ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਵੈਨ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ
Wednesday, Apr 05, 2023 - 06:15 PM (IST)
ਗੋਨਿਆਣਾ (ਗੋਰਾ ਲਾਲ) : ਨਜ਼ਦੀਕੀ ਪਿੰਡ ਭੋਖੜਾ ਕੋਲ ਬੁੱਧਵਾਰ ਸਵੇਰੇ ਨੰਨੇ-ਮੁੰਨੇ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਜਾ ਰਹੀ ਇਕ ਸਕੂਲ ਵੈਨ ਦਾ ਚਾਲਕ ਇਕ ਮੋਟਰਸਾਇਕਲ ਚਾਲਕ ਨੂੰ ਬਚਾਉਂਦਾ ਹੋਇਆ ਆਪਣਾ ਸੰਤੁਲਣ ਗਵਾ ਬੈਠਾ ਅਤੇ ਵੈਨ ਸਾਹਮਣੇ ਖੜੇ ਆਈਸਰ ਕੈਂਟਰ ਨਾਲ ਟਕਰਾ ਗਈ। ਇਸ ਦੌਰਾਨ ਵੈਨ ਡਰਾਈਵਰ ਸਮੇਤ ਡੇਢ ਦਰਜਨ ਦੇ ਕਰੀਬ ਵਿਦਿਆਰਥੀ ਜ਼ਖਮੀ ਹੋ ਗਏ। ਡਰਾਈਵਰ ਤੇ ਕੁਝ ਵਿਦਿਆਰਥੀਆਂ ਨੂੰ ਜ਼ਿਆਦਾ ਸੱਟਾਂ ਹੋਣ ਕਰਕੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਦਕਿ ਬਾਕੀ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਦਾਨ ਸਿੰਘ ਵਾਲਾ ਰੋਜ਼ਾਨਾਂ ਦੀ ਤਰ੍ਹਾਂ ਇਕ ਨਿੱਜੀ ਸਕੂਲ ਵਿਚ ਛੱਡਣ ਲਈ ਵੈਨ ਨੰਬਰ ਪੀ. ਬੀ-29 ਐੱਮ 9318 ਰਾਹੀਂ ਨਜ਼ਦੀਕੀ ਪਿੰਡ ਮਹਿਮਾ ਸਰਜਾ, ਮਹਿਮਾ ਸਵਾਈ, ਮਹਿਮਾ ਸਰਕਾਰੀ ਆਦਿ ਪਿੰਡਾਂ ਵਿਚੋਂ ਛੋਟੇ-ਛੋਟੇ ਬੱਚਿਆਂ ਜਿਨ੍ਹਾਂ ਵਿਚ ਏਕਮਰੀਤ ਕੌਰ (10), ਜਸਕਰਨ ਸਿੰਘ (8), ਗਿਆਨਜੋਤ (11), ਵਨੀਤ ਕੌਰ (11), ਹਰਮਾਨ ਸਿੰਘ (12), ਅਵਦੀਪ ਸਿੰਘ (9), ਹਰਮਨਜੋਤ ਸਿੰਘ (15) ਸਮੇਤ ਡੇਢ ਦਰਜਨ ਦੇ ਕਰੀਬ ਵਿਦਿਆਰਥੀਆਂ ਨੂੰ ਲੈ ਕੇ ਜਿਉਂ ਹੀ ਪਿੰਡ ਭੋਖੜਾ ਕੋਲ ਪਹੁੰਚਿਆ ਤਾਂ ਵੈਨ ਚਾਲਕ ਇਕ ਮੋਟਰਸਾਇਕਲ ਚਾਲਕ ਨੂੰ ਬਚਾਉਂਦਾ ਹੋਇਆ ਅੱਗੇ ਖੜੇ ਆਇਸਰ ਕੈਂਟਰ ਐੱਮ.ਐੱਚ-09 ਐੱਫ-4545 ਵਿਚ ਜਾ ਵੱਜੀ।
ਇਸ ਦੌਰਾਨ ਦੋਵੇਂ ਵਹੀਕਲਾਂ ਦਾ ਨੁਕਸਾਨ ਹੋ ਗਿਆ ਅਤੇ ਵੈਨ ਵਿਚ ਸਵਾਰ ਸਮੂਹ ਵਿਦਿਆਰਥੀ ਜ਼ਖਮੀ ਹੋ ਗਏ। ਨੇੜੇ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਡਰਾਈਵਰ ਸਮੇਤ ਸਮੂਹ ਜ਼ਖਮੀ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਗੋਨਿਆਣਾ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਜ਼ਖਮੀ ਵਿਦਿਆਰਥੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਡਰਾਇਵਰ ਸਮੇਤ ਤਿੰਨ ਵਿਦਿਆਰਥੀਆਂ ਦੇ ਜ਼ਿਆਦਾ ਸੱਟਾਂ ਹੋਣ ਕਰਕੇ ਉਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਤਬਦੀਲ ਕਰ ਦਿੱਤਾ ਅਤੇ ਬਾਕੀ ਵਿਦਿਆਰਥੀ ਘਰੋ-ਘਰੀਂ ਭੇਜ ਦਿੱਤੇ। ਇਸ ਸਬੰਧੀ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਤਰੁਨਦੀਪ ਨੇ ਕਿਹਾ ਕਿ ਹਾਲੇ ਤੱਕ ਜ਼ਖਮੀ ਡਰਾਈਵਰ ਦੇ ਬਿਆਨ ਦਰਜ ਨਹੀਂ ਹੋਏ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।