ਆਖਿਰ ਕਿੱਥੋਂ ਆ ਰਹੀ ਹੈ ''ਖੂਨੀ'' ਡੋਰ?

Sunday, Jan 07, 2018 - 05:47 AM (IST)

ਆਖਿਰ ਕਿੱਥੋਂ ਆ ਰਹੀ ਹੈ ''ਖੂਨੀ'' ਡੋਰ?

ਦੋਰਾਹਾ 'ਚ ਚਾਈਨਾ ਡੋਰ ਨਾਲ ਪਤੰਗ ਉੱਡਣ ਦਾ ਸਿਲਸਿਲਾ ਜਾਰੀ
ਦੋਰਾਹਾ(ਸੂਦ)-ਸਰਕਾਰ ਵੱਲੋਂ ਖੂਨੀ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦੇਣ ਦੇ ਬਾਵਜੂਦ ਸਥਾਨਕ ਸ਼ਹਿਰ ਅੰਦਰ ਇਸ ਖੂਨੀ ਡੋਰ ਨਾਲ ਆਸਮਾਨ 'ਚ ਲਗਾਤਾਰ ਪਤੰਗ ਉਡਦੇ ਦਿਖਾਈ ਦੇ ਰਹੇ ਹਨ, ਜਿਸ ਨਾਲ ਇਹ ਕਹਿਣਾ ਆਸਾਨ ਹੈ ਕਿ ਸ਼ਹਿਰ ਅੰਦਰ ਚੋਰੀ-ਛੁਪੇ ਖੂਨੀ ਚਾਈਨਾ ਡੋਰ ਦਾ ਵਿਕਣਾ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਪਿਛਲੇ ਲੰਬੇ ਸਮੇਂ ਤੋਂ ਇਸ ਧੰਦੇ ਨਾਲ ਜੁੜੇ ਦੁਕਾਨਦਾਰ ਮੋਟੀ ਕਮਾਈ ਹੋਣ ਕਰਕੇ ਇਸ ਖੂਨੀ ਡੋਰ ਨੂੰ ਚੋਰੀ-ਛੁਪੇ ਵੇਚ ਰਹੇ ਹਨ, ਜਿਸ ਤੋਂ ਇਹ ਜਾਪਦਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਅਜੇ ਅਜਿਹੇ ਦੁਕਾਨਦਾਰਾਂ ਖਿਲਾਫ ਕਾਰਵਾਈ ਕਰਨ ਦੇ ਮੂਡ ਵਿਚ ਨਹੀਂ ਹਨ ਤੇ ਇਹ ਅਧਿਕਾਰੀ ਸ਼ਾਇਦ ਕਿਸੇ ਹਾਦਸੇ ਦੇ ਹੋਣ ਤੋਂ ਬਾਅਦ ਹੀ ਜਾਗਣਗੇ। ਸ਼ਹਿਰ ਦੇ ਰੇਲਵੇ ਸਟੇਸ਼ਨ ਨਾਲ ਲਗਦੇ ਤੇ ਲੱਕੜ ਮੰਡੀ ਸਮੇਤ ਹੋਰ ਮੁਹੱਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਨੌਜਵਾਨ ਇਸ ਖੂਨੀ ਡੋਰ ਨਾਲ ਪਤੰਗ ਚੜ੍ਹਾਉਂਦੇ ਸ਼ਰੇਆਮ ਦਿਖਾਈ ਦੇ ਰਹੇ ਹਨ ਅਤੇ ਲੋਕ ਜਦ ਇਨ੍ਹਾਂ ਨੌਜਵਾਨਾਂ ਨੂੰ ਖੂਨੀ ਚਾਈਨਾ ਡੋਰ ਨਾਲ ਪਤੰਗ ਚੜ੍ਹਾਉਂਦੇ ਹੋਏ ਦੇਖਦੇ ਹਨ ਤਾਂ ਉਹ ਇਹ ਸੋਚਣ ਨੂੰ ਮਜਬੂਰ ਹੋ ਜਾਂਦੇ ਹਨ ਕਿ ਨੌਜਵਾਨ ਇਸ ਖੂਨੀ ਡੋਰ ਨੂੰ ਆਖਿਰ ਕਿੱਥੋਂ ਲੈ ਕੇ ਆਉਂਦੇ ਹਨ। ਇਸਦਾ ਜਵਾਬ ਪ੍ਰਸ਼ਾਸਨ ਤੇ ਪੁਲਸ ਨੂੰ ਵੀ ਸ਼ਾਇਦ ਸ਼ਹਿਰ ਦੇ ਦੁਕਾਨਦਾਰਾਂ ਦੀ ਲਗਾਤਾਰ ਚੈਕਿੰਗ ਕਰਨ ਤੋਂ ਬਾਅਦ ਹੀ ਮਿਲ ਸਕੇਗਾ। ਸ਼ਹਿਰ ਦੇ ਕਈ ਸੂਝਵਾਨ ਲੋਕਾਂ ਦਾ ਮੰਨਣਾ ਹੈ ਕਿ ਇਸ ਡੋਰ ਨਾਲ ਕਈ ਵਾਰ ਆਮ ਲੋਕ ਤੇ ਰਾਹਗੀਰ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਂਦੇ ਹਨ ਤੇ ਕਈ ਜਾਨਵਰ ਵੀ ਆਸਮਾਨ 'ਚ ਉਡਦੇ ਹੋਏ ਡੋਰ ਦੀ ਲਪੇਟ 'ਚ ਆਉਣ ਨਾਲ ਮੌਤ ਦੇ ਮੂੰਹ ਵਿਚ ਵੀ ਚਲੇ ਜਾਂਦੇ ਹਨ, ਜਿਸ ਕਰਕੇ ਪੁਲਸ ਤੇ ਪ੍ਰਸ਼ਾਸਨ ਨੂੰ ਅਜਿਹੀ ਖੂਨੀ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਹੁਣ ਦੇਖਣਾ ਇਹ ਹੈ ਕਿ ਇਸ ਖੂਨੀ ਡੋਰ ਨੂੰ ਵੇਚਣ ਵਾਲਿਆਂ ਤੇ ਪੁਲਸ-ਪ੍ਰਸ਼ਾਸਨ ਕਦੋਂ ਸਖਤੀ ਦਿਖਾਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਲੋਹੜੀ ਦਾ ਤਿਉਹਾਰ ਨੇੜੇ ਆਉਣ ਕਰਕੇ ਅੱਜ-ਕੱਲ ਸ਼ਹਿਰ ਦੇ ਆਸਮਾਨ 'ਚ ਚਾਈਨਾ ਡੋਰ ਨਾਲ ਸ਼ਰੇਆਮ ਪਤੰਗ ਉੱਡ ਰਹੇ ਹਨ।


Related News