ਮੁੱਖ ਸਕੱਤਰ ਵਲੋਂ ਕੈਂਸਰ ਟਰਸ਼ਰੀ ਕੇਅਰ ਹਸਪਤਾਲ ਨੂੰ ਨਵੰਬਰ ਤੱਕ ਕਾਰਜਸ਼ੀਲ ਕਰਨ ਦੇ ਹੁਕਮ

Monday, Aug 30, 2021 - 10:52 AM (IST)

ਮੁੱਖ ਸਕੱਤਰ ਵਲੋਂ ਕੈਂਸਰ ਟਰਸ਼ਰੀ ਕੇਅਰ ਹਸਪਤਾਲ ਨੂੰ ਨਵੰਬਰ ਤੱਕ ਕਾਰਜਸ਼ੀਲ ਕਰਨ ਦੇ ਹੁਕਮ

ਚੰਡੀਗੜ੍ਹ (ਸ਼ਰਮਾ) : ਨਿਊ ਚੰਡੀਗੜ੍ਹ (ਮੋਹਾਲੀ) ਵਿਖੇ ਮੈਡੀਸਿਟੀ ਵਿਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨੂੰ ਛੇਤੀ ਸ਼ੁਰੂ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਵੱਕਾਰੀ ਪ੍ਰਾਜੈਕਟ ਦੀ ਪ੍ਰਗਤੀ ਦੀ ਹਫ਼ਤਾਵਾਰੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਸਾਰੇ ਭਾਈਵਾਲਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਅਤਿ ਆਧੁਨਿਕ ਕੈਂਸਰ ਟਰਸ਼ਰੀ ਕੇਅਰ ਫੈਸਲਿਟੀ ਨੂੰ ਨਵੰਬਰ ਤੱਕ ਕਾਰਜਸ਼ੀਲ ਕੀਤਾ ਜਾਵੇ। ਮੁੱਖ ਸਕੱਤਰ, ਡਾਇਰੈਕਟਰ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਡਾ. ਆਰ.ਏ. ਬੜਵੇ, ਪ੍ਰਮੁੱਖ ਸਕੱਤਰ ਸਿਹਤ ਅਤੇ ਮੈਡੀਕਲ ਸਿੱਖਿਆ ਅਲੋਕ ਸ਼ੇਖਰ, ਪੀ.ਡਬਲਿਊ.ਡੀ. ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਨਾਲ ਇੱਥੇ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਮੁੱਖ ਸਕੱਤਰ ਨੇ ਪੀ.ਜੀ.ਆਈ. ਚੰਡੀਗੜ੍ਹ ਨੇੜੇ ਬਣਨ ਵਾਲੇ ਇਸ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਇਸ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਪਿਛਲੇ ਹਫ਼ਤੇ ਸਾਈਟ ਦਾ ਦੌਰਾ ਕੀਤਾ ਸੀ। ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ ਕਿ ਸੀ-ਵਿੰਗ ਦੇ ਸਾਰੇ ਬਕਾਇਆ ਕੰਮ 15 ਸਤੰਬਰ ਤੋਂ ਪਹਿਲਾਂ ਮੁਕੰਮਲ ਕੀਤੇ ਜਾਣਗੇ ਤਾਂ ਜੋ ਰੇਡੀਓਲੋਜੀ ਉਪਕਰਨਾਂ ਦੀ ਸਥਾਪਨਾ ਦਾ ਕਾਰਜ ਛੇਤੀ ਸ਼ੁਰੂ ਕੀਤਾ ਜਾ ਸਕੇ। ਮਰੀਜ਼ਾਂ ਦੀ ਦੇਖਭਾਲ ਵਾਲੇ ਖੇਤਰਾਂ ਨੂੰ ਕਾਰਜਸ਼ੀਲ ਕਰਨ ਅਤੇ ਮਸ਼ੀਨਾਂ ਦੀ ਸਥਾਪਨਾ ਵਰਗੇ ਕਾਰਜ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ ਲਈ ਆਖਦਿਆਂ ਮਹਾਜਨ ਨੇ ਕਿਹਾ ਕਿ ਡੀ-ਵਿੰਗ ਵਿਚ ਲਿਨਾਕ ਮਸ਼ੀਨ ਦੀ ਸਥਾਪਨਾ 3 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੇ ਹਸਪਤਾਲ ਅਤੇ ਦਫ਼ਤਰ ਦੇ ਵੱਖ-ਵੱਖ ਫ਼ਰਨੀਚਰ ਸਬੰਧੀ ਵੀ ਜਾਣਕਾਰੀ ਲਈ। ਡਾ. ਆਰ.ਏ. ਬੜਵੇ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਫਰਨੀਚਰ ਅਤੇ ਹੋਰ ਉਪਕਰਨਾਂ ਦੀ ਖਰੀਦ ਪ੍ਰਗਤੀ ਅਧੀਨ ਹੈ ਅਤੇ ਨਿਰਧਾਰਿਤ ਸਮਾਂ ਸੀਮਾ ਅੰਦਰ ਸਾਈਟ ’ਤੇ ਪਹੁੰਚਾ ਦਿੱਤੇ ਜਾਣਗੇ। 

ਇਹ ਵੀ ਪੜ੍ਹੋ : ਬਿਨਾਂ ਤਲਾਕ ਲਏ ਦੂਜਾ ਵਿਆਹ ਰਚਾਉਣਾ ਪਿਆ ਮਹਿੰਗਾ, ਦੋਸ਼ੀ ਪਤੀ ਨੂੰ 6 ਸਾਲ ਦੀ ਕੈਦ 

ਪ੍ਰਾਜੈਕਟ ਦੀ ਪ੍ਰਗਤੀ ’ਤੇ ਖੁਸ਼ੀ ਜਾਹਿਰ ਕਰਦਿਆਂ, ਮੁੱਖ ਸਕੱਤਰ ਨੇ ਸਮੁੱਚੇ ਪ੍ਰੋਜੈਕਟ ਨੂੰ ਚਲਾਉਣ ਵਾਲੀ ਟੀਮ ਨੂੰ ਨਿਰਧਾਰਤ ਸਮੇਂ ਅਨੁਸਾਰ ਟੀਚਿਆਂ ਨੂੰ ਹਾਸਿਲ ਅਤੇ ਪੂਰਾ ਕਰਨ ਲਈ ਕਿਹਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 300 ਬਿਸਤਰਿਆਂ ਵਾਲੇ ਇਸ ਅਤਿ ਆਧੁਨਿਕ ਕੈਂਸਰ ਹਸਪਤਾਲ ਨੂੰ ਲੋਕਾਂ ਲਈ ਛੇਤੀ ਤੋਂ ਛੇਤੀ ਉਪਲਬਧ ਕਰਵਾਉਣ ਲਈ ਕਿਹਾ ਹੈ। ਇਹ ਹਸਪਤਾਲ ਪੂਰੇ ਉਤਰੀ ਖੇਤਰ ਨੂੰ ਟਰਸ਼ਰੀ ਕੇਅਰ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਏਗਾ। ਇਸ ਮੌਕੇ ਐੱਮ. ਡੀ. ਪੀੱ. ਐੱਚ.ਐੱਸ.ਸੀ. ਤਨੂ ਕਸ਼ਯਪ, ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਡਾ. ਸੁਜਾਤਾ ਸ਼ਰਮਾ, ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਨਿਊ ਚੰਡੀਗੜ੍ਹ ਦੇ ਡਾਇਰੈਕਟਰ ਡਾ. ਰਾਕੇਸ਼ ਕਪੂਰ, ਐੱਚ.ਬੀ.ਸੀ.ਐੱਚ. ਐਂਡ ਆਰ.ਸੀ. ਦੇ ਇੰਚਾਰਜ ਅਧਿਕਾਰੀ ਡਾ. ਅਸ਼ੀਸ਼ ਗੁਲੀਆ, ਸਹਾਇਕ ਮੈਡੀਕਲ ਸੁਪਰਡੈਂਟ ਐੱਚ. ਬੀ. ਸੀ. ਐੱਚ. ਐਂਡ ਆਰ. ਸੀ. ਡਾ. ਨਿਤਿਨ ਮਰਾਠੇ, ਐੱਸ. ਪੀ. ਸੀ. ਐੱਲ. ਦੇ ਮੁਖੀ ਐੱਸ. ਦੀਕਸ਼ਿਤ, ਏ. ਜੀ. ਐੱਮ. ਐੱਸ. ਪੀ. ਸੀ. ਐੱਲ. ਡਾ. ਗੁਰਪ੍ਰੀਤ ਮਾਨ ਮੌਜੂਦ ਸਨ।

ਨਵੰਬਰ ਤੋਂ ਜਨਤਾ ਲਈ ਉਪਲੱਬਧ ਹੋਣ ਵਾਲੀਆਂ ਸਹੂਲਤਾਂ
ਇਸ ਹਸਪਤਾਲ ਵਿਚ ਨਵੰਬਰ ਤੋਂ ਜਨਤਾ ਲਈ ਰੇਡੀਓਥੈਰੇਪੀ, ਰੇਡੀਓਲੋਜੀ, ਸੀਟੀ ਸਕੈਨ, ਐੱਮ. ਆਰ. ਆਈ., ਅਲਟ੍ਰਾਸਾਊਂਡ, ਐਕਸ-ਰੇ, ਮੈਮੋਗ੍ਰਾਫੀ, ਮੈਡੀਕਲ ਓਨਕੋਲੋਜੀ, ਕੀਮੋਥੈਰੇਪੀ, ਡੇ-ਕੇਅਰ ਵਾਰਡ, ਪੈਥੋਲੋਜੀ, ਲੈਬ ਸਹੂਲਤਾਂ ਅਤੇ ਕੁਝ ਓਟੀ ਸਹੂਲਤਾਂ ਤੋਂ ਇਲਾਵਾ ਓ.  ਪੀ.ਡੀ. ਸੇਵਾਵਾਂ ਜਿਵੇਂ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪੈਲੀਏਟਿਵ ਕੇਅਰ ਪ੍ਰੀਵੈਂਟਿਵ ਓਨਕੋਲੋਜੀ ਸਹੂਲਤ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ : ਕੜ੍ਹੀ ਚਾਵਲ ਦੀ ਰੇਹੜੀ ਲਗਾ ਕੇ ਗੁਜ਼ਾਰਾ ਕਰ ਰਹੀ ਗਰਭਵਤੀ ਜਨਾਨੀ ਨੂੰ ਮਿਲਣ ਪੁੱਜੀ ਮਨੀਸ਼ਾ ਗੁਲਾਟੀ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News