ਪੰਜਾਬ ''ਚ ''ਕੋਲ ਸੰਕਟ'' ਦਾ ਹਊਆ ਬਰਕਰਾਰ, 9 ਦਿਨਾਂ ਅੰਦਰ ਬਿਜਲੀ ਦੀ ਮੰਗ ''ਚ ਭਾਰੀ ਗਿਰਾਵਟ
Sunday, Oct 11, 2020 - 09:04 AM (IST)
ਚੰਡੀਗੜ੍ਹ/ਪਟਿਆਲਾ (ਪਰਮੀਤ) : ਪੰਜਾਬ ਦੇ ਥਰਮਲ ਪਲਾਂਟਾਂ ’ਚ ਕੋਲੇ ਦੇ ਸੰਕਟ ਦਾ ਹਊਆ ਭਾਵੇਂ ਕਾਇਮ ਹੈ ਪਰ ਅਸਲੀਅਤ ਇਹ ਹੈ ਕਿ ਪਿਛਲੇ 10 ਦਿਨਾਂ ’ਚ ਬਿਜਲੀ ਦੀ ਮੰਗ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਸ ਕਾਰਣ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਬਿਜਲੀ ਖਰੀਦ ’ਚ ਵੀ ਕਟੌਤੀ ਕੀਤੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ’ਚ 1 ਅਕਤੂਬਰ ਨੂੰ ਬਿਜਲੀ ਦੀ ਮੰਗ 1940 ਲੱਖ ਯੂਨਿਟ ਸੀ, ਜੋ 9 ਅਕਤੂਬਰ ਨੂੰ ਘੱਟ ਕੇ 1557 ਲੱਖ ਯੂਨਿਟ ਰਹਿ ਗਈ।
ਇਸੇ ਤਰੀਕੇ 1 ਅਕਤੂਬਰ ਨੂੰ ਪਾਵਰਕਾਮ ਨੇ 1679 ਲੱਖ ਯੂਨਿਟ ਬਿਜਲੀ ਖਰੀਦੀ ਸੀ, ਜਦੋਂ ਕਿ 9 ਅਕਤੂਬਰ ਨੂੰ 1241 ਲੱਖ ਯੂਨਿਟ ਦੀ ਖਰੀਦੀ ਕੀਤੀ ਗਈ ਹੈ। ਉਂਝ ਵੀ ਆਉਂਦੇ ਦਿਨਾਂ ’ਚ ਬਿਜਲੀ ਦੀ ਮੰਗ ’ਚ ਹੋਰ ਗਿਰਾਵਟ ਹੋਣੀ ਤੈਅ ਹੈ ਕਿਉਂਕਿ ਇਸ ਸਮੇਂ ਵਾਢੀ ਦਾ ਦੌਰ ਸਿਖ਼ਰਾਂ ਵੱਲ ਹੈ ਅਤੇ ਠੰਡ ਵੀ ਵੱਧ ਰਹੀ ਹੈ। ਅਜਿਹੇ ’ਚ ਜਦੋਂ ਮੰਗ ਹੀ ਘੱਟ ਜਾਵੇਗੀ ਤਾਂ ਸਪਲਾਈ ਦਾ ਸੰਕਟ ਹੋਣ ਦੀ ਸੰਭਾਵਨਾ ਘੱਟ ਹੈ। ਪਾਵਰਕਾਮ ਨੂੰ ਇਸ ਸਮੇਂ ਬੀ. ਬੀ. ਐੱਮ. ਬੀ. ਤੋਂ ਰੋਜ਼ਾਨਾ 125 ਲੱਖ ਯੂਨਿਟ ਤੋਂ ਵੱਧ ਬਿਜਲੀ ਮਿਲ ਰਹੀ ਹੈ, ਇਸੇ ਤਰੀਕੇ ਆਪਣੇ ਪਣ ਬਿਜਲੀ ਪ੍ਰਾਜੈਕਟਾਂ ਤੋਂ 100 ਲੱਖ ਯੂਨਿਟ ਤੋਂ ਵੱਧ ਬਿਜਲੀ ਰੋਜ਼ਾਨਾ ਮਿਲ ਰਹੀ ਹੈ।
ਇਸ ਦੌਰਾਨ ਪਾਵਰਕਾਮ ਨੇ ਖੇਤੀਬਾੜੀ ਸੈਕਟਰ ਲਈ ਬਿਜਲੀ ਸਪਲਾਈ 10 ਤੋਂ ਘਟਾ ਕੇ 2 ਘੰਟੇ ਕਰ ਦਿੱਤੀ ਸੀ, ਨੂੰ ਬਹਾਲ ਕਰ ਦਿੱਤਾ ਗਿਆ। ਪਾਵਰਕਾਮ ਨੇ ਪਿਛਲੇ 9 ਦਿਨਾਂ ਦੌਰਾਨ ਇਕ ਵੀ ਬਿਜਲੀ ਕੱਟ ਨਹੀਂ ਲਾਇਆ। ਕੋਲਾ ਸਥਿਤੀ ਦੀ ਗੱਲ ਕਰੀਏ ਤਾਂ ਇਸ ਸਮੇਂ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ’ਚ 6.16 ਦਿਨ ਦਾ ਕੋਲਾ ਪਿਆ ਹੈ, ਜਦੋਂ ਕਿ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ’ਚ 4.14 ਦਿਨ ਦਾ ਕੋਲਾ ਪਿਆ ਹੈ। ਤਲਵੰਡੀ ਸਾਬੋ ਪਲਾਂਟ ’ਚ 2.4 ਅਤੇ ਰਾਜਪੁਰਾ ਪਲਾਂਟ ’ਚ 5.52 ਦਿਨ ਦਾ ਕੋਲਾ ਪਿਆ ਹੈ, ਜਦੋਂ ਕਿ 0.5 ਦਿਨ ਦੇ ਕੋਲੇ ਨਾਲ ਗੋਇੰਦਵਾਲ ਸਾਹਿਬ ਪਲਾਂਟ ਦਾ ਵੀ ਇਕ ਯੂਨਿਟ ਹਾਲੇ ਚੱਲ ਰਿਹਾ ਹੈ।
ਭਾਵੇਂ ਇਸ ਸਮੇਂ ਕਿਸਾਨ ਰੇਲ ਲਾਈਨਾਂ ਰੋਕ ਕੇ ਬੈਠੇ ਹਨ ਪਰ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਪਾਵਰਕਾਮ ਨੂੰ ਕੋਲਾ ਸੰਕਟ ਦਰਪੇਸ਼ ਹੋਇਆ ਹੋਵੇ। ਕੁਝ ਸਾਲ ਪਹਿਲਾਂ ਪਾਵਰਕਾਮ ਵੱਲੋਂ ਰੇਲ ਰੈਕਾਂ ਦੇ ਕਿਰਾਏ ਦੀ ਅਦਾਇਗੀ ਕਾਰਣ ਕੋਲੇ ਦੀ ਸਪਲਾਈ ਨਹੀਂ ਹੁੰਦੀ ਸੀ ਅਤੇ ਅੱਜ ਵਾਂਗ ਹੀ ਉਸ ਸਮੇਂ ਦੇ ਤਿੰਨ ਸਰਕਾਰੀ ਥਰਮਲ ਪਲਾਂਟਾਂ ’ਚ ਕੋਲਾ ਇਕ-ਇਕ, ਦੋ-ਦੋ ਦਿਨ ਦਾ ਰਹਿ ਜਾਂਦਾ ਸੀ। ਉਦੋਂ ਤਾਂ ਸੂਬੇ ’ਚ ਸਰਕਾਰੀ ਪਲਾਂਟ ਸਿਰਫ ਤਿੰਨ ਸਨ, ਜਦੋਂ ਕਿ ਇਸ ਸਮੇਂ 4 ਪਲਾਂਟ ਚਾਲੂ ਹਾਲਤ ’ਚ ਹਨ, ਜਿਨ੍ਹਾਂ ਦੀ ਬਿਜਲੀ ਪੈਦਾਵਾਰ ਸਮਰੱਥਾ ਵੀ ਜ਼ਿਆਦਾ ਹੈ।