ ਲਾਏ ਹਨ। ਮਾਨ ਨੇ ਕਿਹਾ ਕਿ ਇਸ ਦੀ ਤਾਜ਼ਾ ਮਿਸਾਲ 200 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੈ ਰਹੇ 4.37 ਲੱਖ ਦਲਿਤ ਖਪਤਕਾਰ ਹਨ।
ਮਾਨ ਨੇ ਕਿਹਾ ਕਿ ਇਸ ਮੁਫ਼ਤ ਯੋਜਨਾ ਅਧੀਨ ਸਰਕਾਰ ਹੁਣ ਸਾਲ 2016 ਦਾ 137.56 ਕਰੋੜ ਰੁਪਏ ਦਾ ਬਕਾਇਆ ਦਲਿਤਾਂ ਤੇ ਗਰੀਬ ਲੋਕਾਂ ਤੋਂ ਵਸੂਲ ਰਹੀ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਦੀ PM ਮੋਦੀ ਨਾਲ ਮੁਲਾਕਾਤ, ਖੇਤੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ
ਬੁੱਧਵਾਰ ਨੂੰ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਦਲਿਤਾਂ ਤੇ ਗਰੀਬਾਂ ਤੋਂ ਵੋਟ ਹਾਸਲ ਕਰਨ ਲਈ 200 ਯੂਨਿਟ ਮੁਫ਼ਤ ਬਿਜਲੀ ਯੋਜਨਾ ਲਾਗੂ ਤਾਂ ਕਰ ਦਿੱਤੀ ਪਰ ਇਸ ਯੋਜਨਾ ਨੂੰ ਚਾਲੂ ਰੱਖਣ ਲਈ ਪੈਸੇ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ 31 ਮਾਰਚ, 2016 ਤੱਕ ਇਸ ਯੋਜਨਾ ਦੇ ਤਹਿਤ ਸਰਕਾਰ ’ਤੇ ਪਾਵਰਕਾਮ ਦਾ 137.56 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੋ ਗਿਆ।
ਇਹ ਵੀ ਪੜ੍ਹੋ- ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਸਾਰਿਤ ਕਰਨ ਦੀ ਲੋੜ : ਅਨਿੰਦਿਤਾ ਮਿੱਤਰਾ
ਮੌਜੂਦਾ ਕਾਂਗਰਸ ਸਰਕਾਰ ਨੇ ਇਸ ਬਕਾਇਆ ਰਾਸ਼ੀ ਨੂੰ ਦੇਣ ਤੋਂ ਨਾਂਹ ਕਰਦੇ ਹੋਏ ਪਾਵਰਕਾਮ (ਬਿਜਲੀ ਬੋਰਡ) ਨੂੰ ਇਹ 137.56 ਕਰੋੜ ਰੁਪਏ 4.37 ਲੱਖ ਲਾਭਪਾਤਰੀ ਦਲਿਤ ਪਰਿਵਾਰਾਂ ਦੀਆਂ ਜੇਬਾਂ ’ਚੋਂ ਵਸੂਲਣ ਲਈ ਆਖ ਦਿੱਤਾ ਹੈ, ਜੋ ਦਲਿਤ ਅਤੇ ਗ਼ਰੀਬ ਸਮਾਜ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਸਰਕਾਰ ਨੂੰ ਇਸ ਦਲਿਤ ਅਤੇ ਗ਼ਰੀਬ ਵਿਰੋਧੀ ਕਦਮ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।