ਪੰਜਾਬ ''ਚ ਤਾਪਮਾਨ ਪਹੁੰਚਿਆ 35 ਡਿਗਰੀ ਦੇ ਪਾਰ, ਵਧੀਆਂ ਬਿਜਲੀ ਫਾਲਟ ਦੀਆਂ ਸ਼ਿਕਾਇਤਾਂ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

Monday, Apr 08, 2024 - 06:57 PM (IST)

ਪੰਜਾਬ ''ਚ ਤਾਪਮਾਨ ਪਹੁੰਚਿਆ 35 ਡਿਗਰੀ ਦੇ ਪਾਰ, ਵਧੀਆਂ ਬਿਜਲੀ ਫਾਲਟ ਦੀਆਂ ਸ਼ਿਕਾਇਤਾਂ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਲੰਧਰ (ਪੁਨੀਤ)-ਪੰਜਾਬ ਵਿਚ ਤਾਪਮਾਨ 35 ਡਿਗਰੀ ਦੇ ਪਾਰ ਪਹੁੰਚ ਚੁੱਕਾ ਹੈ ਅਤੇ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਹਫ਼ਤੇ ਤਾਪਮਾਨ ਵਿਚ 2-3 ਡਿਗਰੀ ਦੇ ਵਾਧੇ ਦੀ ਸੰਭਾਵਨਾ ਹੈ, ਜਿਸ ਕਾਰਨ ਗਰਮੀ ਹੋਰ ਵਧੇਗੀ ਅਤੇ ਗਰਮ ਹਵਾਵਾਂ ਦੇ ਕਹਿਰ ਦਾ ਸਾਹਮਣਾ ਕਰਨਾ ਪਵੇਗਾ। ਅਜਿਹੇ ਹਾਲਾਤ ਵਿਚ ਬਿਜਲੀ ਦੀ ਮੰਗ ਵਧੇਗੀ ਅਤੇ ਨਤੀਜੇ ਵਜੋਂ ਫਾਲਟ ਪੈਣ ਦੀ ਗਿਣਤੀ ਵਿਚ ਇਜ਼ਾਫਾ ਹੋਵੇਗਾ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਨਤਾ ਦੀਆਂ ਸਹੂਲਤਾਂ ਦਾ ਧਿਆਨ ਰੱਖਣਾ ਸੱਤਾਧਾਰੀ ਪਾਰਟੀ ਦੀ ਪਹਿਲ ਹੁੰਦੀ ਹੈ, ਇਸ ਕਾਰਨ ਇਸ ਵਾਰ ਫਾਲਟ ਪੈਣ ’ਤੇ ਉਨ੍ਹਾਂ ਦਾ ਹੱਲ ਜਲਦ ਹੋਣ ਦੇ ਪੂਰੇ ਆਸਾਰ ਹਨ। ਮੌਜੂਦਾ ਸਮੇਂ ਪਾਵਰਕਾਮ ਨਾਰਥ ਜ਼ੋਨ ਅਧੀਨ ਰੋਜ਼ਾਨਾ 2500 ਦੇ ਲੱਗਭਗ ਫਾਲਟ ਪੈਣ ਬਾਰੇ ਪਤਾ ਲੱਗਾ ਹੈ।

ਇਹ ਵੀ ਪੜ੍ਹੋ: ਨੂਰਮਹਿਲ 'ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਗਰਮੀ ਵਧਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਏ. ਸੀ. ਚੱਲਣੇ ਸ਼ੁਰੂ ਹੋ ਚੁੱਕੇ ਹਨ ਪਰ ਏ. ਸੀ. ਦੀ ਖ਼ਪਤ ਅਜੇ ਘੱਟ ਹੀ ਰਿਕਾਰਡ ਹੋ ਰਹੀ ਹੈ। ਜਿਉਂ ਜਿਉਂ ਤਾਪਮਾਨ ਵਧੇਗਾ, ਏ. ਸੀ. ਚੱਲਣ ਦੇ ਕ੍ਰਮ ਵਿਚ ਵੀ ਵਾਧਾ ਹੋਵੇਗਾ, ਜਿਸ ਕਾਰਨ ਬਿਜਲੀ ਦੀ ਮੰਗ ਵਿਚ ਤੇਜ਼ੀ ਨਾਲ ਉਛਾਲ ਵੇਖਣ ਨੂੰ ਮਿਲੇਗਾ। ਬਿਜਲੀ ਦੀ ਮੰਗ ਵਧਣ ’ਤੇ ਫਾਲਟ ਪੈਣਾ ਸੁਭਾਵਿਕ ਗੱਲ ਹੈ। ਅਜਿਹੇ ਵਿਚ ਪਾਵਰਕਾਮ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਰ ਵਧ ਜਾਵੇਗੀ। ਅਧਿਕਾਰੀਆਂ ਦਾ ਦਾਅਵਾ ਹੈ ਕਿ ਨਿਰਵਿਘਨ ਸਪਲਾਈ ਦੇਣਾ ਉਨ੍ਹਾਂ ਦੀ ਪਹਿਲ ਹੈ। ਲੋਕਾਂ ਨੂੰ ਸਹੂਲਤ ਦੇਣ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਵਾਰ ਚੋਣਾਂ ਬੇਹੱਦ ਗਰਮੀ ਦੇ ਮੌਸਮ ਵਿਚ ਆ ਰਹੀਆਂ ਹਨ, ਜਿਸ ਕਾਰਨ ਪਾਵਰਕਾਮ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਪਾਵਰਕਾਮ ਨਾਰਥ ਜ਼ੋਨ ਅਧੀਨ ਫਾਲਟ ਹਰ ਰੋਜ਼ 2500 ਦਾ ਅੰਕੜਾ ਪਾਰ ਕਰ ਰਹੇ ਹਨ। ਅਜਿਹੇ ’ਚ ਅਧਿਕਾਰੀਆਂ ਨੇ ਗੰਭੀਰਤਾ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ।

PunjabKesari

ਮੌਜੂਦਾ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਫਾਲਟ ਪੈਣ ਦਾ ਸਿਲਸਿਲਾ ਅਜੇ ਸ਼ੁਰੂ ਹੋਇਆ ਹੈ ਅਤੇ ਖਰਾਬੀ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਸਟਾਫ ਆਸਾਨੀ ਨਾਲ ਉਪਲੱਬਧ ਹੋ ਰਿਹਾ ਹੈ ਪਰ ਫਾਲਟ ਵਧਣ ’ਤੇ ਸਟਾਫ਼ ਦੀ ਦੇਰੀ ਸਬੰਧੀ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਅਜਿਹੇ ਵਿਚ ਬਿਜਲੀ ਦੀ ਖਰਾਬੀ ਵਿਰੋਧੀ ਪਾਰਟੀਆਂ ਨੂੰ ਮੁੱਦਾ ਉਠਾਉਣ ਦਾ ਮੌਕਾ ਦੇ ਸਕਦੀ ਹੈ। ਸ਼ਕਤੀ ਸਦਨ ’ਚ ਬੈਠੇ ਨਾਰਥ ਜ਼ੋਨ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਆਪਣੇ ਸਰਕਲਾਂ ਅਧੀਨ ਫਾਲਟ ਪੈਣ ਦੇ ਘਟਨਾਕ੍ਰਮ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਦੂਜੇ ਪਾਸੇ ਅਧਿਕਾਰੀਆਂ ਵੱਲੋਂ ਅਜਿਹੇ ਯਤਨ ਕੀਤੇ ਜਾ ਰਹੇ ਹਨ ਕਿ ਫਾਲਟ ਪੈਣ ਤੋਂ ਬਾਅਦ ਜਲਦ ਤੋਂ ਜਲਦ ਫਾਲਟ ਨੂੰ ਠੀਕ ਕਰਨਾ ਯਕੀਨੀ ਬਣਾਇਆ ਜਾ ਸਕੇ। ਲੋਕ ਸਭਾ ਚੋਣਾਂ 1 ਜੂਨ ਨੂੰ ਹੋ ਰਹੀਆਂ ਹਨ, ਜਿਸ ਕਾਰਨ ਗਰਮੀ ਦਾ ਅੱਧਾ ਸੀਜ਼ਨ ਨਿਕਲ ਜਾਵੇਗਾ, ਇਸ ਦੌਰਾਨ ਪਾਵਰਕਾਮ ਵੱਲੋਂ ਨਿਰਵਿਘਨ ਬਿਜਲੀ ਸਪਲਾਈ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਜਨਤਾ ਨੂੰ ਇਸ ਤੋਂ ਸਹੂਲਤ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਵਿਧਵਾ ਨੂੰ ਵਿਆਹ ਦਾ ਝਾਂਸਾ ਦੇ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਸੱਚਾਈ ਜਾਣ ਉੱਡੇ ਹੋਸ਼

ਐਤਵਾਰ ਫਰੀਦਕੋਟ ਅਤੇ ਲੁਧਿਆਣਾ ਰਹੇ ਸਭ ਤੋਂ ਗਰਮ
ਗਰਮੀ ਦੇ ਵਿਚਕਾਰ ਐਤਵਾਰ ਫਰੀਦਕੋਟ ਅਤੇ ਲੁਧਿਆਣਾ (ਸਮਰਾਲਾ) ਦਾ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਗਿਆ, ਜੋਕਿ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਦੱਸਿਆ ਜਾਂਦਾ ਹੈ, ਜਦਕਿ ਜਲੰਧਰ ਵਿਚ 33-34 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਤਾਪਮਾਨ 33.2 ਡਿਗਰੀ, ਰੋਪੜ ਵਚ 32 ਡਿਗਰੀ ਅਤੇ ਗੁਰਦਾਸਪੁਰ ਵਿਚ 30 ਡਿਗਰੀ ਰਿਹਾ।

ਪਿਛਲੀ ਵਾਰ ਦੇ ਮੁਕਾਬਲੇ ਘੱਟ ਪੈਣਗੇ ਫਾਲਟ : ਚੀਫ਼ ਇੰਜੀ.
ਪਾਵਰਕਾਮ ਨਾਰਥ ਜ਼ੋਨ ਜਲੰਧਰ ਦੇ ਚੀਫ਼ ਇੰਜੀ. ਰਮੇਸ਼ ਲਾਲ ਸਾਰੰਗਲ ਨੇ ਕਿਹਾ ਕਿ ਇਸ ਵਾਰ ਕੀਤੇ ਪ੍ਰਬੰਧਾਂ ਕਾਰਨ ਪਿਛਲੀ ਵਾਰ ਦੇ ਮੁਕਾਬਲੇ ਘੱਟ ਫਾਲਟ ਪੈਣਗੇ। ਟਰਾਂਸਫਾਰਮਰਾਂ ਦੀ ਸਮਰੱਥਾ ਵਧਾਉਣ ਦੇ ਨਾਲ-ਨਾਲ ਵਿਭਾਗ ਨੇ ਨਵੇਂ ਫੀਡਰ ਵੀ ਸਥਾਪਤ ਕੀਤੇ ਹਨ ਤਾਂ ਕਿ ਲੋਡ ਨੂੰ ਲੈ ਕੇ ਦਿੱਕਤਾਂ ਤੋਂ ਰਾਹਤ ਰਹੇ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਨੌਜਵਾਨ ਦੀ ਨਿਊਜ਼ੀਲੈਂਡ 'ਚ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News