ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦੀ ਮੁੱਖ ਮੁਲਜ਼ਮ ਜੋਤੀ ਗ੍ਰਿਫ਼ਤਾਰ, ਪੁਲਸ ਸਾਹਮਣੇ ਖੋਲ੍ਹੇ ਕਈ ਰਾਜ਼
Friday, May 21, 2021 - 02:49 PM (IST)
ਜਲੰਧਰ (ਮ੍ਰਿਦੁਲ)– ਥਾਣਾ ਮਾਡਲ ਟਾਊਨ ਅਧੀਨ ਆਉਂਦੇ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਕੁੜੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਗੈਂਗਰੇਪ ਪੀੜਤਾ ਨੂੰ ਜਲੰਧਰ ਦੇ ਕਲਾਊਡ ਸਪਾ ਤੱਕ ਲੈ ਕੇ ਆਉਣ, ਉਸ ਦਾ ਗੈਂਗਰੇਪ ਕਰਵਾਉਣ ਅਤੇ ਨਸ਼ੇ ਦੇ ਜਾਲ ਵਿਚ ਫਸਾਉਣ ਦੀ ਮੁਲਜ਼ਮ ਜੋਤੀ ਆਂਟੀ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਉਹ ਪੈਦਲ ਹੀ ਜਾ ਰਹੀ ਸੀ ਜਦੋਂ ਪੁਲਸ ਨੇ ਉਸ ਨੂੰ ਫੜਿਆ। ਹਾਲਾਂਕਿ ਪੁਲਸ ਸਿਵਲ ਡਰੈੱਸ ਵਿਚ ਜੋਤੀ ਨੂੰ ਕਈ ਦਿਨਾਂ ਤੋਂ ਲੱਭ ਰਹੀ ਸੀ।
ਇਹ ਵੀ ਪੜ੍ਹੋ: ਬੰਗਾ 'ਚ ਸ਼ਾਮਲਾਤੀ ਜ਼ਮੀਨ ਕਾਰਨ ਟਰੈਕਟਰ ਹੇਠਾਂ ਕੁਚਲ ਕੇ ਬਜ਼ੁਰਗ ਨੂੰ ਦਿੱਤੀ ਦਰਦਨਾਕ ਮੌਤ
ਨਸ਼ਾ ਸਮੱਗਲਿੰਗ ਦੇ ਕੇਸ 'ਚ ਜ਼ਮਾਨਤ 'ਤੇ ਬਾਹਰ ਆਈ ਸੀ ਜੋਤੀ
ਜੋਤੀ ਨੂੰ ਲੁਧਿਆਣਾ ਤੋਂ ਜਲੰਧਰ ਲਿਆਂਦਾ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਲਈ ਗਠਿਤ ਐੱਸ. ਆਈ. ਟੀ. ਦੇ ਸੁਪਰਵਾਈਜ਼ਰ ਡੀ. ਸੀ. ਪੀ. ਜਗਮੋਹਨ ਸਿੰਘ ਨੇ ਏ. ਸੀ. ਪੀ. ਹਰਿੰਦਰ ਸਿੰਘ ਗਿੱਲ, ਐੱਸ. ਐੱਚ. ਓ.-6 ਸੁਰਜੀਤ ਸਿੰਘ ਗਿੱਲ ਅਤੇ ਸਬ-ਇੰਸਪੈਕਟਰ ਅਨੂ ਪਲਿਆਲ ਦੀ ਹਾਜ਼ਰੀ ਵਿਚ ਲਗਭਗ ਇਕ ਘੰਟਾ ਜੋਤੀ ਤੋਂ ਪੁੱਛਗਿੱਛ ਕੀਤੀ। ਇਸ ਸਬੰਧੀ ਡੀ. ਸੀ. ਪੀ. ਜਗਮੋਹਨ ਸਿੰਘ ਨੇ ਦੱਸਿਆ ਕਿ ਜੋਤੀ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਜ਼ਮਾਨਤ ’ਤੇ ਬਾਹਰ ਆਈ ਹੈ। ਉਸ ’ਤੇ ਲੁਧਿਆਣਾ ਪੁਲਸ ਕਮਿਸ਼ਨਰੇਟ ਵਿਚ ਨਸ਼ਾ ਸਮੱਗਲਿੰਗ ਦੇ 2 ਕੇਸ ਦਰਜ ਹਨ, ਜੋ ਕਿ ਕੋਰਟ ਵਿਚ ਵਿਚਾਰ ਅਧੀਨ ਹਨ।
ਇਹ ਵੀ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਚਿੰਤਾਜਨਕ, ਕੈਪਟਨ ਨੇ ਸਿਹਤ ਮਹਿਕਮੇ ਨੂੰ ਦਿੱਤੇ ਇਹ ਹੁਕਮ
ਪੁੱਛਗਿੱਛ ’ਚ ਜੋਤੀ ਨੇ ਖੋਲ੍ਹੇ ਕਈ ਰਾਜ਼
ਉਥੇ ਹੀ ਦੂਜੇ ਪਾਸੇ ਜੋਤੀ ਪੇਸ਼ੇ ਤੋਂ ਲੁਧਿਆਣਾ ਸਥਿਤ ਹੈਬੋਵਾਲ ਇਲਾਕੇ ਵਿਚ ਘਰ ’ਚ ਹੀ ਬਿਊਟੀ ਪਾਰਲਰ ਚਲਾਉਂਦੀ ਹੈ, ਜੋ ਕਿ ਉਹ ਕਾਫ਼ੀ ਸਾਲਾਂ ਤੋਂ ਚਲਾ ਰਹੀ ਹੈ। ਫਿਲਹਾਲ ਪੁਲਸ ਜਾਂਚ ਵਿਚ ਗੱਲ ਸਾਹਮਣੇ ਆਈ ਹੈ ਕਿ ਜੋਤੀ ਅਤੇ ਆਸ਼ੀਸ਼ ਦੋਵੇਂ ਹੀ ਵਟਸਐਪ ਅਤੇ ਸਿਗਨਲ ਐਪ ’ਤੇ ਇੰਟਰਨੈੱਟ ਕਾਲਿੰਗ ਕਰਦੇ ਸਨ ਤਾਂ ਜੋ ਪੁਲਸ ਨੂੰ ਕੋਈ ਵੀ ਸਬੂਤ ਨਾ ਮਿਲੇ। ਹਾਲਾਂਕਿ ਜੋਤੀ ਨੇ ਜਾਂਚ ਦੌਰਾਨ ਮੰਨਿਆ ਕਿ ਉਸ ਦਾ ਆਸ਼ੀਸ਼ ਨਾਲ ਪੁਰਾਣਾ ਸੰਪਰਕ ਹੈ, ਜਿਸ ਤਹਿਤ ਉਹ ਉਸ ਦੇ ਸਪਾ ਸੈਂਟਰ ਵਿਚ ਕਈ ਲੜਕੀਆਂ ਨੂੰ ਭਿਜਵਾਉਂਦੀ ਸੀ। ਇਸ ਦੇ ਬਦਲੇ ਵਿਚ ਆਸ਼ੀਸ਼ ਉਸ ਨੂੰ ਕਾਫ਼ੀ ਮੋਟੀ ਕਮਿਸ਼ਨ ਦਿੰਦਾ ਸੀ।
ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਜੋਤੀ ਦੇ ਆਂਢ-ਗੁਆਂਢ ਵਾਲੇ ਵੀ ਇਸ ਤੋਂ ਪ੍ਰੇਸ਼ਾਨ ਸਨ, ਕਿਉਂਕਿ ਅਕਸਰ ਕਈ ਲੋਕ ਉਸ ਨੂੰ ਮਿਲਣ ਲਈ ਆਉਂਦੇ ਸਨ। ਡੀ. ਸੀ. ਪੀ. ਨੇ ਦੱਸਿਆ ਕਿ ਪੁੱਛਗਿੱਛ ਵਿਚ ਜੋਤੀ ਨੇ ਕਈ ਰਾਜ਼ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਪੀੜਤਾ ਅਕਸਰ ਉਸ ਦੇ ਘਰ ਆਉਂਦੀ ਸੀ ਕਿਉਂਕਿ ਪੀੜਤਾ ਦੀ ਨਾਨੀ ਦਾ ਘਰ ਉਸ ਦੇ ਮੁਹੱਲੇ ਵਿਚ ਸੀ। ਹੌਲੀ-ਹੌਲੀ ਜੋਤੀ ਨੇ ਪੀੜਤਾ ਨੂੰ ਆਪਣੇ ਦੋਸਤਾਂ ਨਾਲ ਮਿਲਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਦੋਸਤਾਂ ਦੇ ਨਾਲ ਪੀੜਤਾ ਘੁਲਣ-ਮਿਲਣ ਲੱਗ ਗਈ ਸੀ।
ਇਹ ਵੀ ਪੜ੍ਹੋ: ਬੇਅਦਬੀ ਦੇ ਮੁੱਦੇ ’ਤੇ ਸਿੱਧੂ ਨੇ ਟਵੀਟ ਕਰਕੇ ਮੁੜ ਘੇਰਿਆ ਕੈਪਟਨ, ਪਾਰਟੀ ਦੇ ਵਿਧਾਇਕਾਂ ਨੂੰ ਕੀਤੀ ਇਹ ਅਪੀਲ
ਮੁਲਜ਼ਮ ਇੰਦਰ ਦੀ ਭਾਲ ’ਚ ਫਗਵਾੜਾ ਵਿਖੇ ਰੇਡ
ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਇੰਦਰ ਦੀ ਭਾਲ ਵਿਚ ਫਗਵਾੜਾ ਵਿਖੇ ਉਸ ਦੇ 2 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਕਿਉਂਕਿ ਪੁਲਸ ਨੂੰ ਸੂਚਨਾ ਸੀ ਕਿ ਇੰਦਰ ਫਗਵਾੜਾ ਸਥਿਤ ਆਪਣੇ ਦੋਸਤ ਦੇ ਘਰ ਲੁੱਕਿਆ ਹੋਇਆ ਹੈ। ਹਾਲਾਂਕਿ ਪੁਲਸ ਨੂੰ ਇਸ ਸਬੰਧ ਵਿਚ ਖਾਲੀ ਹੱਥ ਮੁੜਨਾ ਪਿਆ।
ਗੈਂਗਰੇਪ ਮੁਲਜ਼ਮਾਂ ਦੇ ਪਰਿਵਾਰਾਂ ’ਤੇ ਸਖ਼ਤੀ
ਗੈਂਗਰੇਪ ਮਾਮਲੇ ਨੂੰ ਲੈ ਕੇ ਹੁਣ ਪੁਲਸ ਨੇ ਸਖ਼ਤੀ ਵਧਾ ਦਿੱਤੀ ਹੈ। ਪੁਲਸ ਨੇ ਹੁਣ ਫ਼ਰਾਰ ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਐੱਸ. ਆਈ. ਟੀ. ਅਧਿਕਾਰੀਆਂ ਵੱਲੋਂ ਗੈਂਗਰੇਪ ਦੇ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਖ਼ਰੀ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਕੇਸ ਦੇ ਮੁਲਜ਼ਮਾਂ ਨੂੰ ਪੁਲਸ ਸਾਹਮਣੇ ਪੇਸ਼ ਕਰਨ। ਜੇਕਰ ਉਹ ਜਲਦ ਮੁਲਜ਼ਮਾਂ ਨੂੰ ਪੇਸ਼ ਨਹੀਂ ਕਰਦੇ ਤਾਂ ਪੁਲਸ ਉਨ੍ਹਾਂ ’ਤੇ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਦੀ ਮਾਂ ਆਈ ਮੀਡੀਆ ਸਾਹਮਣੇ, ਦੱਸੀਆਂ ਹੈਰਾਨੀਜਨਕ ਗੱਲਾਂ
ਵਾਂਟੇਡ ਹਸੀਨਾ : 3 ਵਿਆਹ, ਐੱਨ. ਡੀ. ਪੀ. ਐੱਸ. ਦਾ ਪਰਚਾ ਅਤੇ 42 ਦਿਨ ਜੇਲ੍ਹ ’ਚ
ਜਲੰਧਰ ਕਲਾਊਡ ਸਪਾ ਸੈਂਟਰ ਰੇਪ ਕੇਸ ਵਿਚ ਵਾਂਟੇਡ ਹਸੀਨਾ ਜੋਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਸ ਬਾਰੇ ਕਈ ਖ਼ੁਲਾਸੇ ਹੋਏ ਹਨ। ਜਾਣਕਾਰੀ ਮਿਲੀ ਹੈ ਕਿ ਜੋਤੀ ਦੇ 3 ਵਿਆਹ ਹੋ ਚੁੱਕੇ ਹਨ ਅਤੇ ਉਹ ਹਾਲ ਹੀ ਵਿਚ 42 ਦਿਨ ਜੇਲ੍ਹ ਵਿਚ ਕੱਟ ਕੇ ਆਈ ਹੈ। ਪੁਲਸ ਨੇ ਜਾਣਕਾਰੀ ਦਿੰਦੇ ਕਿਹਾ ਕਿ ਜੋਤੀ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲੇ ਦਰਜ ਹਨ, ਜਿਸ ਤਹਿਤ ਉਸ ਨੂੰ ਲੁਧਿਆਣਾ ਪੁਲਸ ਨੇ ਹਾਲ ਹੀ ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ ਲੁਧਿਆਣਾ ਵਿਚ ਸਪਾ ਸੈਂਟਰ ਚਲਾ ਰਹੀ ਸੀ ਅਤੇ ਇਸ ਪੂਰੀ ਘਟਨਾ ਦੇ ਮਾਸਟਰਮਾਈਂਡ ਆਸ਼ੀਸ਼ ਉਸ ਨਾਲ ਕਾਫ਼ੀ ਦੇਰ ਤੋਂ ਸੰਪਰਕ ਵਿਚ ਸੀ।
ਇਹ ਵੀ ਪੜ੍ਹੋ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਨੇ ਮੁੜ ਦੁਹਰਾਇਆ ਕ੍ਰਾਈਮ ਸੀਨ, ਕਈ ਰਈਸਜ਼ਾਦੇ ਹੋਣਗੇ ਬੇਨਕਾਬ
ਇਹ ਵੀ ਪੜ੍ਹੋ: ਕਪੂਰਥਲਾ ’ਚ ਕਲਯੁੱਗੀ ਮਾਂ ਦਾ ਸ਼ਰਮਨਾਕ ਕਾਰਾ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚ ਪਾ ਕੇ ਸੁੱਟੀ ਨਵਜਨਮੀ ਬੱਚੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?