ਗੰਨ ਕਲਚਰ ਤੇ ਗੈਂਗਸਟਰਵਾਦ ਪ੍ਰਮੋਟ ਕਰਨ ਵਾਲੇ ਗਾਇਕਾਂ ਦੀ ਹੁਣ ਖੈਰ ਨਹੀਂ, CM ਮਾਨ ਨੇ ਦਿੱਤੀ ਚਿਤਾਵਨੀ
Friday, May 13, 2022 - 11:27 AM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ)– ਗਾਣਿਆਂ ਰਾਹੀਂ ਪੰਜਾਬ ’ਚ ਗੰਨ ਕਲਚਰ ਤੇ ਗੈਂਗਸਟਰਵਾਦ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਦੀ ਹੁਣ ਖੈਰ ਨਹੀਂ ਕਿਉਂਕਿ ਸੀ. ਐੱਮ. ਭਗਵੰਤ ਮਾਨ ਨੇ ਇਸ ’ਤੇ ਸਖ਼ਤ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨੀਂ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਮੂਹ ਐੱਸ. ਐੱਸ. ਪੀਜ਼/ਪੁਲਸ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਭਗਵੰਤ ਮਾਨ ਨੇ ਭੜਕਾਊ ਗਾਇਕੀ ਕਰਨ ਵਾਲੇ ਗਾਇਕਾਂ ’ਤੇ ਵੀ ਨਿਸ਼ਾਨਾ ਵਿੰਨ੍ਹਿਆ।
ਸਮਾਜ-ਵਿਰੋਧੀ ਗਤੀਵਿਧੀਆਂ ਨੂੰ ਤੂਲ ਨਾ ਦੇਣ ਗਾਇਕ
ਪੰਜਾਬੀ ਗਾਇਕਾਂ ਵਲੋਂ ਫੈਲਾਏ ਜਾ ਰਹੇ ਗੰਨ ਕਲਚਰ ਤੇ ਗੈਂਗਸਟਰਵਾਦ ਦੇ ਰੁਝਾਨ ਦੀ ਨਿਖੇਧੀ ਕਰਦਿਆਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੇ ਗੀਤਾਂ ਰਾਹੀਂ ਸਮਾਜ ’ਚ ਹਿੰਸਾ, ਨਫ਼ਰਤ ਤੇ ਦੁਸ਼ਮਣੀ ਨੂੰ ਭੜਕਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਗਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਗੀਤਾਂ ਰਾਹੀਂ ਸਮਾਜ-ਵਿਰੋਧੀ ਗਤੀਵਿਧੀਆਂ ਨੂੰ ਤੂਲ ਦੇਣ ਦੀ ਬਜਾਏ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ’ਤੇ ਚੱਲਦਿਆਂ ਭਾਈਚਾਰਕ ਸਾਂਝ, ਸ਼ਾਂਤੀ ਤੇ ਸਦਭਾਵਨਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਯੋਗਦਾਨ ਪਾਉਣ।
ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ’ਚ ਰਿਲੀਜ਼ ਹੋਈ ਐਮੀ, ਸਰਗੁਣ ਤੇ ਨਿਮਰਤ ਦੀ ਫ਼ਿਲਮ ‘ਸੌਂਕਣ ਸੌਂਕਣੇ’
ਸਖ਼ਤ ਕਾਰਵਾਈ ਕਰੇਗੀ ਸਰਕਾਰ
ਭਗਵੰਤ ਮਾਨ ਨੇ ਇਨ੍ਹਾਂ ਗਾਇਕਾਂ ਨੂੰ ਕਿਹਾ ਕਿ ਉਹ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਲਈ ਉਸਾਰੂ ਭੂਮਿਕਾ ਨਿਭਾਉਣ, ਜਿਸ ਬਾਰੇ ਇਸ ਨੂੰ ਵਿਸ਼ਵ ਭਰ ’ਚ ਜਾਣਿਆ ਜਾਂਦਾ ਹੈ। ਇਹ ਸਾਡਾ ਫਰਜ਼ ਬਣਦਾ ਹੈ ਕਿ ਅਜਿਹੇ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਹਿੰਸਾ ਫੈਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਜੋ ਅਕਸਰ ਨੌਜਵਾਨਾਂ ਖ਼ਾਸ ਕਰਕੇ ਛੇਤੀ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਨੂੰ ਵਿਗਾੜਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਹਿਲਾਂ ਤਾਂ ਉਨ੍ਹਾਂ ਨੂੰ ਅਜਿਹੇ ਰੁਝਾਨ ਨੂੰ ਅੱਗੇ ਨਾ ਵਧਾਉਣ ਦੀ ਅਪੀਲ ਕਰਦੇ ਹਾਂ, ਨਹੀਂ ਤਾਂ ਸਰਕਾਰ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।
ਇਸ ਤੋਂ ਇਲਾਵਾ ਪੰਜਾਬ ’ਚ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਮੂਹ ਐੱਸ. ਐੱਸ. ਪੀਜ਼/ਪੁਲਸ ਕਮਿਸ਼ਨਰਾਂ ਨੂੰ ਡਰੱਗ ਮਾਫੀਆ ਚਲਾ ਰਹੀਆਂ ਵੱਡੀਆਂ ਮੱਛੀਆਂ ਨੂੰ ਕਾਬੂ ਕਰਨ ਵਾਸਤੇ ਸਾਂਝੀ ਕਾਰਵਾਈ ਵਿੱਢਣ ਲਈ ਨਸ਼ਾ-ਵਿਰੋਧੀ ਟਾਸਕ ਫੋਰਸ (ਐੱਸ. ਟੀ. ਐੱਫ਼.) ਨਾਲ ਤਾਲਮੇਲ ਕਰਕੇ ਕੰਮ ਕਰਨ ਦੇ ਹੁਕਮ ਦਿੱਤੇ। ਪੰਜਾਬ ਭਵਨ ਵਿਖੇ ਡਿਪਟੀ ਕਮਿਸ਼ਨਰਾਂ ਤੇ ਜ਼ਿਲਾ ਪੁਲਸ ਮੁਖੀਆਂ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਜੇਕਰ ਸੂਬੇ ਦੇ ਕਿਸੇ ਵੀ ਹਿੱਸੇ ਤੋਂ ਨਸ਼ੇ ਦੀ ਸਪਲਾਈ ਦੀ ਕੋਈ ਵੀ ਘਟਨਾ ਉਨ੍ਹਾਂ ਦੇ ਧਿਆਨ ’ਚ ਆਉਂਦੀ ਹੈ ਤਾਂ ਇਸ ਲਈ ਸਿੱਧੇ ਤੌਰ ’ਤੇ ਸਬੰਧਤ ਐੱਸ. ਐੱਸ. ਪੀ. ਜਾਂ ਪੁਲਸ ਕਮਿਸ਼ਨਰ ਦੀ ਜੁਆਬਦੇਹੀ ਤੈਅ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਹੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
ਮੁੱਖ ਮੰਤਰੀ ਨੇ ਪੁਲਸ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਲੋਂ ਨਸ਼ਿਆਂ ਦੀ ਸਮੱਗਲਿੰਗ ਬਾਰੇ ਕੋਈ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਉਸ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਕਿਸੇ ਵੀ ਕੀਮਤ ’ਤੇ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਬਚਾਉਣ ਲਈ ਇਸ ਦੀ ਸਪਲਾਈ ਲਾਈਨ ਨੂੰ ਤੋੜਨਾ ਪਵੇਗਾ।
ਨੋਟ– ਸੀ. ਐੱਮ. ਮਾਨ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।