ਕਦੋਂ ਬਣੇਗਾ ਕਲੀਨ ਇੰਡੀਆ, ਗਰੀਨ ਇੰਡੀਆ

08/19/2017 11:30:09 AM


ਗੁਰੂਹਰਸਹਾਏ(ਆਵਲਾ)—ਸਥਾਨਕ ਮੇਨ ਬਾਜ਼ਾਰ 'ਚ ਸ਼ਾਮ ਹੁੰਦੇ ਸਾਰ ਹੀ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਲੋਕ ਆਪਣੇ ਘਰਾਂ 'ਚੋਂ ਕੂੜਾ ਕੱਢ ਕੇ ਬਾਹਰ ਸੁੱਟ ਦਿੰਦੇ ਹਨ। ਜਿਸ ਕਾਰਨ ਆਸ-ਪਾਸ ਬਦਬੂ ਫੈਲਣ ਲੱਗਦੀ ਹੈ, ਦੁਕਾਨਦਾਰਾਂ ਨੂੰ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਸ਼ਾਮ ਹੁੰਦੇ ਹੀ ਲੋਕ ਆਪਣੇ ਘਰਾਂ ਵਿਚੋਂ ਕੂੜਾ ਇਕੱਠਾ ਕਰਕੇ ਬਾਜ਼ਾਰ ਦੇ ਕੋਨਿਆਂ ਵਿਚ ਤੇ ਬਿਜਲੀ ਮੀਟਰਾਂ ਦੇ ਬਕਸੇ ਹੇਠਾਂ ਸੁੱਟ ਜਾਂਦੇ ਹਨ, ਜਿਥੇ ਅਵਾਰਾ ਪਸ਼ੂ ਮੂੰਹ ਮਾਰਦੇ ਹਨ ਤੇ ਭਿੜਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਦਿਨ ਬਿਜਲੀ ਦੀ ਸਪਾਰਕਿੰਗ ਹੋਣ ਨਾਲ ਕੁੜੇ ਵਿਚ ਪਈਆਂ ਜਲਨਸ਼ੀਲ ਚੀਜ਼ਾਂ ਨਾਲ ਕੋਈ ਧਮਾਕਾ ਹੋ ਸਕਦਾ ਹੈ ਜਾਂ ਲੜਦੇ ਭਿੜਦੇ ਅਵਾਰਾ ਪਸ਼ੂ ਬਿਜਲੀ ਦੇ ਬਕਸੇ ਵਿਚ ਟਕਰਾ ਸਕਦੇ ਹਨ, ਜਿਸ ਕਾਰਨ ਆਮ ਪਬਲਿਕ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਲੋਕਾਂ ਨੂੰ ਇਥੇ ਕੂੜਾ ਨਾ ਸੁੱਟਣ ਲਈ ਰੋਕਿਆ ਹੈ ਤੇ ਇਸਦੇ ਮਾੜੇ ਅਸਰ ਸੰਬੰਧੀ ਵੀ ਜਾਣੂ ਕਰਵਾਇਆ ਹੈ।  
ਜ਼ਿਕਰਯੋਗ ਹੈ ਕਿ ਬਾਜ਼ਾਰ ਵਿਚ ਇਕ ਲੈਬੋਰਟਰੀ ਦੇ ਸਾਹਮਣੇ ਕੂੜੇ ਦਾ ਢੇਰ ਹੈ ਤੇ ਲੈਬੋਰਟਰੀ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਉਸ ਤੋਂ ਫੈਲ ਰਹੀ ਬਦਬੂ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਇਕ ਪਾਸੇ ਤਾਂ ਮੰਦੇ ਦਾ ਦੌਰ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਬਾਜ਼ਾਰ ਵਿਚ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਉਨ੍ਹਾਂ ਦੀਆਂ ਦੁਕਾਨਦਾਰੀਆਂ 'ਤੇ ਮਾੜਾ ਅਸਰ ਪੈਂਦਾ ਹੈ। 
ਕੀ ਕਹਿੰਦੇ ਨੇ ਸੈਨੇਟਰੀ ਇੰਸਪੈਕਟਰ 
ਇਸ ਸੰਬੰਧੀ ਜਦੋਂ ਸੈਨੇਟਰੀ ਇੰਸਪੈਕਟਰ ਰੁਸਤਮ ਸ਼ੇਰ ਸਿੰਘ ਸੋਢੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਇਹ ਮਾਮਲਾ ਸਾਡੇ ਧਿਆਨ ਵਿਚ ਲਿਆਂਦਾ ਹੈ ਤਾਂ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੱਢਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਘਰਾਂ ਵਿਚ ਲੱਗੇ ਕੂੜੇਦਾਨ ਵਿਚ ਹੀ ਕੂੜਾ ਪਾਇਆ ਜਾਵੇ, ਜੋ ਸਵੇਰ ਦੇ ਸਮੇਂ ਜਮਾਂਦਾਰ ਚੁੱਕ ਕੇ ਲਿਜਾਂਦੇ ਹਨ। ਜੇਕਰ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤਾਂ ਸ਼ਹਿਰ ਵਿਚ ਸਫਾਈ ਕਾਇਮ ਰਹਿ ਸਕਦੀ ਹੈ। 
 


Related News