ਨਾਗਰਿਕਤਾ ਕਾਨੂੰਨ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੁਖਬੀਰ : ਹਰਪਾਲ ਚੀਮਾ

12/19/2019 2:13:39 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ 'ਤੇ ਦੋਸ਼ ਲਾਇਆ ਹੈ ਕਿ ਉਹ ਨਾਗਰਿਕਤਾ ਕਾਨੂੰਨ ਬਾਰੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਬਾਦਲ ਪਰਿਵਾਰ ਹਰ ਗੰਭੀਰ ਮੁੱਦੇ 'ਤੇ ਆਪਣੇ ਹਲਕੇ 'ਚ ਕੁਝ ਹੋਰ ਬੋਲਦਾ ਹੈ, ਚੰਡੀਗੜ੍ਹ 'ਚ ਕੁਝ ਹੋਰ ਬੋਲਦਾ ਹੈ ਅਤੇ ਦਿੱਲੀ 'ਚ ਕੁੱਝ ਹੋਰ ਬੋਲਦਾ ਹੈ। ਸੁਖਬੀਰ ਬਾਦਲ ਵੀ ਆਪਣੇ ਪਰਿਵਾਰ ਦੀ ਇਹੋ ਦੋਹਰੀ ਮਾਨਸਿਕਤਾ ਅੱਗੇ ਵਧਾ ਰਹੇ ਹਨ। ਨਾਗਰਿਕਤਾ ਕਾਨੂੰਨ ਦੇ ਮੁੱਦੇ 'ਤੇ ਸੁਖਬੀਰ ਬਾਦਲ, ਉਨ੍ਹਾਂ ਦੀ ਧਰਮ-ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ 'ਚ ਅਕਾਲੀ ਦਲ ਦੇ ਮੈਂਬਰਾਂ ਨੇ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਖੜ੍ਹਦਿਆਂ ਨਾਗਰਿਕਤਾ ਕਾਨੂੰਨ ਦੇ ਹੱਕ 'ਚ ਵੋਟ ਪਾਈ ਹੈ।

ਚੀਮਾ ਨੇ ਕਿਹਾ ਕਿ ਜਦ ਵੋਟ ਹੀ ਹੱਕ 'ਚ ਪਾ ਦਿੱਤੀ ਤਾਂ ਸੁਖਬੀਰ ਬਾਦਲ ਕਿਸ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ? ਹਰਪਾਲ ਚੀਮਾ ਨੇ ਨਾਗਰਿਕਤਾ ਕਾਨੂੰਨ ਨੂੰ ਫ਼ਿਰਕੂ ਵੰਡੀਆਂ ਵਾਲਾ ਘਾਤਕ ਕਾਨੂੰਨ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਸਦੀਆਂ ਤੋਂ ਚਲੀ ਆ ਰਹੀ ਆਪਸੀ ਸਾਂਝ ਨੂੰ ਤੋੜਨ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਸੀ ਕਿ ਅਕਾਲੀ ਦਲ (ਬਾਦਲ) ਦੇ ਨੁਮਾਇੰਦੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਵਾਂਗ ਇਸ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਵੋਟ ਪਾ ਕੇ 'ਹਾਅ ਦਾ ਨਾਅਰਾ' ਲਾਉਂਦੇ ਅਤੇ ਦੀਵਾਨ ਟੋਡਰ ਮੱਲ ਦੀ ਭਾਈਚਾਰਕ ਸਾਂਝੀਵਾਲਤਾ ਵਾਲੀ ਸੋਚ 'ਤੇ ਪਹਿਰਾ ਦਿੰਦੇ ਪਰ ਨਰਿੰਦਰ ਮੋਦੀ ਵਜ਼ਾਰਤ 'ਚ ਹਰਸਿਮਰਤ ਦੀ ਕੁਰਸੀ ਬਚਾਉਣ ਲਈ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੂਲ ਸਿਧਾਂਤਾਂ ਅਤੇ ਅਸੂਲਾਂ ਨੂੰ ਵੀ ਤਿਆਗ ਦਿੱਤਾ ਹੈ।


Anuradha

Content Editor

Related News