ਬੱਚੇ ਨੂੰ ਅਗਵਾ ਕਰਨ ਵਾਲੀ ਕਾਮਨੀ ਨੂੰ ਕੋਰਟ ''ਚ ਕੀਤਾ ਪੇਸ਼, ਪਹੁੰਚੀ ਜੇਲ
Thursday, Apr 11, 2019 - 09:11 AM (IST)
ਜਲੰਧਰ (ਮਹੇਸ਼)—ਮੰਗਲਵਾਰ ਨੂੰ ਬੜਿੰਗ ਤੋਂ ਫੜੀ ਗਈ ਅਗਵਾਕਾਰ ਔਰਤ ਕਾਮਨੀ ਪਤਨੀ ਅਨੂਪ ਕੁਮਾਰ ਨੂੰ ਅੱਜ ਰੇਲਵੇ ਪੁਲਸ ਨੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜ ਦਿੱਤਾ ਗਿਆ। ਰੇਲਵੇ ਪੁਲਸ ਨੇ ਉਸ 'ਤੇ 10 ਜਨਵਰੀ ਨੂੰ ਆਈ. ਪੀ. ਸੀ. ਦੀ ਧਾਰਾ 363 ਤਹਿਤ ਕੇਸ ਦਰਜ ਕੀਤਾ ਸੀ। ਰੇਲਵੇ ਪੁਲਸ ਚੌਕੀ ਜਲੰਧਰ ਕੈਂਟ ਦੇ ਮੁਖੀ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਕਾਮਨੀ ਨੇ ਪੁੱਛਗਿੱਛ 'ਚ 6 ਮਹੀਨੇ ਦੇ ਬੱਚੇ ਨੂੰ ਕੈਂਟ ਰੇਲਵੇ ਸਟੇਸ਼ਨ ਤੋਂ ਉਠਾ ਕੇ ਭੱਜਣ ਦਾ ਆਪਣਾ ਗੁਨਾਹ ਤਾਂ ਕਬੂਲ ਕੀਤਾ ਹੈ ਪਰ ਨਾਲ ਹੀ ਉਸ ਨੇ ਕਿਹਾ ਕਿ ਉਸ ਦੀਆਂ 3 ਬੇਟੀਆਂ ਹਨ। ਉਹ ਬੇਟੇ ਦੀ ਚਾਹਤ ਰੱਖਦੀ ਸੀ। ਇਸੇ ਚਾਹਤ 'ਚ ਉਹ ਬੱਚੇ ਨੂੰ ਉਠਾ ਕੇ ਭੱਜ ਗਈ। ਇਸ ਤੋਂ ਇਲਾਵਾ ਉਸ ਦਾ ਹੋਰ ਕੋਈ ਮਕਸਦ ਨਹੀਂ ਸੀ। ਉਸ ਨੇ ਦੱਸਿਆ ਕਿ ਬੱਚੇ ਨੂੰ ਕੈਂਟ ਸਟੇਸ਼ਨ ਤੋਂ ਉਠਾ ਕੇ ਉਹ ਪਹਿਲਾਂ ਕੁਝ ਦਿਨ ਲਈ ਜਲੰਧਰ ਤੋਂ ਬਾਹਰ ਚਲੀ ਗਈ ਸੀ ਤੇ ਉਸ ਦੇ ਬਾਅਦ ਘਰ ਬੜਿੰਗ ਆ ਕੇ ਹੀ ਰਹਿਣ ਲੱਗ ਪਈ। ਬੱਚੇ ਨੂੰ ਉਸ ਨੇ ਆਪਣੀਆਂ ਬੇਟੀਆਂ ਦੀ ਤਰ੍ਹਾਂ ਰੱਖਿਆ ਹੋਇਆ ਸੀ। ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਰੇਲਵੇ ਪੁਲਸ ਨੇ ਆਪਣੀ ਕਾਨੂੰਨੀ ਕਾਰਵਾਈ ਨੂੰ ਪੂਰਾ ਕਰਨ ਤੋਂ ਬਾਅਦ 9 ਮਹੀਨੇ ਦੇ ਹੋਏ ਓਮਦਾਸ ਨੂੰ ਅੱਜ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਹੈ, ਜੋ ਕਿ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਪੰਡੋਰੀ ਮਹਿਰਾ ਦੇ ਰਹਿਣ ਵਾਲੇ ਹਨ।
ਜਗ ਬਾਣੀ 'ਚ ਪ੍ਰਕਾਸ਼ਿਤ ਖਬਰ ਨਾਲ ਵੀ ਬੱਚੇ ਤੱਕ ਪਹੁੰਚਣ 'ਚ ਮਿਲੀ ਮਦਦ
ਜਾਂਚ ਅਧਿਕਾਰੀ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਬੱਚੇ ਦੇ ਅਗਵਾ ਹੋਣ ਸਬੰਧੀ 4 ਅਪ੍ਰੈਲ ਨੂੰ ਜਗ ਬਾਣੀ 'ਚ ਪ੍ਰਕਾਸ਼ਿਤ ਹੋਈ ਖਬਰ ਨਾਲ ਵੀ ਉਨ੍ਹਾਂ ਨੂੰ ਬੱਚੇ ਤੱਕ ਪਹੁੰਚਣ 'ਚ ਕਾਫੀ ਮਦਦ ਮਿਲੀ। ਇਸ ਖਬਰ 'ਚ ਮੁਲਜ਼ਮ ਔਰਤ ਦੀ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਫੋਟੋ ਤੇ ਬੱਚੇ ਦੀ ਫਾਈਲ ਫੋਟੋ ਲਾਈ ਸੀ। ਫਿਰ ਸਬੂਤ ਮਿਲਦੇ ਰਹੇ। ਉਨ੍ਹਾਂ ਨੇ ਮਹਿਲਾ ਕਾਂਸਟੇਬਲ ਪੂਨਮ ਨੂੰ ਨਾਲ ਲੈ ਕੇ ਮੰਗਲਵਾਰ ਦੇਰ ਸ਼ਾਮ ਬੜਿੰਗ ਸਥਿਤ ਮੁਲਜ਼ਮ ਔਰਤ ਦੇ ਘਰ ਰੇਡ ਕੀਤੀ ਤੇ ਮੌਕੇ 'ਤੇ ਹੀ ਉਸ ਨੂੰ ਕਾਬੂ ਕਰ ਕੇ ਬੱਚੇ ਨੂੰ ਉਸ ਦੇ ਕਬਜ਼ੇ 'ਚੋਂ ਬਰਾਮਦ ਕਰ ਲਿਆ।