ਜੀ-20 ਸੰਮੇਲਨ: ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ PM ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ, CM ਮਾਨ ਨੇ ਕੀਤੀ ਸ਼ਿਰਕਤ

Friday, Dec 09, 2022 - 11:09 PM (IST)

ਜੀ-20 ਸੰਮੇਲਨ: ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ PM ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ, CM ਮਾਨ ਨੇ ਕੀਤੀ ਸ਼ਿਰਕਤ

ਨਵੀਂ ਦਿੱਲੀ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਜੀ-20 ਸੰਮੇਲਨ ਦੇ 2 ਸੈਸ਼ਨਾਂ ਦੀ ਸਫਲਤਾਪੂਰਵਕ ਮੇਜ਼ਬਾਨੀ ਕਰਕੇ ਨਵਾਂ ਮੀਲ ਦਾ ਪੱਥਰ ਸਥਾਪਤ ਕਰੇਗੀ। ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਵੀਡੀਓ ਕਾਨਫਰੰਸਿੰਗ ਵਿੱਚ ਭਾਗ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਖੁਸ਼ਕਿਸਮਤ ਹੈ ਕਿ ਜੀ-20 ਸੰਮੇਲਨ ਦੇ 2 ਸੈਸ਼ਨਾਂ 'ਚੋਂ ਪਹਿਲਾਂ 15, 16 ਤੇ 17 ਮਾਰਚ ਨੂੰ ਸਿੱਖਿਆ ਦੇ ਮੁੱਦੇ ਅਤੇ ਦੂਜਾ 22-23 ਜੂਨ ਨੂੰ ਲੇਬਰ ਦੇ ਮੁੱਦੇ 'ਤੇ ਹੋਣਗੇ। ਉਨ੍ਹਾਂ ਕਿਹਾ ਕਿ ਸੂਬਾ ਆਪਣੀ ਨਿੱਘੀ ਮਹਿਮਾਨਨਿਵਾਜ਼ੀ ਲਈ ਵਿਸ਼ਵ ਭਰ ਵਿੱਚ ਮਸ਼ਹੂਰ ਹੈ ਅਤੇ ਇਨ੍ਹਾਂ ਸਮਾਗਮਾਂ ਦੌਰਾਨ ਭਾਗ ਲੈਣ ਵਾਲੇ ਦੇਸ਼ਾਂ ਦੇ ਮਹਿਮਾਨਾਂ ਦਾ ਸਵਾਗਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਦੱਸਿਆ ਕਿ ਇਹ ਸਮਾਗਮ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਹੋਣਗੇ, ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਸੰਗਤ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਜਲਿਆਂਵਾਲਾ ਬਾਗ ਅਤੇ ਹੋਰਨਾਂ ਥਾਵਾਂ 'ਤੇ ਮੱਥਾ ਟੇਕਦੀ ਹੈ।

ਇਹ ਵੀ ਪੜ੍ਹੋ : ਚੁੱਘ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਪੰਜਾਬ ’ਚ ਅਮਨ-ਕਾਨੂੰਨ ਦੀ ਹਾਲਤ ਖਸਤਾ, ਸਿਆਸੀ ਸੈਰ-ਸਪਾਟੇ ’ਚ ਰੁੱਝੇ CM ਮਾਨ

ਮੁੱਖ ਮੰਤਰੀ ਨੇ ਨਰਿੰਦਰ ਮੋਦੀ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਪਤਵੰਤਿਆਂ ਦੀ ਆਰਾਮਦਾਇਕ ਠਹਿਰ ਲਈ ਵਿਸਤ੍ਰਿਤ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਰਾਮਦਾਇਕ ਠਹਿਰ ਯਕੀਨੀ ਬਣਾਉਣ ਤੋਂ ਇਲਾਵਾ ਮਹਿਮਾਨਾਂ ਨੂੰ ਰਵਾਇਤੀ ਪੰਜਾਬੀ ਖਾਣਾ ਖਵਾਇਆ ਜਾਵੇਗਾ ਅਤੇ ਸ਼ਾਮ ਨੂੰ ਸੱਭਿਆਚਾਰਕ ਸਮਾਗਮਾਂ ਦੌਰਾਨ ਉਨ੍ਹਾਂ ਨੂੰ ਅਮੀਰ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਦਿਖਾਈ ਜਾਵੇਗੀ। ਮਾਨ ਨੇ ਕਿਹਾ ਕਿ ਜੇ ਪਤਵੰਤੇ ਸਪੋਰਟਸ ਹੱਬ ਜਲੰਧਰ ਵਾਂਗ ਸੂਬੇ ਦੇ ਹੋਰ ਜ਼ਿਲ੍ਹਿਆਂ ਦਾ ਦੌਰਾ ਕਰਨਾ ਚਾਹੁਣਗੇ ਤਾਂ ਉਨ੍ਹਾਂ ਦੀ ਯਾਤਰਾ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।

PunjabKesari

ਇਹ ਵੀ ਪੜ੍ਹੋ : CM ਮਾਨ ਵੱਲੋਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ, ਪੇਂਡੂ ਤੇ ਮੰਡੀ ਵਿਕਾਸ ਫੰਡਜ਼ ਨੂੰ ਲੈ ਕੇ ਕੀਤੀ ਇਹ ਮੰਗ

ਉਨ੍ਹਾਂ ਪੀਐੱਮ ਮੋਦੀ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪਹਿਲਾਂ ਹੀ ਕਈ ਕਮੇਟੀਆਂ ਕਾਇਮ ਕੀਤੀਆਂ ਹੋਈਆਂ ਹਨ। ਕੈਬਨਿਟ ਸਬ-ਕਮੇਟੀ ਵੀ ਇਸ ਸਬੰਧੀ ਤਿਆਰੀਆਂ ’ਤੇ ਰੋਜ਼ਾਨਾ ਆਧਾਰ ’ਤੇ ਨਿਗਰਾਨੀ ਰੱਖ ਰਹੀ ਹੈ। ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਿੱਚ ਜਿੱਥੇ ਪੰਜਾਬ ਨਾਲੋਂ ਪਹਿਲਾਂ ਸਮਾਗਮ ਹੋਣਗੇ, ਅਧਿਕਾਰੀ ਉਥੋਂ ਦਾ ਦੌਰਾ ਕਰਕੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ।

ਇਹ ਵੀ ਪੜ੍ਹੋ : ਬਹੁ-ਚਰਚਿਤ ਸ਼ਰਾਬ ਫੈਕਟਰੀ ਮਾਮਲਾ, ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਧਰਨਾਕਾਰੀਆਂ ਵੱਲੋਂ ਪਿੱਛੇ ਹਟਣ ਤੋਂ ਇਨਕਾਰ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਇਹ ਵੱਡ-ਆਕਾਰੀ ਸਮਾਗਮ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਕਿ ਸੂਬੇ ਵਿੱਚ ਅੰਤਰਰਾਸ਼ਟਰੀ ਸੈਰ-ਸਪਾਟੇ ਨੂੰ ਹੋਰ ਹੁਲਾਰਾ ਦੇਵੇਗਾ। ਸੂਬਾ ਸਰਕਾਰ ਇਸ ਸਮਾਗਮ 'ਚ ਹਰ ਪੰਜਾਬੀ ਨੂੰ ਸ਼ਾਮਲ ਕਰੇਗੀ ਤਾਂ ਜੋ ਸੂਬੇ ਦੇ ਸ਼ਾਨਾਮੱਤੇ ਵਿਰਸੇ ਨਾਲ ਸਾਰੇ ਪਤਵੰਤਿਆਂ ਨੂੰ ਰੂਬਰੂ ਕਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਦੌਰੇ ’ਤੇ ਆਇਆ ਵਫ਼ਦ ਸੂਬੇ ਵਿੱਚ ਆਪਣੇ ਠਹਿਰਾਅ ਸਬੰਧੀ ਸ਼ਾਨਦਾਰ ਯਾਦਾਂ ਲੈ ਕੇ ਜਾਵੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News