4 ਸਾਲ ਬਾਅਦ ਵੀ ਮਾਫੀਆ ਰਾਜ ਬਾਰੇ ਮੁੱਖ ਮੰਤਰੀ ਦਾ ਜਵਾਬ, ਇਕ ਦਿਨ ’ਚ ਮਾਫੀਆ ਖਤਮ ਨਹੀਂ ਹੋ ਸਕਦਾ

Friday, Mar 19, 2021 - 02:27 PM (IST)

4 ਸਾਲ ਬਾਅਦ ਵੀ ਮਾਫੀਆ ਰਾਜ ਬਾਰੇ ਮੁੱਖ ਮੰਤਰੀ ਦਾ ਜਵਾਬ, ਇਕ ਦਿਨ ’ਚ ਮਾਫੀਆ ਖਤਮ ਨਹੀਂ ਹੋ ਸਕਦਾ

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸੂਬੇ ਵਿਚ ਮਾਫੀਆ ਰਾਜ ’ਤੇ ਆਪਣਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਦਿਨ ਵਿਚ ਮਾਫੀਆ ਰਾਜ ਦਾ ਅੰਤ ਨਹੀਂ ਹੋ ਸਕਦਾ ਹੈ। ਇਹ ਬੇਹੱਦ ਹੌਲੀ ਪ੍ਰਕਿਰਿਆ ਹੈ, ਜੋ ਲਗਾਤਾਰ ਚੱਲ ਰਹੀ ਹੈ। ਮੁੱਖ ਮੰਤਰੀ ਚੰਡੀਗੜ੍ਹ ਵਿਚ ਸਰਕਾਰ ਦੇ 4 ਸਾਲ ਪੂਰੇ ਹੋਣ ’ਤੇ ਬੋਲ ਰਹੇ ਸਨ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਡਰਗ ਮਾਫੀਆ, ਮਾਈਨਿੰਗ ਮਾਫੀਆ, ਲੀਕਰ, ਲੈਂਡ, ਕੇਬਲ, ਟਰਾਂਸਪੋਰਟ ਅਤੇ ਲਾਟਰੀ ਮਾਫੀਆ ਦਾ ਜ਼ਿਕਰ ਕੀਤਾ ਸੀ। ਕੀ ਅੱਜ ਪੰਜਾਬ ਵਿਚ ਸਾਰੇ ਤਰ੍ਹਾਂ ਦੇ ਮਾਫੀਏ ਦਾ ਸਫਾਇਆ ਹੋ ਗਿਆ ਹੈ। ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਰਾਬ ਮਾਫੀਆ ਤੋਂ ਲੈ ਕੇ ਰੇਤ ਮਾਫੀਆ ਦਾ ਲੱਕ ਤੋੜ ਦਿੱਤਾ ਹੈ। ਰੇਤ-ਬਜਰੀ ਕਾਰੋਬਾਰ ਦੀ ਕਮਾਈ ਵਿਚ ਕਾਫ਼ੀ ਉਛਾਲ ਆਇਆ ਹੈ। ਇਸ ਕੜੀ ਵਿਚ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਲਈ ਟਰਾਂਸਪੋਰਟ ਪਾਲਿਸੀ ਲਾਗੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਲਗਾਤਾਰ ਇਸ ਦਿਸ਼ਾ ਵਿਚ ਠੋਸ ਕਦਮ ਚੁੱਕ ਰਹੀ ਹੈ ਅਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ। ਅਕਾਲੀ-ਭਾਜਪਾ ਸ਼ਾਸਨ ਦੌਰਾਨ ਰੇਤ ਦੁਆਰਾ ਹੁੰਦੀ 35 ਕਰੋੜ ਰੁਪਏ ਦੀ ਕਮਾਈ ਮੌਜੂਦਾ ਸਮੇਂ ਵਿਚ ਵਧਕੇ 350 ਕਰੋੜ ਰੁਪਏ ਤੱਕ ਪਹੁੰਚ ਜਾਣ ਬਾਰੇ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਤਰੱਕੀ ਸਪੱਸ਼ਟ ਤੌਰ ’ਤੇ ਵਿਖਾਈ ਦੇ ਰਹੀ ਹੈ। ਇਸੇ ਤਰ੍ਹਾਂ ਸ਼ਰਾਬ ਦੀ ਖਰੀਦ ਨਾਲ ਆਬਕਾਰੀ ਮਾਲੀਆ ਜੋ ਅਕਾਲੀ ਸਰਕਾਰ ਦੇ ਸਮੇਂ 4300 ਕਰੋੜ ਰੁਪਏ ਸੀ, ਉਹ ਮੌਜੂਦਾ ਵਿੱਤੀ ਸਾਲ ਵਿਚ 7200 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਇਹ ਸਭ ਕੋਵਿਡ ਦੀ ਸਥਿਤੀ ਕਾਰਨ ਪੈਦਾ ਹੋਈ ਸਮੱਸਿਆ ਦੇ ਬਾਵਜੂਦ ਸੰਭਵ ਹੋਇਆ ਹੈ।

ਇਹ ਵੀ ਪੜ੍ਹੋ :ਪ੍ਰਕਾਸ਼ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

ਡਰਗ ਮਾਫੀਏ ਦੇ ਸਫਾਏ ਦੀ ਗੱਲ ਕਦੇ ਨਹੀਂ ਕਹੀ, ਲੱਕ ਤੋੜਨ ਦੀ ਗੱਲ ਕਹੀ
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਨਸ਼ੇ ਦਾ ਲੱਕ ਤੋੜਨ ਦੀ ਸਹੁੰ ਚੁੱਕੀ ਸੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਇਹ ਕਦੇ ਵੀ ਨਹੀਂ ਕਿਹਾ ਸੀ ਕਿ ਉਹ ਡਰਗ ਮਾਫੀਏ ਦਾ ਮੁਕੰਮਲ ਤੌਰ ’ਤੇ ਸਫਾਇਆ ਕਰ ਦੇਣਗੇ। ਉਨ੍ਹਾਂ ਨੇ ਤਾਂ ਸਪੱਸ਼ਟ ਕਿਹਾ ਸੀ- ਮੈਂ ਨਸ਼ੇਂ ਦਾ ਲੱਕ ਤੋੜ ਕੇ ਰੱਖ ਦੇਵਾਂਗਾ। ਪੰਜਾਬ ਪੁਲਸ ਦੇ ਆਪਰੇਸ਼ਨ ਰੈੱਡ ਰੋਜ਼ ਦੀ ਸਫਲਤਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਰਾਜ ਵਿਚ ਨਸ਼ੇ ਦੀ ਸਥਿਤੀ ਵਿਚ ਬਹੁਤ ਸੁਧਾਰ ਹੋਇਆ ਹੈ।

ਸਭ ਦੀਆਂ ਬਦਮਾਸ਼ੀਆਂ ਦੀ ਸੂਚੀ ਸਰਕਾਰ ਕੋਲ ਪਰ ਜਦੋਂ ਸਮਾਂ ਆਵੇਗਾ, ਉਦੋਂ ਜਨਤਕ ਕਰਾਂਗੇ
ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਵਿਧਾਨ ਸਭਾ ਵਿਚ ਇਕ ਸੂਚੀ ਲਹਿਰਾਉਂਦੇ ਹੋਏ ਕਿਹਾ ਸੀ ਕਿ ਇਸ ਸੂਚੀ ਵਿਚ ਸਭ ਦੇ ਕਾਰਨਾਮਿਆਂ ਦਾ ਕਾਲ਼ਾ-ਚਿੱਠਾ ਹੈ ਤਾਂ ਕੀ 4 ਸਾਲ ਬਾਅਦ ਹੁਣ ਸਰਕਾਰ ਉਸ ਸੂਚੀ ਨੂੰ ਜਨਤਕ ਕਰੇਗੀ। ਇਸ ’ਤੇ ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਸਭ ਦੀਆਂ ਬਦਮਾਸ਼ੀਆਂ ਦੀ ਸੂਚੀ ਹੈ ਪਰ ਜਦੋਂ ਸਮਾਂ ਆਵੇਗਾ, ਉਦੋਂ ਜਨਤਕ ਕਰਾਂਗੇ।

ਇਹ ਵੀ ਪੜ੍ਹੋ : ਪ੍ਰਨੀਤ ਕੌਰ ਨੇ ਕੋਰੋਨਾ ਵਿਰੁੱਧ ਜੰਗ ਲਈ ਕੇਂਦਰ ਤੋਂ ਮੰਗੇ 200 ਕਰੋੜ ਰੁਪਏ

ਖੇਤੀ ਕਮਿਸ਼ਨ ਦੀ ਰਿਪੋਰਟ ਨੂੰ ਭੁੱਲੇ ਮੁੱਖ ਮੰਤਰੀ
ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਖੇਤੀ ਕਮਿਸ਼ਨ ਦੀ ਡਰਾਫਟ ਰਿਪੋਰਟ ’ਤੇ ਕੋਈ ਸਟੀਕ ਜਵਾਬ ਨਹੀਂ ਦੇ ਸਕੇ। ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਕਮਿਸ਼ਨ ਨੇ ਪੰਜਾਬ ਵਿਚ ਖੇਤੀਬਾੜੀ ਸੁਧਾਰ ਨੂੰ ਲੈ ਕੇ ਇਕ ਡਰਾਫਟ ਰਿਪੋਰਟ ਪੰਜਾਬ ਰਾਜ ਕਿਸਾਨ ਨੀਤੀ ਸੌਂਪੀ ਸੀ ਪਰ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਇਸ ਨੀਤੀ ’ਤੇ ਸਰਕਾਰ ਸਲਾਹ-ਮਸ਼ਵਰਾ ਤੱਕ ਨਹੀਂ ਕਰ ਸਕੀ ਹੈ। ਮੁੱਖ ਮੰਤਰੀ ਨੇ ਪਹਿਲਾਂ ਤਾਂ ਇਸ ਰਿਪੋਰਟ ਬਾਰੇ ਅਗਿਆਨਤਾ ਪ੍ਰਗਟ ਕੀਤੀ ਪਰ ਬਾਅਦ ਵਿਚ ਕਿਹਾ ਕਿ ਜੋ ਵੀ ਰਿਪੋਰਟ ਵਿਚ ਪ੍ਰਸਤਾਵਿਤ ਹੋਵੇਗਾ, ਉਸ ’ਤੇ ਵਿਚਾਰ ਕੀਤਾ ਜਾਵੇਗਾ। ਹਾਲਾਂਕਿ ਮੁੱਖ ਮੰਤਰੀ ਨੇ ਆਪਣੇ ਪੱਧਰ ’ਤੇ ਪੰਜਾਬ ਵਿਚ ਖੇਤੀ ਸੁਧਾਰ ਲਈ ਕੀਤੇ ਯਤਨਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹੀ ਖੇਤੀ ਮੰਤਰੀ ਰਹਿੰਦੇ ਹੋਏ ਪੰਜਾਬ ਵਿਚ ਖੇਤੀ ਵਿਭਿੰਨਤਾ ਨੂੰ ਲੈ ਕੇ ਯਤਨ ਕੀਤੇ ਸਨ।

ਪਾਵਰ ਐਗਰੀਮੈਂਟ ਕਾਨੂੰਨੀ ਦਸਤਾਵੇਜ਼, ਨਹੀਂ ਕੀਤਾ ਜਾ ਸਕਦਾ ਰੱਦ
ਪੰਜਾਬ ਦੇ ਕਈ ਵਿਧਾਇਕਾਂ ਨੇ ਸੂਬੇ ਵਿਚ ਪ੍ਰਾਈਵੇਟ ਪਾਵਰ ਪਲਾਂਟਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਸੀ।ਖੁਦ ਸਰਕਾਰ ਨੇ ਕਿਹਾ ਸੀ ਕਿ ਛੇਤੀ ਹੀ ਸਰਕਾਰ ਬਿਜਲੀ ’ਤੇ ਵਾਈਟ ਪੇਪਰ ਲੈ ਕੇ ਆਵੇਗੀ ਪਰ ਅੱਜ ਤੱਕ ਕੁਝ ਨਹੀਂ ਹੋਇਆ। ਇਸ ਸਬੰਧ ਵਿਚ ਸਵਾਲ ਪੁੱਛਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਪਾਵਰ ਐਗਰੀਮੈਂਟ ਇਕ ਕਾਨੂੰਨੀ ਦਸਤਾਵੇਜ਼ ਹੈ, ਜਿਨ੍ਹਾਂ ਨੂੰ ਸੌਖ ਨਾਲ ਰੱਦ ਨਹੀਂ ਕੀਤਾ ਜਾ ਸਕਦਾ ਹੈ। ਪਾਵਰ ਪਲਾਂਟ ਸੰਚਾਲਕਾਂ ਨੇ ਸਰਕਾਰ ਨੂੰ ਪਲਾਂਟ ਖਰੀਦਣ ਦਾ ਆਫਰ ਵੀ ਦਿੱਤਾ ਸੀ ਪਰ ਧਨਰਾਸ਼ੀ ਦੀ ਮੰਗ ਜ਼ਿਆਦਾ ਹੋਣ ਕਾਰਨ ਇਹ ਵੀ ਸੰਭਵ ਨਹੀਂ ਹੋ ਸਕਿਆ ਹੈ।

ਮੁਖਤਾਰ ਅੰਸਾਰੀ ਨੇ ਪੰਜਾਬ ’ਚ ਜ਼ੁਰਮ ਕੀਤਾ ਤਾਂ ਇਸ ਦੀ ਕੀਮਤ ਚੁਕਾਉਣੀ ਪਵੇਗੀ
ਗੈਂਗਸਟਰ ਤੋਂ ਰਾਜਨੇਤਾ ਬਣੇ ਮੁਖਤਾਰ ਅੰਸਾਰੀ ਨੂੰ ਲੈ ਕੇ ਪੰਜਾਬ ਸਰਕਾਰ ਉੱਤਰਪ੍ਰਦੇਸ਼ ਸਰਕਾਰ ਦੇ ਨਿਸ਼ਾਨੇ ’ਤੇ ਹੈ। ਦੋਸ਼ ਲਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਾਣ-ਬੁੱਝ ਕੇ ਮੁਖਤਾਰ ਅੰਸਾਰੀ ਨੂੰ ਉੱਤਰਪ੍ਰਦੇਸ਼ ਦੇ ਹਵਾਲੇ ਨਹੀਂ ਕਰ ਰਹੀ ਹੈ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਮਾਮਲਾ ਅਦਾਲਤ ਵਿਚ ਹੈ। ਉਨ੍ਹਾਂ ਕਿਹਾ ਕਿ ਜੇ ਅੰਸਾਰੀ ਨੇ ਪੰਜਾਬ ਵਿਚ ਜੁਰਮ ਕੀਤਾ ਹੈ ਤਾਂ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਇਸ ਤੋਂ ਬਾਅਦ ਜੋ ਵੀ ਉਸ ਨੂੰ ਜਿੱਥੇ ਲਿਜਾਣਾ ਚਾਹੁੰਦਾ ਹੈ, ਲੈ ਜਾਵੇ।       

ਇਹ ਵੀ ਪੜ੍ਹੋ : ਬਾਬਾ ਬਕਾਲਾ ਸਾਹਿਬ ਵਿਖੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਤਾ ਗੁਜਰੀ ਜੀ ਇਸਤਰੀ ਗੁਰਮਤਿ ਸੰਮੇਲਨ

 


author

Anuradha

Content Editor

Related News