CM ਮਾਨ ਦਾ ਕਿਸਾਨੀ ਧਰਨਿਆਂ 'ਤੇ ਤਿੱਖਾ ਹਮਲਾ, ਪਹਿਲਾਂ ਵਜ੍ਹਾ ਵੇਖ ਕੇ ਧਰਨੇ ਲੱਗਦੇ ਸਨ, ਹੁਣ ਜਗ੍ਹਾ ਵੇਖ ਕੇ

05/11/2023 3:36:36 PM

ਸੰਗਰਰੂ/ਧੂਰੀ : ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੌਰੇ 'ਤੇ ਹਨ, ਜਿਸ ਦੇ ਚੱਲਦਿਆਂ ਉਹ ਧੂਰੀ ਵਿਖੇ ਪਹੁੰਚੇ ਅਤੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣੀਆਂ। ਇਸ ਮੌਕੇ ਮਾਨ ਨੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾਂਦੇ ਧਰਨਿਆਂ ਤੋਂ ਇਲਾਵਾ ਪਰਾਲੀ ਦੇ ਮੁੱਦੇ ਤੇ ਨਹਿਰੀ ਪਾਣੀ ਦੇ ਮੁੱਦਿਆਂ 'ਤੇ ਗੱਲ ਕੀਤੀ। ਸੰਬੋਧਨ ਦੌਰਾਨ ਮਾਨ ਨੇ ਕਿਹਾ ਕਿ ਇਹ ਪ੍ਰੋਗਰਾਮ 'ਸਰਕਾਰ ਤੁਹਾਡੇ ਦੁਆਰ' ਹੈ। ਸਰਕਾਰ ਦੇ ਸਾਰੇ ਅਧਿਕਾਰੀ ਅੱਜ ਨਾਲ ਆਏ ਹਨ ਅਤੇ ਜਿਨ੍ਹਾਂ ਨੂੰ ਕਿਸੇ ਵੀ ਵਿਭਾਗ ਨਾਲ ਕੋਈ ਪਰੇਸ਼ਾਨੀ ਹੈ ਤਾਂ ਲੋਕ ਉਨ੍ਹਾਂ ਵਿਭਾਗਾਂ ਦੇ ਸਬੰਧਿਤ ਅਧਿਕਾਰੀਆਂ ਨੂੰ ਦੱਸ ਸਕਦੇ ਹਨ। ਮਾਨ ਨੇ ਆਖਿਆ ਕਿ ਲੋਕਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ, ਇਸ ਲਈ ਸਰਕਾਰ ਵੱਲੋਂ ਇਹ ਪ੍ਰੋਗਰਾਮ ਬਣਾਇਆ ਗਿਆ ਹੈ। ਮਾਨ ਨੇ ਕਿਹਾ ਕਿ ਧੂਰੀ ਸਾਰੇ ਪੰਜਾਬ ਲਈ ਇਕ ਪ੍ਰਯੋਗਸ਼ਾਲਾ ਬਣੇਗਾ, ਇੱਥੇ ਟੈਸਟ ਕੀਤੇ ਜਾਣਗੇ ਤੇ ਜੇਕਰ ਉਹ ਟੈਸਟ ਕਾਮਯਾਬ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੂਰੇ ਸੂਬੇ 'ਚ ਲਾਗੂ ਕੀਤਾ ਜਾਵੇਗਾ। 

ਕਿਸਾਨ ਜਥੇਬੰਦੀਆਂ ਬੇਵਜ੍ਹਾ ਲਗਾਉਂਦੀਆਂ ਧਰਨੇ

ਸਰਕਾਰ ਵੱਲੋਂ MSP 'ਚ ਲਾਏ ਗਏ ਵੈਲਿਓ ਕੱਟ ਤੋਂ ਬਾਅਦ ਕਿਸਾਨਾਂ ਦੇ ਰੇਲ ਰੋਕੋ ਧਰਨਾ 'ਤੇ ਗੱਲ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਬਿਨਾਂ ਵਜ੍ਹਾ ਹੀ ਧਰਨਾ ਲਾ ਕੇ ਬੈਠ ਜਾਂਦੀਆਂ ਹਨ। ਪਹਿਲੇ ਸਮੇਂ 'ਚ ਲੋਕ ਧਰਨਾ ਲਾਉਣ ਤੋਂ ਪਹਿਲਾਂ ਉਸਦੀ ਵਜ੍ਹਾ ਦੇਖਦੇ ਸਨ ਪਰ ਹੁਣ ਦੇ ਲੋਕ ਬਸ ਜਗ੍ਹਾ ਦੇਖਦੇ ਹਨ ਕਿ ਜਿੱਥੇ ਜਗ੍ਹਾ ਖਾਲੀ ਹੈ, ਉੱਥੇ ਬੈਠ ਜਾਓ ਤੇ ਮੰਗਾਂ ਨੂੰ ਬਾਅਦ ਵਿੱਚ ਦੇਖ ਲਵਾਂਗੇ। ਮਾਨ ਨੇ ਆਖਿਆ ਕਿ ਮੈਨੂੰ ਇਕੱਲੀ-ਇਕੱਲੀ ਗੱਲ ਬਾਰੇ ਪਤਾ ਹੈ। 

ਇਹ ਵੀ ਪੜ੍ਹੋ- ਜ਼ਹਿਰੀਲਾ ਅਨਾਜ ਖਾ ਰਹੇ ਪੰਜਾਬੀ, ਕੀਟਨਾਸ਼ਕਾਂ ਦੀ ਵਰਤੋਂ ਕਰਨ 'ਚ ਪੂਰੇ ਦੇਸ਼ 'ਚੋਂ ਮੋਹਰੀ

ਪਿੰਡਾਂ 'ਚ ਪਾਈ ਜਾਵੇਗੀ ਪਾਈਪਲਾਈਨ

ਮੁੱਖ ਮੰਤਰੀ ਮਾਨ ਨੇ ਆਖਿਆ ਕਿ 7-8 ਮਹੀਨਿਆਂ ਤੋਂ ਨਹਿਰਾਂ ਨੂੰ ਜਿਉਂਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ 'ਚ ਅੰਡਰਗਰਾਊਂਡ ਪਾਈਪਾਂ ਪਾਉਣ ਦੇ ਕੰਮ ਲਈ 90 ਪੈਸੇ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ ਤੇ 10 ਪੈਸੇ ਸੂਬਾ ਸਰਕਾਰ ਵੱਲੋਂ ਪਰ ਪਿੰਡਾਂ ਦੀਆਂ ਪੰਚਾਇਤਾਂ ਕੋਲ ਇੰਨਾ ਪੈਸੇ ਨਹੀਂ ਹਨ। ਇਸ ਲਈ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਸਰਕਾਰ ਪੰਚਾਇਤਾਂ ਤੋਂ 10 ਫ਼ੀਸਦੀ ਹਿੱਸਾ ਨਾ ਲੈ ਕੇ ਸਾਰਾ ਖ਼ਰਚਾ ਖ਼ੁਦ ਕਰੇਗੀ ਅਤੇ ਕੋਈ ਪਿੰਡ ਅੰਡਰਗਰਾਊਂਡ ਪਾਇਪਾਂ ਤੋਂ ਵਾਂਝਾ ਨਹੀਂ ਰਹੇਗਾ। ਧੂਰੀ 'ਚ 23 ਕਿਲੋਮੀਟਰ ਪਾਈਪਲਾਈਨ ਪੈ ਚੁੱਕੀ ਹੈ ਤੇ 41 ਕੰਮ ਚੱਲ ਰਹੇ ਹਨ। ਪੰਜਾਬ ਕੋਲ ਪਹਿਲਾਂ ਨਾ ਕੱਸੀ ਦਾ ਪਾਣੀ ਸੀ ਅਤੇ ਨਾ ਬਿਜਲੀ ਪਰ ਹੁਣ ਕਿਸਾਨਾਂ ਕੋਲ ਦੋਵੇਂ ਚੀਜ਼ਾਂ ਹਨ। ਝੋਨਾ ਲੱਗਣ ਤੋਂ ਪਹਿਲਾਂ ਨਹਿਰਾਂ ਦੇ ਕਿਨਾਰੇ ਮਜ਼ਬੂਤ ਕੀਤੇ ਜਾਣਗੇ।

ਪਰਾਲੀ ਦੇ ਮੁੱਦੇ 'ਤੇ ਬੋਲੇ CM ਮਾਨ

ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਗੱਲ ਕਰਦਿਆਂ ਮੁੱਖ ਮੰਤਰੀ ਮਾਨ ਨੇ ਆਖਿਆ ਕਿ ਪਹਿਲਾਂ ਕਿਸਾਨ ਜ਼ੀਰਾ ਫੈਕਟਰੀ ਅੱਗੇ ਧਰਨਾ ਦੇ ਰਹੇ ਸਨ ਕਿ ਫੈਕਟਰੀ ਕਾਰਨ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਤੇ ਹੁਣ ਜਦੋਂ ਥਾਂ-ਥਾਂ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਤਾਂ ਹੁਣ ਉਹ ਧਰਨਿਆਂ ਵਾਲੇ ਕਿਸਾਨ ਕਿੱਥੇ ਹਨ ਤੇ ਹੁਣ ਕਿਉਂ ਨਹੀਂ ਉਹ ਧਰਨਾ ਦੇ ਰਹੇ? ਹੁਣ ਉਹ ਖ਼ੁਦ ਕਹਿ ਕੇ ਪਰਾਲੀ ਨੂੰ ਅੱਗ ਲਗਵਾ ਰਹੇ ਹਨ। ਕੀ ਉਹ ਚਾਹੁੰਦੇ ਹਨ ਕਿ ਪੰਜਾਬ ਦਾ ਵਾਤਾਵਰਨ ਠੀਕ ਨਾ ਹੋਵੇ? ਮਾਨ ਨੇ ਆਖਿਆ ਕਿ ਜੇ ਤੁਸੀਂ ਸਰਕਾਰ ਦਾ ਸਾਥ ਦਿਓਗੇ ਤਾਂ ਉਸ ਮੁਸ਼ਕਿਲ ਦਾ ਹੱਲ ਵੀ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨ ਜ਼ਮੀਨ ਵਾਅ ਕੇ ਪਾਣੀ ਛੱਡ ਦਿੰਦੇ ਹਾਂ ਪਰ ਉਸ ਦਾ ਫਾਇਦਾ ਕੀ। ਮਾਨ ਨੇ ਆਖਿਆ ਕਿ ਆਪਣਾ ਪਾਣੀ ਬਹੁਤ ਕੀਮਤੀ ਹੈ ਤੇ ਜੇਕਰ ਆਪਾ ਚੌਲਾਂ ਦੀ ਥਾਂ ਦੇਸ਼ ਨੂੰ ਪਾਣੀ ਦਿੰਦੇ ਤਾਂ ਅਸੀਂ ਬਹੁਤ ਅਮੀਰ ਹੋਣਾ ਸੀ। 

ਇਹ ਵੀ ਪੜ੍ਹੋ- ਜੰਮੂ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਇਆ ਸੰਗਰੂਰ ਜ਼ਿਲ੍ਹੇ ਦਾ ਨੌਜਵਾਨ ਜਸਵੀਰ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਇਸ ਲਈ ਸਾਡੇ ਮਕਸਦ ਇਹ ਹੈ ਕਿ ਸਰਕਾਰ ਕਾਨੂੰਨ ਬਣਾ ਕੇ ਨਹੀਂ ਸਗੋਂ ਲੋਕਾਂ ਦੇ ਸਹਿਯੋਗ ਨਾਲ ਚਲਾਈ ਜਾਵੇ। ਇਸ ਦੇ ਨਾਲ ਹੀ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲ ਦੀਆਂ ਉਹ ਕਿਸਮਾਂ ਲਗਾਉਣ ਜਿਹੜੀਆਂ ਜਲਦੀ ਪੱਕ ਜਾਣ, ਪਰਾਲੀ ਘੱਟ ਹੋਵੇ, ਪਾਣੀ ਘੱਟ ਮੰਗੇ ਤੇ ਜਿਸ ਨਾਲ ਸਮਾਂ ਬਚੇ। ਇਸ ਨਾਲ ਪਾਣੀ ਤੇ ਬਿਜਲੀ ਦਾ ਬਚਾਅ ਹੋਵੇਗਾ ਅਤੇ ਪਰਾਲੀ ਘੱਟ ਹੋਵੇਗੀ। ਮਾਨ ਨੇ ਕਿਹਾ ਕਿ ਸਰਕਾਰ ਹਰ ਮੁਸ਼ਕਿਲ ਸਥਿਤੀ 'ਚ ਕਿਸਾਨਾਂ ਦੀ ਬਾਂਹ ਫੜਦੇ ਹੈ। ਕੁਝ ਮਹੀਨੇ ਪਹਿਲਾਂ ਬਰਸਾਤ ਕਾਰਣ ਨੁਕਸਾਨੀ ਗਈ ਫ਼ਸਲ ਖੇਤਾਂ 'ਚ ਹੀ ਪਈ ਸੀ ਪਰ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ 'ਚ ਮੁਆਵਜ਼ਾ ਪਹਿਲਾਂ ਹੀ ਪਾ ਦਿੱਤਾ ਸੀ। ਉਸ ਮੌਕੇ ਵਿਰੋਧੀ ਇਹ ਵੀ ਕਹਿ ਰਹੇ ਸਨ ਕਿ ਅਜਿਹਾ ਸੰਭਵ ਹੀ ਨਹੀਂ ਪਰ ਜਦੋਂ ਦੇ ਸਰਕਾਰ ਨੇ ਖਾਤਿਆਂ 'ਚ ਪੈਸੇ ਪਾਏ ਸਨ ਫਿਰ ਕੋਈ ਨਹੀਂ ਬੋਲਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News