CM ਮਾਨ ਵੱਲੋਂ 'ਗੁਰੂ ਰਵਿਦਾਸ ਮੈਮੋਰੀਅਲ' ਲੋਕਾਂ ਨੂੰ ਸਮਰਪਿਤ, ਸ੍ਰੀ ਖੁਰਾਲਗੜ੍ਹ ਸਾਹਿਬ ਬਣੇਗਾ ਵੱਡਾ ਟੂਰਿਸਟ ਸੈਂਟਰ
Saturday, Feb 24, 2024 - 04:26 PM (IST)
ਹੁਸ਼ਿਆਰਪੁਰ (ਵੈੱਬ ਡੈਸਕ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਿਸ਼ਆਰਪੁਰ ਸਥਿਤ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ ਰੱਖੇ ਗਏ ਸੂਬਾ ਪੱਧਰੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਪਵਿੱਤਰ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ 'ਗੁਰੂ ਰਵਿਦਾਸ ਮੈਮੋਰੀਅਲ' ਸ੍ਰੀ ਖੁਰਾਲਗੜ੍ਹ ਸਾਹਿਬ ਦਾ ਉਦਘਾਟਨ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਮਹਿਸੂਸ ਕਰ ਰਿਹਾ ਹਾਂ ਕਿ ਇਹ ਸੇਵਾ ਮੇਰੇ ਹਿੱਸੇ ਆਈ ਹੈ। ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਮੈਨੂੰ ਉਸ ਧਰਤੀ 'ਤੇ ਆਉਣ ਦਾ ਮੌਕਾ ਮਿਲਿਆ, ਜਿੱਥੇ ਸ੍ਰੀ ਗੁਰੂ ਰਵਿਦਾਸ ਜੀ 4 ਸਾਲ 2 ਮਹੀਨੇ 11 ਦਿਨ ਰਹੇ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀਆਂ ਯਾਦਗਾਰਾਂ ਅਤੇ ਸਿੱਖਿਆਵਾਂ ਨੂੰ ਸੰਭਾਲ ਕੇ ਰੱਖੀਏ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿਨ੍ਹਾਂ ਦੇ ਵਾਰਿਸ ਹਾਂ।
ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਿਕ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਵੱਡਾ ਟੂਰਿਸਟ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਨਾਉਣ ਦਾ ਐਲਾਨ ਵੀ ਕੀਤਾ। ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਇਕ-ਦੋ ਦਿਨਾਂ ਵਿਚ 150 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਹੋਵੇਗੀ।
ਇਹ ਵੀ ਪੜ੍ਹੋ: 34 ਬਾਸਕਟਬਾਲ ਗਰਾਊਂਡਸ ਬਣਾ ਚੁੱਕੇ ਸੁਲਤਾਨਪੁਰ ਲੋਧੀ ਤੋਂ 'ਆਪ' ਦੇ ਇੰਚਾਰਜ ਸੱਜਣ ਸਿੰਘ ਚੀਮਾ ਨਾਲ ਖਾਸ ਗੱਲਬਾਤ
ਪਿਛਲੀਆਂ ਸਰਕਾਰਾਂ 'ਤੇ ਸ਼ਬਦੀ ਹਮਲੇ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਿਕ ਪਿਛਲੀਆਂ ਸਰਕਾਰਾਂ 'ਚ ਕੋਈ ਕੰਮ ਨਹੀਂ ਹੋਇਆ। ਆਮ ਆਦਮੀ ਪਾਰਟੀ ਦੀ ਨੀਅਤ ਬਿਲਕੁਲ ਸਾਫ਼ ਹੈ। ਸਾਡੀ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਫ਼ੈਸਲਾ ਕੀਤਾ ਕਿ ਸਰਕਾਰੀ ਦਫ਼ਤਰਾਂ ਵਿਚ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਲੱਗੇਗੀ ਤਾਂ ਕਿ ਉਨ੍ਹਾਂ ਤਸਵੀਰਾਂ ਨੂੰ ਵੇਖ ਕੇ ਅਧਿਕਾਰੀ ਰਿਸ਼ਵਤ ਲੈਣ ਤੋਂ ਸ਼ਰਮ ਕਰਨਗੇ। ਅਸੀਂ ਪੰਜਾਬ ਵਿਚ ਸਰਕਾਰੀ ਸਕੂਲ ਵਧੀਆ ਬਣਾਉਣੇ ਸ਼ੁਰੂ ਕੀਤੇ। ਵਧੀਆ ਸਿੱਖਿਆ ਨਾਲ ਘਰਾਂ ਦੀ ਗ਼ਰੀਬੀ ਦੂਰ ਹੋਵੇਗੀ। ਪਿਛਲੀਆਂ ਸਰਕਾਰਾਂ ਨੇ 75 ਸਾਲਾਂ ਤੱਕ ਗ਼ਰੀਬਾਂ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ ਤਾਂਕਿ ਕੋਈ ਅਫ਼ਸਰ ਨਾ ਬਣ ਜਾਵੇ। ਸਾਡੇ ਬੱਚਿਆਂ ਵਿਚ ਕੋਈ ਕਮੀ ਨਹੀਂ ਬਸ ਉਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਸੀ।
ਅਸੀਂ ਦੋ ਸਾਲਾਂ ਵਿਚ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਜੋਕਿ ਰਿਸ਼ਵਤ ਨਹੀਂ ਸਗੋਂ ਮੈਰਿਟ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਗਈਆਂ। ਅਸੀਂ ਨੌਜਵਾਨਾਂ ਨੂੰ ਅਫ਼ਸਰ ਬਣਾ ਰਹੇ ਹਾਂ। ਵਿਰੋਧੀਆਂ 'ਤੇ ਭੜਕਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਆਟੇ ਦੇ ਬਿਸਕੁਟ ਵਾਲੇ ਹਾਂ, ਸੋਨੇ ਦੇ ਬਿਸਕੁਟ ਵਾਲੇ ਨਹੀਂ। ਵਿਰੋਧੀ ਮੈਨੂੰ ਤੜਕੇ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਨ। ਮੈਂ ਆਮ ਘਰਾਂ ਦਾ ਲੜਕਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਇਹੀ ਕਹਿੰਦੇ ਸੀ ਸਟੇਜ਼ਾਂ 'ਤੇ 500 ਰੁਪਏ ਲੈ ਕੇ ਜਾਂਦਾ ਸੀ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ 150 ਰੁਪਏ 'ਚ ਵੀ ਸਟੇਜ਼ਾਂ 'ਤੇ ਗਿਆ ਹੋਇਆ ਹਾਂ।
ਇਹ ਵੀ ਪੜ੍ਹੋ: ਗੁ. ਸ੍ਰੀ ਬੇਰ ਸਾਹਿਬ ਦੇ ਮੁਲਾਜ਼ਮ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।