ਕਮਿਸ਼ਨਰੇਟ ਪੁਲਸ ਕੋਵਿਡ-19 ਦੌਰਾਨ ਔਰਤਾਂ ਦੀ ਸੁਰੱਖਿਆ ਬਣਾ ਰਹੀ ਐ ਯਕੀਨੀ : ਗੁਰਪ੍ਰੀਤ ਭੁੱਲਰ

Sunday, Jul 26, 2020 - 01:53 PM (IST)

ਕਮਿਸ਼ਨਰੇਟ ਪੁਲਸ ਕੋਵਿਡ-19 ਦੌਰਾਨ ਔਰਤਾਂ ਦੀ ਸੁਰੱਖਿਆ ਬਣਾ ਰਹੀ ਐ ਯਕੀਨੀ : ਗੁਰਪ੍ਰੀਤ ਭੁੱਲਰ

ਜਲੰਧਰ (ਸੁਧੀਰ) - ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਸ ਵੱਲੋਂ ਸ਼ੁਰੂ ਕੀਤੀ ਗਈ ‘ਈ-ਵੂਮੈਨ ਹੈਲਪਲਾਈਨ’ ਔਰਤਾਂ ਦੀ ਮਦਦ ਲਈ ਕਾਰਗਰ ਸਾਬਿਤ ਹੋ ਰਹੀ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਔਰਤਾਂ ਦੀ ਸੁਰੱਖਿਆ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਸੂਬੇ ਵਿਚ ਵੂਮੈਨ ਹੈਲਪਲਾਈਨ ਸ਼ੁਰੁੂ ਕੀਤੀ ਗਈ ਸੀ, ਜਿਸ ਤਹਿਤ ਕਿਸੇ ਔਰਤ ਵੱਲੋਂ ਮਦਦ ਮੰਗਣ ’ਤੇ ਹੈਲਪਲਾਈਨ ਦੀ ਮਹਿਲਾ ਮੁਲਾਜ਼ਮ ਘਟਨਾ ਸਥਾਨ ’ਤੇ ਪਹੁੰਚ ਕੇ ਔਰਤ ਦੀ ਮਦਦ ਕਰਦੀ ਸੀ।

ਭੁੱਲਰ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਕਰੀਬ 12 ਵੱਜ ਕੇ 12 ਮਿੰਟ ’ਤੇ ਇਕ ਔਰਤ ਨੇ ਹੈਲਪਲਾਈਨ ਨੰਬਰ ’ਤੇ ਫੋਨ ਕਰ ਕੇ ਪੁਲਸ ਕੋਲੋਂ ਮਦਦ ਮੰਗੀ ਸੀ, ਜਿਸ ਤੋਂ ਬਾਅਦ ਵੂਮੈਨ ਹੈਲਪਲਾਈਨ ਮੈਂਬਰ ਤੁਰੰਤ ਬੀ. ਐੱਸ. ਐੱਫ. ਚੌਕ ਨੇੜੇ ਔਰਤ ਕੋਲ ਪੁੱਜੇ ਅਤੇ ਉਸ ਵੱਲੋਂ ਦੱਸੇ ਪਤੇ ’ਤੇ ਰਾਤ 1 ਵਜੇ ਬਿਲਕੁਲ ਸੁਰੱਖਿਅਤ ਪਹੁੰਚਾਇਆ। ਸੀ. ਪੀ. ਨੇ ਦੱਸਿਆ ਕਿ ਕੋਵਿਡ-19 ਦੌਰਾਨ ਵੀ ਪੁਲਸ ਮੁਲਾਜ਼ਮ ਦਿਨ-ਰਾਤ ਸੜਕਾਂ ’ਤੇ ਸਖਤ ਮਿਹਨਤ ਨਾਲ ਡਿਊਟੀ ਕਰ ਰਹੇ ਹਨ, ਇਸ ਦੇ ਬਾਵਜੂਦ ਕਮਿਸ਼ਨਰੇਟ ਪੁਲਸ ਸ਼ਹਿਰ ਵਿਚ ਔਰਤਾਂ ਦੀ ਸੁਰੱਖਿਆ ਪੂਰਨ ਰੂਪ ਵਿਚ ਯਕੀਨੀ ਬਣਾ ਰਹੀ ਹੈ। ਉਨ੍ਹਾਂ ਔਰਤਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਕੋਈ ਵੀ ਔਰਤ ਜ਼ਰੂਰਤ ਪੈਣ ’ਤੇ ਪੁਲਸ ਕੰਟਰੋਲ ਰੂਮ ਦੇ 112 ਅਤੇ ਵੂਮੈਨ ਹੈਲਪਲਾਈਨ ਨੰਬਰ 1091 ਡਾਇਲ ਕਰ ਕੇ ਮਦਦ ਮੰਗ ਸਕਦੀ ਹੈ। ਫੋਨ ਰਿਸੀਵ ਹੁੰਦੇ ਹੀ ਕਮਿਸ਼ਨਰੇਟ ਪੁਲਸ ਵੱਲੋਂ ਮਦਦ ਮੰਗਣ ਵਾਲੀ ਔਰਤ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਕੋਰੋਨਾ ਵਾਇਰਸ ਦੌਰਾਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬਿਨਾਂ ਮਾਸਕ, ਸੋਸ਼ਲ ਡਿਸਟੈਂਸ, ਹੋਮ ਕੁਆਰੰਟਾਈਨ, ਜਨਤਕ ਸਥਾਨ ’ਤੇ ਥੁੱਕਣ ਅਤੇ ਓਵਰਲੋਡ ਵਾਹਨਾਂ ਤੋਂ ਇਲਾਵਾ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੀ ਨਕੇਲ ਕੱਸ ਕੇ ਉਨ੍ਹਾਂ ਕੋਲੋਂ ਭਾਰੀ ਜੁਰਮਾਨੇ ਵਸੂਲ ਰਹੀ ਹੈ।

 

 


author

Harinder Kaur

Content Editor

Related News