CM ਮਾਨ ਨੇ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ, ਕਿਹਾ - ਪੰਜਾਬ ’ਚ ਸਨਅਤਕਾਰਾਂ ਦੀ ਬਾਂਹ ਮਰੋੜਨ ਵਾਲਾ ਦੌਰ ਖ਼ਤਮ

Monday, Feb 06, 2023 - 11:17 PM (IST)

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਹੁਣ ਸਨਅਤਕਾਰਾਂ ਨੂੰ ਪ੍ਰੇਸ਼ਾਨ ਕਰਨ ਦਾ ਦੌਰ ਖ਼ਤਮ ਹੋ ਚੁੱਕਾ ਹੈ ਅਤੇ ਸੂਬਾ ਸਰਕਾਰ ਹੁਣ ਸਨਅਤੀ ਖੇਤਰ ਦੇ ਸਹਿਯੋਗੀ ਵਜੋਂ ਕੰਮ ਕਰੇਗੀ। ਜਲੰਧਰ ਵਿਖੇ ਸੋਮਵਾਰ ਨੂੰ ਉੱਘੇ ਕਾਰੋਬਾਰੀਆਂ ਨਾਲ ਵਿਚਾਰ-ਵਟਾਂਦਰਾ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ ਵਾਂਗ ਹੁਣ ਕੋਈ ਵੀ ਸਨਅਤਕਾਰਾਂ ਨੂੰ ਤੰਗ-ਪ੍ਰੇਸ਼ਾਨ ਨਹੀਂ ਕਰੇਗਾ, ਸਗੋਂ ਸੂਬਾ ਸਰਕਾਰ ਸਨਅਤ ਦੀ ਤਰੱਕੀ ਤੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਸੂਬਾ ਸਰਕਾਰ ਨੇ ਸਨਅਤਾਂ ਦੀ ਸਹੂਲਤ ਲਈ ਪਹਿਲਾਂ ਹੀ ਸਿੰਗਲ ਵਿੰਡੋ ਪ੍ਰਣਾਲੀ ਸ਼ੁਰੂ ਕਰ ਕੇ ਆਪਣੇ ਵਲੋਂ ਸਹਿਯੋਗ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਹੰਗਾਮਾ ਕਰਨ ਤੋਂ ਰੋਕਣ 'ਤੇ ਵਿਅਕਤੀ ਨੇ ਪੁਲਸ ਮੁਲਾਜ਼ਮ ਨਾਲ ਕੀਤਾ ਅਜਿਹਾ ਕਾਰਾ, ਸੁਣ ਕੇ ਹੋ ਜਾਵੋਗੇ ਹੈਰਾਨ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਮੌਜੂਦਾ ਸਨਅਤੀ ਇਕਾਈਆਂ ਦੀ ਸੁਰੱਖਿਆ, ਤਰੱਕੀ ਤੇ ਵਿਸਤਾਰ ਲਈ ਸਾਰਥਕ ਕੋਸ਼ਿਸ਼ਾਂ ਕਰੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਨਅਤੀ ਇਕਾਈਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਹੋਰ ਸਨਅਤਾਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸੂਬੇ ਭਰ ਵਿਚ ਅਜਿਹੇ ਵਿਚਾਰ-ਵਟਾਂਦਰਾ ਸੈਸ਼ਨ ਕਰਵਾਉਣ ਦਾ ਮੁੱਖ ਮਕਸਦ ਮੋਹਾਲੀ ਵਿਖੇ 23 ਤੇ 24 ਫਰਵਰੀ ਨੂੰ ਹੋ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿਚ ਸਥਾਨਕ ਸਨਅਤ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣਾ ਹੈ।

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਉਦਮੀਆਂ ਨੇ ਆਲਮੀ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ ਅਤੇ ਹੁਣ ਉਨ੍ਹਾਂ ਨੂੰ ਸੂਬੇ ਦੇ ਵਿਕਾਸ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਬੂਹੇ ਖੁੱਲ੍ਹਣ ਦੇ ਨਾਲ-ਨਾਲ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਸਨਅਤ ਦੀ ਸਹੂਲਤ ਲਈ ਆਦਮਪੁਰ, ਹਲਵਾਰਾ ਤੇ ਭੀਸੀਆਣਾ ਹਵਾਈ ਅੱਡਿਆਂ ਤੋਂ ਘਰੇਲੂ ਹਵਾਈ ਉਡਾਣਾਂ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਘਰ 'ਚ ਦੇਸੀ ਬੰਬ ਬਣਾਉਂਦਿਆਂ ਹੋਇਆ ਧਮਾਕਾ, 1 ਵਿਅਕਤੀ ਦੀ ਮੌਤ, 2 ਦੀ ਹਾਲਤ ਗੰਭੀਰ

ਮੁੱਖ ਮੰਤਰੀ ਨੇ ਕਿਹਾ ਕਿ ਉਹ ਹਾਲ ਹੀ ਵਿਚ ਚੇਨਈ, ਹੈਦਰਾਬਾਦ ਤੇ ਮੁੰਬਈ ਦਾ ਦੌਰਾ ਕਰ ਕੇ ਆਏ ਹਨ ਅਤੇ ਉਥੋਂ ਦੇ ਸਨਅਤਕਾਰਾਂ ਨੂੰ ਇਸ ਸੰਮੇਲਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਨ੍ਹਾਂ ਮਹਾਨਗਰਾਂ ਦੇ ਕਾਰੋਬਾਰੀ ਇਸ ਗੱਲੋਂ ਹੈਰਾਨ ਸਨ ਕਿ ਪੰਜਾਬ ਵਿਚ ਸਨਅਤੀ ਵਿਕਾਸ ਦੀਆਂ ਇੰਨੀਆਂ ਸੰਭਾਵਨਾਵਾਂ ਹਨ। ਸੂਬਾ ਸਰਕਾਰ ਦੇ ਯਤਨਾਂ ਸਦਕਾ ਇਹ ਕਾਰੋਬਾਰੀ ਹੁਣ ਪੰਜਾਬ ਵਿਚ ਨਿਵੇਸ਼ ਲਈ ਤਿਆਰ ਹਨ। ਸਨਅਤ ਤੇ ਵਣਜ ਨੂੰ ਹੋਰ ਗਤੀ ਦੇਣ ਲਈ ਸੂਬਾ ਸਰਕਾਰ ਨੇ ਪੰਜਾਬ ਲਈ ਨਵੀਂ ਸਨਅਤੀ ਨੀਤੀ ਬਣਾਈ ਹੈ, ਜੋ ਸਨਅਤਕਾਰਾਂ ਤੇ ਹੋਰ ਸਾਰੇ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਬਣਾਈ ਗਈ ਹੈ।

ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਸਨਅਤਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਰਮਨ ਅਰੋੜਾ, ਸ਼ੀਤਲ ਅੰਗੂਰਾਲ, ਬਲਕਾਰ ਸਿੰਘ ਅਤੇ ਇੰਦਰਜੀਤ ਕੌਰ ਮਾਨ, ਪ੍ਰਮੁੱਖ ਸਕੱਤਰ ਸਨਅਤਾਂ ਦਿਲੀਪ ਕੁਮਾਰ, ਸੀ.ਈ.ਓ. ਇਨਵੈਸਟ ਪੰਜਾਬ ਕੇ.ਕੇ. ਯਾਦਵ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ, ਵਧੀਕ ਸੀ.ਈ.ਓ. ਇਨਵੈਸਟ ਪੰਜਾਬ ਸੰਦੀਪ ਹੰਸ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਪੁਲਸ ਕਮਿਸ਼ਨਰ ਕੁਲਦੀਪ ਚਹਿਲ ਤੇ ਹੋਰ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News