CM ਮਾਨ ਨੇ ਕਣਕ ਦੀ ਖ਼ਰੀਦ ਨੂੰ ਲੈ ਕੇ ਖ਼ਰੀਦ ਏਜੰਸੀਆਂ ਨੂੰ ਦਿੱਤੇ ਇਹ ਨਿਰਦੇਸ਼

04/14/2022 10:58:20 PM

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂੁਬੇ ਦੀਆਂ ਖਰੀਦ ਏਜੰਸੀਆਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਮੀਂਹ ਰੁਕਣ ਦੇ ਕੁਝ ਘੰਟਿਆਂ ਅੰਦਰ ਮੰਡੀਆਂ ਦੇ ਕੰਮਕਾਜ ਨੂੰ ਮੁੜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਪ੍ਰਗਟਾਵਾ ਕਰਦਿਆਂ ਅੱਜ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੀ ਭਲਾਈ ’ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਖਰਾਬ ਮੌਸਮ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਇਲਜ਼ਾਮ, ਕਿਹਾ-ਸ਼ਰਾਬ ਪੀ ਕੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ

ਗੌਰਤਲਬ ਹੈ ਕਿ ਸੂਬੇ ਦੇ ਕਈ ਹਿੱਸਿਆਂ ’ਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਈ ਹੈ, ਜਿਸ ਕਾਰਨ ਭਲਕੇ ਮੰਡੀਆਂ ਦੇ ਕੰਮਕਾਜ ਵਿੱਚ ਅਸਥਾਈ ਵਿਘਨ ਪੈਣ ਦੀ ਸੰਭਾਵਨਾ ਹੈ। ਇਸੇ ਦੌਰਾਨ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਮੰਡੀ ਬੋਰਡ, ਮਾਰਕਫੈੱਡ, ਪਨਸਪ, ਐੱਫ. ਸੀ. ਆਈ. ਅਤੇ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਦੇਰ ਸ਼ਾਮ ਮੀਟਿੰਗ ਕਰਕੇ ਸੂਬੇ ਦੇ ਬਹੁਤੇ ਹਿੱਸਿਆਂ ’ਚ ਮੌਜੂਦਾ ਪ੍ਰਤੀਕੂਲ ਮੌਸਮੀ ਸਥਿਤੀਆਂ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਵਿਸਤ੍ਰਿਤ ਯੋਜਨਾ ਉਲੀਕੀ। ਬੁਲਾਰੇ ਨੇ ਖੁਲਾਸਾ ਕੀਤਾ ਕਿ ਅਧਿਕਾਰੀਆਂ ਵਿਚਕਾਰ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਇਕ ਵਿਸਤ੍ਰਿਤ ਕਾਰਜ ਯੋਜਨਾ ਉਲੀਕੀ ਗਈ ਹੈ ਅਤੇ ਮੰਡੀ ਬੋਰਡ ਨੂੰ ਸੂਬੇ ’ਚ ਸਾਰੇ ਉਪਲੱਬਧ ਸਰੋਤਾਂ ਦੀ ਤਾਇਨਾਤੀ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੰਡੀ ਯਾਰਡ ਦੇ ਅੰਦਰੋਂ ਕੋਈ ਵੀ ਰੁਕਿਆ ਹੋਇਆ ਪਾਣੀ ਮੀਂਹ ਦੇ ਰੁਕਣ ਦੇ ਕੁਝ ਸਮੇਂ ਦੇ ਅੰਦਰ-ਅੰਦਰ ਬਾਹਰ ਕੱਢਿਆ ਜਾ ਸਕੇ।

ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਣਬੀਰ ਤੇ ਆਲੀਆ, ਵੇਖੋ ਖ਼ੂਬਸੂਰਤ ਤਸਵੀਰਾਂ

ਉਨ੍ਹਾਂ ਕਿਹਾ ਕਿ ਮੰਡੀ ਬੋਰਡ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਮਾਰਕੀਟ ਕਮੇਟੀਆਂ ਜੰਗੀ ਪੱਧਰ ’ਤੇ ਸਮੱਸਿਆ ਨਾਲ ਨਜਿੱਠਣ ਲਈ ਅਸੀਮਤ ਮੈਨਪਾਵਰ ਅਤੇ ਪੰਪਿੰਗ ਸੈੱਟ ਤਾਇਨਾਤ ਕਰਨ। ਨਗਰ ਨਿਗਮਾਂ ਅਤੇ ਮਿਊਂਸਪਲ ਕਮੇਟੀਆਂ ਕੋਲ ਉਪਲੱਬਧ ਪੰਪਿੰਗ ਸੈੱਟਾਂ ਨੂੰ ਵੀ ਇਨ੍ਹਾਂ ਕਾਰਜਾਂ ’ਚ ਸਹਾਇਤਾ ਲਈ ਸਟੈਂਡਬਾਏ ’ਤੇ ਰੱਖਣ ਲਈ ਕਿਹਾ ਗਿਆ ਹੈ ਅਤੇ ਰਾਜ ਖਰੀਦ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅਧਿਕਾਰੀ ਸਵੇਰੇ-ਸਵੇਰੇ ਮੰਡੀਆਂ ਦਾ ਦੌਰਾ ਕਰਨ ਅਤੇ ਨਿੱਜੀ ਤੌਰ ’ਤੇ ਕਿਸਾਨਾਂ ਨੂੰ ਮਿਲਣ ਅਤੇ ਉਨ੍ਹਾਂ ਨੂੰ ਖਰੀਦਦਾਰੀ ਜਲਦੀ ਮੁੜ ਸ਼ੁਰੂ ਕਰਨ ਦਾ ਭਰੋਸਾ ਦਿਵਾਉਣ। ਮੰਡੀਆਂ ’ਚ ਪਏ ਸਟਾਕ ਦੀ ਸੁਰੱਖਿਆ ਦੇ ਸਬੰਧ ਵਿਚ ਬੁਲਾਰੇ ਨੇ ਦੱਸਿਆ ਕਿ ਸਟਾਕ ਨੂੰ ਤਰਪਾਲਾਂ ਨਾਲ ਢਕਿਆ ਗਿਆ ਹੈ ਅਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਕਿ ਸੈਕਟਰ ਅਫਸਰ ਮੰਡੀਆਂ ’ਚ ਪਈਆਂ ਸਾਰੀਆਂ ਜਿਣਸਾਂ ਦੀ ਜਾਂਚ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਮੰਡੀਆਂ ’ਚ ਪਈ ਸਾਰੀ ਜਿਣਸ ਨੂੰ ਢਕ ਕੇ ਮੀਂਹ ਅਤੇ ਧੂੜ ਭਰੀਆਂ ਹਵਾਵਾਂ ਤੋਂ ਸੁਰੱਖਿਅਤ ਰੱਖਿਆ ਜਾਵੇ।


Manoj

Content Editor

Related News