''ਖੂਨੀ ਡੋਰ'' ਦੀ ਵਿਕਰੀ ਧੜੱਲੇ ਨਾਲ, ਪਾਬੰਦੀ ਸਿਰਫ ਕਾਗਜ਼ਾਂ ''ਚ

01/30/2020 5:48:04 PM

ਮੋਰਿੰਡਾ (ਧੀਮਾਨ) : ਬਸੰਤ ਰੁੱਤ ਆਉਣ 'ਤੇ ਜਿੱਥੇ ਮੌਸਮ ਖੁਸ਼ਗਵਾਰ ਹੋਣ ਨਾਲ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਆਈ ਹੈ, ਉੱਥੇ ਹੀ ਬਸੰਤ ਪਤੰਗਬਾਜ਼ਾਂ 'ਚ ਵੀ ਇਕ ਨਵੀਂ ਸਫੂਰਤੀ ਪੈਦਾ ਕਰਦੀ ਹੈ। ਬਸੰਤ ਆਉਣ ਬੱਚਿਆਂ ਤੇ ਵੱਡਿਆਂ 'ਚ ਪਤੰਗਬਾਜ਼ੀ ਦਾ ਸ਼ੌਕ ਪੈਦਾ ਹੁੰਦਾ ਹੈ ਅਤੇ ਸ਼ਹਿਰ ਵਿਚ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਵੀ ਰੌਣਕ ਆ ਜਾਂਦੀ ਹੈ ਪਰ ਕਈ ਦੁਕਾਨਦਾਰ ਪੈਸਾ ਕਮਾਉਣ ਦੀ ਹੋੜ ਵਿਚ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਪਾਬੰਦੀਸ਼ੁਦਾ ਚਾਈਨਾ ਡੋਰ (ਖੂਨੀ ਡੋਰ) ਮਨਚਾਹੇ ਮੁੱਲ 'ਤੇ ਵੇਚਦੇ ਹਨ, ਜੋ ਅਕਸਰ ਪਸ਼ੂ-ਪੰਛੀਆਂ ਅਤੇ ਇਨਸਾਨਾਂ ਲਈ ਵੀ ਘਾਤਕ ਸਾਬਤ ਹੁੰਦੀ ਹੈ ਪਰ ਅਜਿਹੇ ਦੁਕਾਨਦਾਰ ਸਰਕਾਰ ਵਲੋਂ ਚਾਈਨਾ ਡੋਰ 'ਤੇ ਲਗਾਈ ਪਾਬੰਦੀ ਦੇ ਬਾਵਜੂਦ ਵੀ ਵੱਖ-ਵੱਖ ਢੰਗਾਂ ਰਾਹੀਂ ਚਾਈਨਾ ਡੋਰ ਧੜੱਲੇ ਨਾਲ ਵੇਚਦੇ ਹਨ।

ਇਸ ਸਬੰਧੀ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਹਿਰ ਦੇ ਵਾਰਡ ਨੰਬਰ 10 'ਚ ਬਿਜਲੀ ਦੀਆਂ ਤਾਰਾਂ 'ਚ ਉਲਝੀ ਚਾਈਨਾ ਡੋਰ ਤੋਂ ਕਰੰਟ ਲੱਗਣ ਨਾਲ ਇਕ ਗਊ ਦੀ ਮੌਤ ਹੋ ਗਈ। ਸ਼ਹਿਰ 'ਚ ਬਸੰਤ ਪੰਚਮੀ ਮੌਕੇ ਵੱਡੀ ਪੱਧਰ 'ਤੇ ਵੱਖ-ਵੱਖ ਡਿਜ਼ਾਈਨ ਅਤੇ ਵੱਖ-ਵੱਖ ਆਕਾਰ ਦੇ ਵੱਡੇ-ਵੱਡੇ ਪਤੰਗਾਂ ਦੀ ਵਿਕਰੀ ਜ਼ੋਰਾਂ ਨਾਲ ਜਾਰੀ ਹੈ, ਉੱਥੇ ਚਾਈਨਾ ਡੋਰ ਦੇ ਸ਼ੌਕੀਨ ਵੱਖ-ਵੱਖ ਢੰਗਾਂ ਰਾਹੀਂ ਮਹਿੰਗੇ ਭਾਅ ਦੀ ਚਾਈਨਾ ਡੋਰ ਖਰੀਦ ਕੇ ਪਤੰਗਬਾਜ਼ੀ ਦਾ ਸ਼ੌਕ ਪੂਰਾ ਕਰਦੇ ਹਨ। ਸ਼ਹਿਰ ਦੇ ਪੁਰਾਣੇ ਬੱਸੀ ਰੋਡ 'ਤੇ ਇਕ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋਣ ਤੋਂ ਬਚ ਗਿਆ, ਜਦੋਂ ਉਹ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ ਪਰ ਫੁਰਤੀ ਵਰਤਣ ਕਾਰਨ ਵਾਲ-ਵਾਲ ਬਚ ਗਿਆ।

ਬੜੀ ਮੁਸ਼ਕਲ ਨਾਲ ਬਚਾਈ ਜਾਨ
ਮੋਟਰਸਾਈਕਲ ਸਵਾਰ ਉਸ ਰਾਹਗੀਰ ਨੇ ਦੱਸਿਆ ਕਿ ਉਹ ਬੜੀ ਮੁਸ਼ਕਲ ਨਾਲ ਮੋਟਰਸਾਈਕਲ ਰੋਕ ਕੇ ਬਚਿਆ, ਨਹੀਂ ਤਾਂ ਉਸਦੀ ਗਰਦਨ ਵਿਚ ਫਸੀ ਚਾਈਨਾ ਡੋਰ ਨੇ ਉਸ ਨੂੰ ਗੰਭੀਰ ਜ਼ਖਮੀ ਕਰ ਦੇਣਾ ਸੀ। ਉਧਰ ਇਸ ਸਬੰਧੀ ਮੋਰਿੰਡਾ ਸਿਟੀ ਪੁਲਸ ਥਾਣਾ ਮੁੱਖੀ ਸੁਨੀਲ ਕੁਮਾਰ ਨੇ ਕਿਹਾ ਕਿ ਪੁਲਸ ਵਲੋਂ ਸ਼ਹਿਰ ਵਿਚ ਵੱਖ-ਵੱਖ ਪਤੰਗਾਂ ਦੀਆਂ ਦੁਕਾਨਾਂ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਕ ਦੁਕਾਨਦਾਰ ਕੋਲ ਕਾਫੀ ਮਾਤਰਾ ਵਿਚ ਮਿਲੀ ਪਤੰਗ ਡੋਰ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਚਾਈਨਾ ਡੋਰ ਤਾਂ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਇਹ ਚਾਈਨਾ ਡੋਰ ਨਿਕਲੀ ਤਾਂ ਦੁਕਾਨਦਾਰ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।

PunjabKesari

ਪ੍ਰਸ਼ਾਸਨ ਹੋਇਆ ਨਾਕਾਮ
ਕੁਰਾਲੀ(ਬਠਲਾ) : ਬਸੰਤ ਪੰਚਮੀ ਹੋਣ ਕਰ ਕੇ ਸ਼ਹਿਰ 'ਚ ਹਰ ਪਾਸੇ ਪਤੰਗ ਹੀ ਪਤੰਗ ਨਜ਼ਰ ਆ ਰਹੇ ਸਨ, ਜਿਨ੍ਹਾਂ ਨੂੰ ਉਡਾਉਣ ਲਈ ਡ੍ਰੈਗਨ ਡੋਰ ਧੜੱਲੇ ਨਾਲ ਵਰਤੀ ਗਈ। ਪੰਜਾਬ ਦੇ ਇਸ ਰਵਾਇਤੀ ਤਿਉਹਾਰ ਨੂੰ ਚਾਈਨਾ ਡੋਰ ਦਾ ਗ੍ਰਹਿਣ ਲੱਗਾ ਹੋਇਆ ਹੈ। ਪ੍ਰਸ਼ਾਸਨ ਦੀ ਨੱਕ ਹੇਠ ਪੁਲਸ ਦੀ ਹਲਕੀ-ਫੁਲਕੀ ਸਖਤੀ ਦੇ ਬਾਵਜੂਦ ਚਾਈਨਾ ਡੋਰ ਦੀ ਕੁਝ ਪੈਸਿਆਂ ਦੀ ਖ਼ਾਤਰ ਵਿਕਰੀ ਕਰਨ ਵਾਲੇ ਸਰਗਰਮ ਰਹੇ। ਪ੍ਰਸ਼ਾਸਨ ਵਲੋਂ ਇਸ ਡੋਰ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੇ ਬਾਵਜੂਦ ਇਸ ਦੀ ਵਰਤੋਂ ਆਮ ਹੋ ਰਹੀ ਹੈ, ਜੋ ਕਿ ਵਾਹਨ ਚਾਲਕਾਂ ਅਤੇ ਪੈਦਲ ਜਾ ਰਹੇ ਰਾਹਗੀਰਾਂ ਨੂੰ ਸਾਰਾ ਦਿਨ ਸੜਕਾਂ 'ਤੇ ਆਪਣੀ ਲਪੇਟ 'ਚ ਲੈ ਰਹੀ ਹੈ। ਭਾਵੇਂ ਪ੍ਰਸ਼ਾਸਨ ਇਸ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਲੱਖਾਂ ਦਾਅਵੇ ਕਰ ਰਿਹਾ ਸੀ ਪਰ ਜ਼ਮੀਨੀ ਪੱਧਰ 'ਤੇ ਇਹ ਬਿਲਕੁਲ ਫੋਕੇ ਸਾਬਤ ਹੋਏ। ਸਿਟੀ ਪੁਲਸ ਕੁਰਾਲੀ ਨੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਕੇ ਚਾਈਨਾ ਡੋਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜ਼ਿਲਾ ਮੈਜਿਸਟਰੇਟ ਨੇ ਜ਼ਿਲੇ ਅੰਦਰ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ 'ਤੇ ਰੋਕ ਲਾਈ ਹੋਈ ਹੈ ਕਿਉਂਕਿ ਇਹ ਡੋਰ ਪੰਛੀਆਂ ਤੇ ਮਨੁੱਖਾਂ ਲਈ ਮਾਰੂ ਸਾਬਤ ਹੋ ਰਹੀ ਹੈ।

ਡ੍ਰੈਗਨ ਡੋਰ ਸਬੰਧੀ ਮੁਕੱਦਮਾ ਦਰਜ
ਮੋਰਿੰਡਾ (ਧੀਮਾਨ) : ਮੋਰਿੰਡਾ ਪੁਲਸ ਨੇ ਇਕ ਦੁਕਾਨਦਾਰ ਦੇ ਵਿਰੁੱਧ ਚਾਈਨਾ ਡੋਰ ਰੱਖਣ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਪੁਲਸ ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਸੁਰਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਪੁਰਾਣਾ ਬੱਸੀ ਰੋਡ 'ਤੇ ਇਕ ਦੁਕਾਨ ਦੀ ਤਲਾਸ਼ੀ ਲਈ ਤਾਂ ਦੁਕਾਨ ਵਿਚੋਂ 28 ਗੱਟੂ ਚਾਈਨਾ ਡੋਰ ਦੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਸੌਰਵ ਬੁੱਧੀਰਾਜਾ ਪੁੱਤਰ ਮਨੋਹਰ ਬੁੱਧੀਰਾਜਾ ਦੇ ਵਿਰੁੱਧ ਆਈ. ਪੀ. ਸੀ. ਦੀ ਧਾਰਾ 188 ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Anuradha

Content Editor

Related News