ਦੋ ਮਹੀਨੇ ਦੀ ਤਨਖਾਹ ਨਾ ਮਿਲਣ ਦੇ ਵਿਰੋਧ ''ਚ ਕਲੈਰੀਕਲ ਸਟਾਫ ਤੇ ਸੀਵਰਮੈਨਾਂ ਰੱਖਿਆ ਕੰਮ-ਕਾਜ ਠੱਪ
Wednesday, Oct 04, 2017 - 11:53 AM (IST)
ਅਬੋਹਰ (ਸੁਨੀਲ, ਰਹੇਜਾ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕਲੈਰੀਕਲ ਸਟਾਫ ਤੇ ਸੀਵਰਮੈਨਾਂ ਨੇ ਦੋ ਮਹੀਨੇ ਦੀ ਤਨਖਾਹ ਨਾ ਮਿਲਣ ਦੇ ਵਿਰੋਧ 'ਚ ਅੱਜ ਕੰਮ-ਕਾਜ ਠੱਪ ਕਰ ਕੇ ਦਫਤਰ ਵਿਚ ਧਰਨਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਜਲਦ ਤਨਖਾਹ ਜਾਰੀ ਨਾ ਹੋਈ ਤਾਂ ਸੀਵਰੇਜ ਸਿਸਟਮ ਸੁਚਾਰੂ ਕਰਨ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ।
ਧਰਨੇ 'ਤੇ ਬੈਠੇ ਮੁਲਾਜ਼ਮਾਂ ਨੇ ਕਿਹਾ ਕਿ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਨੇ ਉਨ੍ਹਾਂ ਨੂੰ ਅਗਸਤ ਤੇ ਸਤੰਬਰ ਮਹੀਨੇ ਦੀ ਤਨਖਾਹ ਅਜੇ ਤੱਕ ਜਾਰੀ ਨਹੀਂ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲੈਰੀਕਲ ਸਟਾਫ ਦੇ ਪ੍ਰਵੀਣ ਮਿਢਾ, ਰਾਜਿੰਦਰ ਪਾਲ ਕੌਰ, ਸ਼ਾਮ ਲਾਲ, ਅਖਿਲੇਸ਼ ਲਾਡੀ ਨੇ ਕਿਹਾ ਕਿ ਆਗਾਮੀ ਦਿਨਾਂ ਵਿਚ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ। ਅਜਿਹੇ ਵਿਚ ਤਨਖਾਹ ਨਾ ਮਿਲਣ ਕਾਰਨ ਉਨਾਂ ਦਾ ਤਿਉਹਾਰ ਫੀਕਾ ਰਹਿ ਸਕਦਾ ਹੈ, ਇਸ ਲਈ ਜਲਦ ਉਨ੍ਹਾਂ ਨੂੰ ਤਨਖਾਹ ਜਾਰੀ ਕੀਤੀ ਜਾਵੇ। ਤਨਖਾਹ ਨਾ ਮਿਲਣ ਦੇ ਵਿਰੋਧ 'ਚ ਉਨ੍ਹਾਂ ਨੇ ਕੰਮ-ਕਾਜ ਠੱਪ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ 'ਚ ਉਨ੍ਹਾਂ ਨੇ ਸ਼ਹਿਰ ਤੋਂ ਕਰੀਬ 35 ਲੱਖ ਦੀ ਰਿਕਵਰੀ ਕਰ ਵਿਭਾਗ ਦੇ ਬੈਂਕ ਅਕਾਉਂਟ 'ਚ ਜਮ੍ਹਾ ਕਰਵਾਈ ਸੀ, ਇਸਦੇ ਬਾਵਜੂਦ ਉਨ੍ਹਾਂ ਨੂੰ ਦੋ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ਸੀਵਰਮੈਨ ਮੁਲਾਜ਼ਮ ਯੂਨੀਅਨ ਪ੍ਰਧਾਨ ਪ੍ਰੇਮ ਕੁਮਾਰ ਨੇ ਉਨ੍ਹਾਂ ਦਾ ਸਮੱਰਥਨ ਕਰਦੇ ਹੋਏ ਕਿਹਾ ਕਿ ਜੇਕਰ ਜਲਦ ਦੋ ਮਹੀਨੇ ਦੀ ਬਣਦੀ ਤਨਖਾਹ ਨਾ ਦਿੱਤੀ ਗਈ ਤਾਂ ਸ਼ਹਿਰ 'ਚ ਪਾਣੀ ਦੀ ਸਪਲਾਈ ਤੇ ਸੀਵਰੇਜ ਸੁਚਾਰੂ ਕਰਨ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸੀਵਰੇਜ ਬੋਰਡ ਦੀ ਹੋਵੇਗੀ।
