CM ਮਾਨ ਨੇ ਵਿਸ਼ਵ ਬੈਂਕ ਤੋਂ ਮੰਗੀ ਮਦਦ, ਜਾਣੋ ਕੀ ਹੈ ਪੂਰਾ ਮਾਮਲਾ
Saturday, Nov 30, 2024 - 10:05 AM (IST)
ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) : ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ਵ ਬੈਂਕ ਤੋਂ ਸਹਾਇਤਾ ਮੰਗੀ ਹੈ। ਭਾਰਤ ਲਈ ਵਿਸ਼ਵ ਬੈਂਕ ਦੇ ਕੰਟਰੀ ਡਾਇਰੈਕਟਰ ਅਗਸਟ ਟੈਨੋ ਕੁਆਮੇ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੇ ਸੂਬੇ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ ਕੇਸ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਸਰਕਾਰ ਦੀ ਵਿੱਤੀ ਅਤੇ ਸੰਸਥਾਗਤ ਢਾਂਚੇ ਦੀ ਮਜ਼ਬੂਤੀ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਵਿਕਾਸ ਨੂੰ ਹੁਲਾਰਾ ਦੇਣ, ਜਨਤਕ ਸੇਵਾਵਾਂ ’ਚ ਸੁਧਾਰ ਤੇ ਆਪਣੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿੱਤੀ ਸਹਾਇਤਾ ਦੀ ਲੋੜ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਸ਼ਹਿਰਾਂ ਨੂੰ ਲੈ ਕੇ ਅਹਿਮ ਖ਼ਬਰ, ਕੈਬਨਿਟ ਮੰਤਰੀ ਨੇ ਕੀਤਾ ਐਲਾਨ
ਉਨ੍ਹਾਂ ਨੇ ਇਨ੍ਹਾਂ ਸੁਧਾਰਾਂ ਸਬੰਧੀ ਸੂਬੇ ਦੇ ਠੋਸ ਏਜੰਡੇ ਨੂੰ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਵਿੱਤੀ ਸਹਾਇਤਾ ਮੰਗਣ ਦਾ ਮੁੱਖ ਮੰਤਵ ਵਿੱਤੀ ਸੂਝ-ਬੂਝ, ਬਿਹਤਰ ਪ੍ਰਸ਼ਾਸਨ ਤੇ ਬਿਹਤਰ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਤੀ ਸਹਾਇਤਾ ਨਾਲ ਪੰਜਾਬ ਦੀਆਂ ਵਿਕਾਸ ਤਰਜ਼ੀਹਾਂ, ਜਿਸ ’ਚ ਬੁਨਿਆਦੀ ਢਾਂਚਾ ਵਿਕਾਸ, ਮਨੁੱਖੀ ਸੋਮਿਆਂ ਦਾ ਵਿਕਾਸ ਤੇ ਸਮਾਜ ਭਲਾਈ ਪਹਿਲ ਕਦਮੀਆਂ ਸ਼ਾਮਲ ਹਨ, ਨੂੰ ਹੋਰ ਬਲ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਡਿਫ਼ਾਲਟਰ ਡੀਲਰਾਂ ਨੂੰ ਵੱਡਾ ਝਟਕਾ, ਸਰਕਾਰ ਨੇ ਕਰ 'ਤੀ ਸਖ਼ਤੀ
ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਸਹਿਯੋਗ ਨਾਲ ਪੰਜਾਬ ਖ਼ੁਸ਼ਹਾਲੀ ਤੇ ਵਿਕਾਸ ਵੱਲ ਵੱਡੀ ਪੁਲਾਂਘ ਪੁੱਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਧਰਤੀ ਹੇਠਲੇ ਪਾਣੀ ’ਚ ਸਿੱਕਾ ਤੇ ਹੋਰ ਭਾਰੀ ਧਾਤਾਂ ਦੀ ਮੌਜੂਦਗੀ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਨੇ ਵਿਸ਼ਵ ਬੈਂਕ ਨੂੰ ਲੋਕਾਂ ਦੀ ਸਹੂਲਤ ਲਈ ਉੱਤਰ ਪ੍ਰਦੇਸ਼ ’ਚ ਸ਼ੁਰੂ ਕੀਤੇ ਗਏ ਪ੍ਰਾਜੈਕਟ ਵਾਂਗ ਸੂਬੇ ’ਚ ਵੀ ਪ੍ਰਾਜੈਕਟ ਸ਼ੁਰੂ ਕਰਨ ਦੀ ਅਪੀਲ ਕੀਤੀ। ਅਗਸਟ ਟੈਨੋ ਕੁਆਮੇ ਨੇ ਕਿਹਾ ਕਿ ਵਿਸ਼ਵ ਬੈਂਕ ਵੱਡੇ ਸ਼ਹਿਰਾਂ ’ਚ ਸਹਿਯੋਗ ਦੇ ਖੇਤਰਾਂ ਤੇ ਵਿੱਤੀ ਸੂਝ-ਬੂਝ, ਡੇਟਾ ਸ਼ੇਅਰਿੰਗ ਤੇ ਹੋਰ ਸੇਵਾਵਾਂ ਦੀ ਭਾਲ ਕਰ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ਬੈਂਕ ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਇਨ੍ਹਾਂ ਨੂੰ ਅਪਣਾਉਣ ਬਾਰੇ ਵਿਚਾਰ ਕਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8