ਵੱਡੀ ਖ਼ਬਰ : ਪੰਜਾਬ ''ਚ ਮੁੜ ਬੰਦ ਹੋ ਸਕਦੇ ਨੇ ਰੈਸਟੋਰੈਂਟ, ਮਾਲਜ਼ ਤੇ ਸਿਨੇਮਾ ਘਰ

Monday, Mar 08, 2021 - 09:26 AM (IST)

ਵੱਡੀ ਖ਼ਬਰ : ਪੰਜਾਬ ''ਚ ਮੁੜ ਬੰਦ ਹੋ ਸਕਦੇ ਨੇ ਰੈਸਟੋਰੈਂਟ, ਮਾਲਜ਼ ਤੇ ਸਿਨੇਮਾ ਘਰ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਇੱਥੇ ਸਿਹਤ, ਮੈਡੀਕਲ ਸਿੱਖਿਆ ਅਤੇ ਸਕੂਲ ਸਿੱਖਿਆ ਮਹਿਕਮੇ ਦੀ ਸਟੇਟ ਹੈਲਥ ਰਿਸਪਾਂਸ ਐਂਡ ਪ੍ਰੋਕਿਓਰਮੈਂਟ ਕਮੇਟੀ ਦੀ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਵਿੰਨੀ ਮਹਾਜਨ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ 'ਤੇ ਸਰਕਾਰ ਤਿੱਖੀ ਨਜ਼ਰ ਰੱਖ ਰਹੀ ਹੈ ਅਤੇ ਲੋੜ ਪੈਣ ’ਤੇ ਆਉਣ ਵਾਲੇ ਦਿਨਾਂ ਵਿਚ ਰੈਸਟੋਰੈਂਟਾਂ, ਮਾਲਾਂ ਅਤੇ ਸਿਨੇਮਾ ਘਰਾਂ ਵਿਚ ਵਿਅਕਤੀਆਂ ਦੀ ਗਿਣਤੀ ਨੂੰ ਸੀਮਤ ਕਰਨ ਜਾਂ ਬੰਦ ਕਰਨ ਦਾ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਮਾਹਿਰਾਂ ਨਾਲ ਦੂਜੀ ਲਹਿਰ ਦੌਰਾਨ ਮਹਾਮਾਰੀ ਦੇ ਫੈਲਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਸੰਭਾਵਿਤ ਕਦਮਾਂ ਬਾਰੇ ਵਿਚਾਰ-ਚਰਚਾ ਕੀਤੀ ਅਤੇ ਇਸ ਸਬੰਧੀ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ : ਅੱਜ ਪੇਸ਼ ਹੋਵੇਗਾ ਪੰਜਾਬ ਦਾ 'ਬਜਟ', ਸੂਬੇ ਦੀ ਇੰਡਸਟਰੀ ਨੂੰ ਸਰਕਾਰ ਤੋਂ ਕਈ ਉਮੀਦਾਂ

ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਡਾ. ਮਨਦੀਪ ਭੰਡਾਰੀ, ਜੋ ਹਾਲ ਹੀ ਵਿਚ ਕੇਂਦਰੀ ਟੀਮ ਦੇ ਮੁਖੀ ਵੱਜੋਂ ਪੰਜਾਬ ਦਾ ਦੌਰਾ ਕਰ ਕੇ ਗਏ ਸਨ, ਸਬੰਧੀ ਪੀ. ਜੀ. ਆਈ. ਐੱਮ. ਈ. ਆਰ. ਡਾ. ਲਕਸ਼ਮੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕੋਰੋਨਾ ਦਾ ਫੈਲਾਅ ਸਿਰਫ ਸਕੂਲਾਂ ਤੱਕ ਹੀ ਸੀਮਤ ਨਹੀਂ ਹੈ ਕਿਉਂਕਿ ਹੋਰ ਥਾਵਾਂ ਵੀ ਪ੍ਰਭਾਵਿਤ ਹੋਈਆਂ ਹਨ ਅਤੇ ਸੂਬੇ ਵਿਚ ਵੱਧ ਰਹੇ ਮਾਮਲਿਆਂ ਦਾ ਮੁੱਢਲਾ ਕਾਰਣ ਲੋਕਾਂ ਵੱਲੋਂ ਸਿਹਤ ਸਾਵਧਾਨੀਆਂ ਵਿਚ ਕੀਤੀ ਜਾ ਰਹੀ ਕੁਤਾਹੀ ਹੈ। ਲੋਕ ਸੁਰੱਖਿਆ ਪ੍ਰੋਟੋਕਾਲ ਦੀ ਸੁਹਿਰਦਤਾ ਨਾਲ ਪਾਲਣਾ ਨਹੀਂ ਕਰ ਰਹੇ। ਮੈਡੀਕਲ ਸਿੱਖਿਆ ਦੇ ਪ੍ਰਮੁੱਖ ਸਕੱਤਰ ਡੀ. ਕੇ. ਤਿਵਾੜੀ ਨੇ ਦੱਸਿਆ ਕਿ ਮੈਡੀਕਲ ਕਾਲਜਾਂ ਵਿਚ ਹਰ 15 ਦਿਨਾਂ ਵਿਚ ਵਿਦਿਆਰਥੀਆਂ ਦਾ ਕੋਰੋਨਾ ਟੈਸਟ ਕੀਤਾ ਜਾਂਦਾ ਹੈ ਅਤੇ ਅਜੇ ਤੱਕ ਕੋਰੋਨਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਵਿਅਕਤੀ ਨੇ ਵਿਹੜੇ 'ਚ ਰਹਿੰਦੇ 2 ਮਾਸੂਮਾਂ ਦੇ ਗਲੇ ਵੱਢ ਕੀਤਾ ਕਤਲ, ਮਗਰੋਂ ਕੀਤੀ ਖ਼ੁਦਕੁਸ਼ੀ

ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਸਾਰੀਆਂ ਸਰਕਾਰੀ ਲੈਬਾਂ ਆਰ. ਟੀ. ਪੀ. ਸੀ. ਆਰ. ਟੈਸਟਿੰਗ ਲਈ ਕਾਰਜਸ਼ੀਲ ਹਨ ਅਤੇ ਇੱਥੇ ਰੋਜ਼ਾਨਾ 30,000 ਤੋਂ ਵੱਧ ਟੈਸਟਾਂ ਦੀ ਸਮਰੱਥਾ ਹੈ। ਮੁੱਖ ਸਕੱਤਰ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਮਹਿਕਮਿਆਂ ਨੂੰ ਹਦਾਇਤ ਕੀਤੀ ਕਿ ਮਹਾਮਾਰੀ ਦੇ ਮੁੜ ਉਭਾਰ ਨਾਲ ਨਜਿੱਠਣ ਲਈ ਇਲਾਜ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਮਹਿਕਮਿਆਂ ਵਿਚ ਖਾਲ੍ਹੀ ਪਈਆਂ ਅਸਾਮੀਆਂ ਪਹਿਲ ਦੇ ਆਧਾਰ ’ਤੇ ਭਰੀਆਂ ਜਾਣ। ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਜ਼ਿਲ੍ਹਾ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਦੇ ਪੱਧਰ ’ਤੇ ਟੀਕਾਕਰਨ ਵਾਲੀਆਂ ਥਾਵਾਂ ਦੀ ਗਿਣਤੀ ਵਧਾਈ ਜਾਵੇਗੀ, ਤਾਂ ਜੋ ਯੋਗ ਲੋਕਾਂ ਨੂੰ ਟੀਕਾਕਰਨ ਦੀ ਸਹੂਲਤ ਦਿੱਤੀ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਗੈਰ ਕਾਨੂੰਨੀ ਖਣਨ ਦੇ ਖ਼ਾਤਮੇ ਲਈ 'ਕੈਪਟਨ' ਨੇ ਕੀਤਾ ਵੱਡਾ ਐਲਾਨ

ਪੰਜਾਬ ਸਰਕਾਰ ਦੇ (ਸਿਹਤ ਅਤੇ ਮੈਡੀਕਲ ਸਿੱਖਿਆ) ਸਲਾਹਕਾਰ ਸਮੂਹ ਦੇ ਚੇਅਰਮੈਨ ਪ੍ਰੋ. ਕੇ. ਕੇ. ਤਲਵਾੜ, ਸਿਹਤ ਸਕੱਤਰ ਅਤੇ ਐੱਨ. ਐੱਚ. ਐੱਮ. ਪੰਜਾਬ ਦੇ ਐੱਮ. ਡੀ. ਕੁਮਾਰ ਰਾਹੁਲ, ਅਮਿਤ ਕੁਮਾਰ, ਵਿਸ਼ੇਸ਼ ਸੱਕਤਰ (ਸਿਹਤ), ਡਾ. ਜੀ. ਬੀ. ਸਿੰਘ ਡਾਇਰੈਕਟਰ (ਸਿਹਤ ਸੇਵਾਵਾਂ ਪੰਜਾਬ) ਅਤੇ ਐੱਸ. ਐੱਚ. ਐੱਸ. ਆਰ. ਸੀ. ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਮੀਟਿੰਗ ਵਿਚ ਸ਼ਾਮਲ ਹੋਏ।
ਨੋਟ : ਪੰਜਾਬ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News