ਸੁਖਬੀਰ ਦੀ ਰੇਡ ਮਗਰੋਂ ਮਾਈਨਿੰਗ ਵਿਭਾਗ ਦਾ ਸਪਸ਼ਟੀਕਰਨ, ਅੰਮ੍ਰਿਤਸਰ ਜ਼ਿਲ੍ਹੇ ’ਚ ਕਿਤੇ ਨਹੀਂ ਹੋ ਰਹੀ ਨਾਜਾਇਜ਼ ਮਾਈਨਿੰਗ

Thursday, Jul 01, 2021 - 06:05 PM (IST)

ਸੁਖਬੀਰ ਦੀ ਰੇਡ ਮਗਰੋਂ ਮਾਈਨਿੰਗ ਵਿਭਾਗ ਦਾ ਸਪਸ਼ਟੀਕਰਨ, ਅੰਮ੍ਰਿਤਸਰ ਜ਼ਿਲ੍ਹੇ ’ਚ ਕਿਤੇ ਨਹੀਂ ਹੋ ਰਹੀ ਨਾਜਾਇਜ਼ ਮਾਈਨਿੰਗ

ਚੰਡੀਗੜ੍ਹ (ਅਸ਼ਵਨੀ) : ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਆਸ ਦਰਿਆ ਦਾ ਮੌਕੇ ’ਤੇ ਮੁਆਇਨਾ ਕਰ ਕੇ ਗ਼ੈਰ-ਕਾਨੂੰਨੀ ਮਾਈਨਿੰਗ ਦਾ ਦਾਅਵਾ ਕੀਤਾ ਤਾਂ ਦੂਜੇ ਪਾਸੇ ਸ਼ਾਮ ਢਲਦੇ ਹੀ ਸਰਕਾਰ ਨੇ ਇਸ ਦਾਅਵੇ ਨੂੰ ਨਕਾਰ ਦਿੱਤਾ। ਪੰਜਾਬ ਦੇ ਮਾਈਨਿੰਗ ਵਿਭਾਗ ਨੇ ਕਿਹਾ ਕਿ ਬਿਆਸ ਦਰਿਆ ਹੀ ਨਹੀਂ ਸਗੋਂ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਕਿਸੇ ਵੀ ਜਗ੍ਹਾ ਗ਼ੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ। ਮਹਿਕਮੇ ਨੇ ਸਪੱਸ਼ਟ ਕੀਤਾ ਹੈ ਕਿ ਬਿਆਸ ਦਰਿਆ ਦੀ ਜਿਸ ਜਗ੍ਹਾ ਦਾ ਦੌਰਾ ਕਰਕੇ ਸੁਖਬੀਰ ਸਿੰਘ ਬਾਦਲ ਵਲੋਂ ਨਾਜਾਇਜ਼ ਮਾਈਨਿੰਗ ਦਾ ਰੌਲਾ ਪਾ ਕੇ ਸਿਆਸੀ ਸ਼ੋਹਰਤ ਹਾਸਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉਹ ਸਾਈਟ ਪੂਰੀ ਤਰ੍ਹਾਂ ਲੀਗਲ ਹੈ। ਮਹਿਕਮੇ ਦੇ ਬੁਲਾਰੇ ਨੇ ਦੱਸਿਆ ਕਿ ਬਿਆਸ ਦਰਿਆ ਦੀ ਵਜੀਰ ਭੁੱਲਰ ਡੀ-ਸਿਲਟਿੰਗ ਸਾਈਟ ਦਾ ਕੰਮ ਬਲਾਕ ਨੰਬਰ 5 ਦੇ ਕੰਟਰੈਕਟਰ ਮੈਸ. ਫਰੈਂਡਜ਼ ਐਂਡ ਕੰਪਨੀ ਨੂੰ ਦਿੱਤਾ ਹੋਇਆ ਹੈ। ਬੁਲਾਰੇ ਅਨੁਸਾਰ ਸਿਰਫ਼ ਮਾਈਨਿੰਗ ਬਲਾਕ ਨੰਬਰ 5 ਤੋਂ ਹੀ ਸੂਬਾ ਸਰਕਾਰ ਨੂੰ 34.40 ਕਰੋੜ ਰੁਪਏ ਸਾਲਾਨਾ ਦਾ ਮਾਲੀਆ ਪ੍ਰਾਪਤ ਹੁੰਦਾ ਹੈ, ਜਦਕਿ ਪਿਛਲੀ ਸਰਕਾਰ ਦੌਰਾਨ ਪੂਰੇ ਸੂਬੇ ਦੀਆਂ ਮਾਈਨਿੰਗ ਗਤੀਵਿਧੀਆਂ ਤੋਂ ਸਿਰਫ਼ 30-40 ਕਰੋੜ ਰੁਪਏ ਸਾਲਾਨਾ ਦਾ ਮਾਲੀਆ ਪ੍ਰਾਪਤ ਹੁੰਦਾ ਸੀ। ਮੌਜੂਦਾ ਸਰਕਾਰ ਦੇ ਸ਼ਾਸਨ ਦੌਰਾਨ ਮਾਈਨਿੰਗ ਤੋਂ ਸੂਬੇ ਨੂੰ ਕਰੀਬ 300 ਕਰੋੜ ਰੁਪਏ ਸਾਲਾਨਾ ਦਾ ਮਾਲੀਆ ਮਿਲ ਰਿਹਾ ਹੈ, ਜੋ ਕਿ ਪਿਛਲੀ ਸਰਕਾਰ ਦੇ ਮੁਕਾਬਲੇ 10 ਗੁਣਾ ਜ਼ਿਆਦਾ ਹੈ।

ਇਹ ਵੀ ਪੜ੍ਹੋ : ਬਿਆਸ ਦਰਿਆ ’ਤੇ ਚੱਲ ਰਹੀ ਮਾਈਨਿੰਗ ’ਤੇ ਸੁਖਬੀਰ ਬਾਦਲ ਦੀ ਰੇਡ, ਦੇਖੋ ਤਸਵੀਰਾਂ

ਸਰਕਾਰ ਨੇ ਦਿੱਤੀ ਹੈ ਦਰਿਆਵਾਂ ’ਚ ਮਾਈਨਿੰਗ ਦੀ ਇਜਾਜ਼ਤ
ਵਿਭਾਗ ਨੇ ਕਿਹਾ ਕਿ ਬਿਆਸ ਦਰਿਆ ਵਿਚ ਜਿਸ ਸਾਈਟ ਦੀ ਗੱਲ ਕੀਤੀ ਜਾ ਰਹੀ ਹੈ, ਉਹ ਸਾਈਟ ਦਰਿਆਵਾਂ ਵਿਚ ਮਾਈਨਿੰਗ ਨੂੰ ਲੈ ਕੇ ਕੀਤੇ ਗਏ ਇਕ ਫੈਸਲੇ ਮੁਤਾਬਕ ਠੀਕ ਹੈ। ਸਰਕਾਰ ਨੇ ਫੈਸਲਾ ਲਿਆ ਸੀ ਕਿ ਠੇਕੇਦਾਰ ਦਰਿਆਵਾਂ ਵਿਚੋਂ ਵੀ ਰੇਤ ਕੱਢ ਸਕਦੇ ਹੈ, ਕਿਉਂਕਿ ਦਰਿਆਵਾਂ ਵਿਚ ਰੇਤ ਦੀ ਬਹੁਤਾਤ ਹੋ ਗਈ ਹੈ। ਇਸ ਲਈ ਇਸ ਮਾਈਨਿੰਗ ਨਾਲ ਦਰਿਆਵਾਂ ਦੀ ਕੈਰਿਜ ਕਪੈਸਿਟੀ ਵਧੇਗੀ। ਬੁਲਾਰੇ ਅਨੁਸਾਰ ਵਜ਼ੀਰ ਭੁੱਲਰ ਸਾਈਟ ਦਾ ਕੁਲ ਖੇਤਰਫਲ 69.70 ਹੈਕਟੇਅਰ ਹੈ ਅਤੇ ਇਸ ਵਿਚ ਲੀਗਲ ਕੰਸੈਸਨੇਅਰ ਮਾਤਰਾ 13, 63,358 ਐੱਮ.ਟੀ. ਹੈ, ਜਿਸ ਵਿਚੋਂ ਹੁਣ ਤਕ ਕੱਢੀ ਗਈ ਮਾਤਰਾ 3,11,398 ਐੱਮ.ਟੀ. ਹੈ।

ਇਹ ਵੀ ਪੜ੍ਹੋ : ਸੋਨੀਆ ਗਾਂਧੀ ਤੇ ਰਾਹੁਲ ਕੁਝ ਹੀ ਦਿਨਾਂ ’ਚ ਸੁਲਝਾਉਣਗੇ ਪੰਜਾਬ ਕਾਂਗਰਸ ਦੇ ਮੁੱਦੇ : ਅਸ਼ਵਨੀ ਕੁਮਾਰ

ਦੱਸਣਯੋਗ ਹੈ ਕਿ  ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਿਆਸ ਦਰਿਆ ’ਤੇ ਅਚੇਨਚੇਤ ਛਾਪਾ ਮਾਰ ਕੇ ਉਥੇ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਹੈ। ਅੰਮ੍ਰਿਤਸਰ ਪਹੁੰਚੇ ਸੁਖਬੀਰ ਬਾਦਲ ਉਥੋਂ ਹੀ ਪੱਤਰਕਾਰਾਂ ਨੂੰ ਨਾਲ ਲੈ ਕੇ ਬਿਆਸ ਦਰਿਆ ’ਤੇ ਪਹੁੰਚੇ ਜਿੱਥੇ ਵੱਡੇ ਪੱਧਰ ’ਤੇ ਮਾਈਨਿੰਗ ਕੀਤੀ ਜਾ ਰਹੀ ਸੀ। ਸੁਖਬੀਰ ਨੇ ਦੋਸ਼ ਲਗਾਇਆ ਕਿ ਇਹ ਮਾਈਨਿੰਗ ਨਾਜਾਇਜ਼ ਤੌਰ ’ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਜਾਇਜ਼ ਹੁੰਦੀ ਤਾਂ ਇਥੇ ਮੌਜੂਦ ਟਰੱਕ ਡਰਾਇਵਰ ਅਤੇ ਹੋਰ ਲੋਕ ਉਨ੍ਹਾਂ ਨੂੰ ਦੇਖ ਕੇ ਨਾ ਭੱਜਦੇ। ਇਹ ਮਾਈਨਿੰਗ ਮੁੱਖ ਹਾਈਵੇਅ ਤੋਂ ਮਹਿਜ਼ ਇਕ ਕਿੱਲੋਮੀਟਰ ਦੂਰੀ ’ਤੇ ਹੋ ਰਹੀ ਸੀ।

ਇਹ ਵੀ ਪੜ੍ਹੋ : 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਸਮੇਤ ਵਧੇਰੇ ਸੂਬਿਆਂ ’ਚ ਕਾਂਗਰਸ ’ਚ ਪੈਦਾ ਹੋਈ ਧੜੇਬਾਜ਼ੀ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 

 

 


author

Anuradha

Content Editor

Related News