ਸਿਵਲ ਸਰਜਨ ਦਫ਼ਤਰ ’ਚ ਕੋਰੋਨਾ ਦਾ ਕਹਿਰ, ਡਾਕਟਰ, ਮੈਡੀਕਲ ਕਾਲਜ ਦੇ ਵਿਦਿਆਰਥੀ ਸਣੇ 480 ਲੋਕ ਪਾਜ਼ੇਟਿਵ

Thursday, Jan 13, 2022 - 11:17 AM (IST)

ਅੰਮ੍ਰਿਤਸਰ (ਦਲਜੀਤ) - ਕੋਰੋਨਾ ਵਾਇਰਸ ਨੇ ਸਿਵਲ ਸਰਜਨ ਦਫ਼ਤਰ ’ਤੇ ਵੀ ਹਮਲਾ ਕੀਤਾ ਹੈ। ਆਈ. ਡੀ. ਐੱਸ. ਪੀ. ਦੇ ਮਹਾਮਾਰੀ ਵਿਗਿਆਨੀ ਡਾਕਟਰ ਨਵਦੀਪ ਅਤੇ ਸਿਵਲ ਸਰਜਨ ਦਫ਼ਤਰ ਵਿਚ ਤਾਇਨਾਤ ਬੀ. ਸੀ. ਜੀ. ਅਧਿਕਾਰੀ ਡਾਕਟਰ ਵਿਨੋਦ ਕੌਂਡਲ ਵੀ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਇਸ ਤੋਂ ਇਲਾਵਾ ਈ. ਐੱਸ. ਆਈ. ਹਸਪਤਾਲ ਦੇ ਦੋ ਡਾਕਟਰਾਂ ਸਮੇਤ 8 ਸਿਹਤ ਕਰਮਚਾਰੀਆਂ ਦੇ ਕੋਰੋਨਾ ਪਾਜ਼ੇਟਿਵ ਹਨ। ਈ. ਐੱਸ. ਆਈ. ਹਸਪਤਾਲ ਦੇ ਫਾਰਮੇਸੀ ਅਫ਼ਸਰ ਅਸ਼ੋਕ ਸ਼ਰਮਾ ਵੀ ਇਨਫੈਕਟਿਡ ਹਨ। ਬੁੱਧਵਾਰ ਨੂੰ ਫਿਰ ਤੋਂ ਕੋਰੋਨਾ ਨੇ ਧਮਾਕਾ ਕੀਤਾ ਹੈ। ਇਕ ਦਿਨ ਵਿਚ 480 ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਵਿੱਚੋਂ 465 ਕਮਿਊਨਿਟੀ ਦੇ ਹਨ, ਜਦੋਂਕਿ 15 ਸੰਪਰਕ ਵਾਲੇ ਹਨ। ਇਨ੍ਹਾਂ ਵਿਚ ਮੈਡੀਕਲ ਕਾਲਜ ਦੇ ਡਾਕਟਰ, ਮੈਡੀਕਲ ਵਿਦਿਆਰਥੀ, ਬੀ. ਐੱਸ. ਐੱਫ. ਦੇ 6, ਹਵਾਈ ਸੈਨਾ ਦੇ 2 ਅਤੇ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਸਮੇਤ 25 ਸਿਹਤ ਕਰਮਚਾਰੀ ਸ਼ਾਮਲ ਹਨ।

ਬੱਚੇ ਵੀ ਕੋਰੋਨਾ ਦਾ ਸ਼ਿਕਾਰ
ਅੱਜ ਸਾਹਮਣੇ ਆਏ ਮਰੀਜ਼ਾਂ ਵਿਚ 7 ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਦੀ ਕਮਾਨ ਸੰਭਾਲਣ ਵਾਲੇ ਸਿਵਲ ਸਰਜਨ ਦੇ ਦਫ਼ਤਰ ਤੱਕ ਵੀ ਪਹੁੰਚ ਗਿਆ ਹੈ, ਉੱਥੇ ਵੀ ਵੱਡੀ ਗਿਣਤੀ ਵਿਚ ਡਾਕਟਰ ਪਾਜ਼ੇਟਿਵ ਆਏ ਹਨ, ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ’ਚ ਡਿਸਪੈਂਸਰੀ ਦੇ 6 ਫਾਰਮਾਸਿਸਟ ਪਾਜ਼ੇਟਿਵ ਆਏ ਹਨ।

ਇਸ ਦੇ ਨਾਲ ਹੀ ਹਸਪਤਾਲ ਦੀ ਲੈਬਾਰਟਰੀ ’ਚ ਬਲਦੇਵ ਸਿੰਘ ਟੈਕਨੀਸ਼ੀਅਨ ਸਮੇਤ ਤਿੰਨ ਵਿਅਕਤੀ ਪਾਜ਼ੇਟਿਵ ਆਏ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਹਰ ਪਾਸੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਪਿਛਲੇ ਸਾਲ ਦੀ ਤਰ੍ਹਾਂ ਘਬਰਾਹਟ ਦੀ ਲੋੜ ਨਹੀਂ, ਕਿਉਂਕਿ ਇਸ ਵਾਰ ਕੋਰੋਨਾ ਵਾਇਰਸ ਜ਼ਿਆਦਾ ਗੰਭੀਰ ਨਹੀਂ ਹੈ। ਫਿਰ ਵੀ ਕੋਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਸਾਰੇ ਮਿਲ ਕੇ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਤਾਂ ਕੋਰੋਨਾ ਤੋਂ ਦੂਰ ਰਹਿ ਸਕਦੇ ਹਾਂ।

ਹੁਣ ਕੁੱਲ ਇਨਫੈਕਟਿਡ : 49892
ਹੁਣ ਤੱਕ ਤੰਦਰੁਸਤ ਹੋਏ : 46065
ਅੱਜ ਤੰਦਰੁਸਤ ਹੋਏ : 105
ਐਕਟਿਵ ਮਰੀਜ਼ : 2227
ਕੁੱਲ ਮੌਤਾਂ : 1600

ਸਿਵਲ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹੋਵੇਗੀ ਥ੍ਰਮੋਸਕਨ
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜੂ ਚੌਹਾਨ ਨੇ ਦੱਸਿਆ ਕਿ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਪਹਿਲਾ ਥ੍ਰਮੋਸਕੈਨ ਕੀਤਾ ਜਾਵੇਗਾ। ਜੇਕਰ ਕਿਸੇ ਨੂੰ ਬੁਖ਼ਾਰ ਹੈ ਤਾਂ ਮੌਕੇ ’ਤੇ ਹੀ ਰੈਪਿਡ ਟੈਸਟ ਕੀਤਾ ਜਾਵੇਗਾ। ਨੈਗੇਟਿਵ ਆਉਣ ’ਤੇ ਹੀ ਅੰਦਰ ਜਾਣ ਦਿੱਤਾ ਜਾਵੇਗਾ। ਸਿਵਲ ਹਸਪਤਾਲ ਦੇ ਚਾਰ ਡਾਕਟਰਾਂ ਸਮੇਤ 20 ਸਿਹਤ ਕਰਮਚਾਰੀ, 8 ਨਰਸਿੰਗ ਸਿਸਟਰ ਕੋਰੋਨਾ ਦੀ ਲਪੇਟ ਵਿਚ ਹਨ। ਇਸ ਲਈ ਅਸੀਂ ਧਿਆਨ ਨਾਲ ਕੰਮ ਕਰ ਰਹੇ ਹਾਂ। ਹਰ ਸਾਲ ਲੋਹੜੀ ਤੋਂ ਇਕ ਦਿਨ ਪਹਿਲਾਂ ਹਸਪਤਾਲ ਵਿਚ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਸੀ। ਇਹ ਪ੍ਰੋਗਰਾਮ ਇਸ ਵਾਰ ਕੋਰੋਨਾ ਕਾਰਨ ਨਹੀਂ ਹੋਵੇਗਾ।

ਮੈਡੀਕਲ ਕਾਲਜ ਦੇ ਡਾਕਟਰਾਂ ਅਤੇ ਕਰਮਚਾਰੀਆਂ ਦੇ ਵੀ ਹੋਣਗੇ ਕੋਰੋਨਾ ਟੈਸਟ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਕਾਲਜ ਅਧੀਨ ਚੱਲ ਰਹੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਡਾਕਟਰ ਅਤੇ ਸਟਾਫ਼ ਵੱਡੀ ਪੱਧਰ ’ਤੇ ਪਾਜ਼ੇਟਿਵ ਪਾਏ ਗਏ ਹਨ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਸਾਰੇ ਡਾਕਟਰਾਂ ਅਤੇ ਕਰਮਚਾਰੀਆਂ ਦੇ ਟੈਸਟ ਕਰਵਾਏ ਜਾਣ ਤਾਂ ਕਿ ਸਮੇਂ ਸਿਰ ਕੋਰੋਨਾ ਦੀ ਬੀਮਾਰੀ ਤੋਂ ਫਰੰਟਲਾਈਨ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਟੈਸਟ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ, ਲੋਕਾਂ ਨੂੰ ਮਹਾਮਾਰੀ ਦੇ ਮੱਦੇਨਜ਼ਰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।

236 ਟੀਕਾਕਰਨ ਕੇਂਦਰਾਂ ’ਚ 12178 ਲੋਕਾਂ ਦਾ ਟੀਕਾਕਰਨ
ਬੁੱਧਵਾਰ ਨੂੰ ਜ਼ਿਲ੍ਹੇ ਦੇ 236 ਟੀਕਾਕਰਨ ਕੇਂਦਰਾਂ ਵਿਚ 12178 ਲੋਕਾਂ ਨੂੰ ਕੋਰੋਨਾ ਤੋਂ ਬਚਾਅ ਦਾ ਟੀਕਾਕਰਨ ਕੀਤਾ ਗਿਆ। ਇਨ੍ਹਾਂ ਵਿਚ 15 ਤੋਂ 18 ਸਾਲ ਦੀ ਉਮਰ ਦੇ 215 ਬਾਲਗ ਸ਼ਾਮਲ ਹਨ। ਹੁਣ ਤੱਕ 2345262 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚ 823443 ਲੋਕਾਂ ਨੂੰ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਬੂਸਟਰ ਡੋਜ਼ ਵੀ ਲਗਾਈ ਜਾ ਰਹੀ ਹੈ, ਇਸ ਤੋਂ ਇਲਾਵਾ ਫਰੰਟ ਲਾਈਨ ’ਤੇ ਕੰਮ ਕਰ ਰਹੇ ਕਰਮਚਾਰੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।


rajwinder kaur

Content Editor

Related News