ਚੀਫ ਸਕੱਤਰ ਵਿਵਾਦ ਭਖਿਆ, ਬਾਜਵਾ-ਵੜਿੰਗ ਤੇ ਰੰਧਾਵਾ ਨੇ ਕੈਪਟਨ ਤੋਂ ਮੰਗੀ ਜਾਂਚ
Wednesday, May 13, 2020 - 07:51 PM (IST)
ਜਲੰਧਰ : ਮੰਤਰੀਆਂ ਨਾਲ ਵਿਵਾਦ ਤੋਂ ਬਾਅਦ ਚੀਫ ਸਕੱਤਰ ਦੀ ਐਕਸਾਈਜ਼ ਵਿਭਾਗ ਤੋਂ ਕੀਤੀ ਗਈ ਛੁੱਟੀ ਦੇ ਮਾਮਲੇ 'ਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕੇ ਹਨ। ਬਾਜਵਾ ਨੇ ਟਵੀਟ ਕਰਕੇ ਕਿਹਾ ਕਿ ਚੀਫ ਸਕੱਤਰ ਨੂੰ ਇਸ ਤਰ੍ਹਾਂ ਐਕਸਾਈਜ਼ ਵਿਭਾਗ ਤੋਂ ਵੱਖ ਕਰਨਾ ਇਕ ਵੱਡੇ ਵਿਵਾਦ ਵੱਲ ਸੰਕੇਤ ਕਰਦਾ ਹੈ। ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਇਕ ਹੋਰ ਟਵੀਟ ਵਿਚ ਬਾਜਵਾ ਨੇ ਕਿਹਾ ਕਿ ਜੇਕਰ ਤੁਸੀਂ ਨਿਰਪੱਖ ਜਾਂਚ ਲਈ ਇਜਾਜ਼ਤ ਨਹੀਂ ਦਿੰਦੇ ਹੋ ਤਾਂ ਪੰਜਾਬ ਦੇ ਲੋਕ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਰਕਾਰ ਤੋਂ ਸਵਾਲ ਕਰਨਗੇ। ਲਿਹਾਜ਼ਾ ਸਾਨੂੰ ਪਾਰਦਰਸ਼ਤਾ ਨਿਸ਼ਚਿਤ ਕਰਨੀ ਚਾਹੀਦੀ ਹੈ। ਖੁੱਲ੍ਹੇ ਤੌਰ 'ਤੇ ਲੱਗ ਰਹੇ ਦੋਸ਼ਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਮੰਤਰੀਆਂ ਨਾਲ ਵਿਵਾਦ 'ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ 'ਤੇ ਡਿੱਗੀ ਗਾਜ
ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੇ ਵੀ ਕੀਤੀ ਜਾਂਚ ਦੀ ਮੰਗ
ਕਰਨ ਅਵਤਾਰ ਤੋਂ ਐਕਸਾਈਜ਼ ਵਿਭਾਗ ਵਾਪਸ ਲਏ ਜਾਣ ਦੇ ਬਾਵਜੂਦ ਵਿਵਾਦ ਰੁਕਣ ਦਾ ਨਾ ਨਹੀਂ ਲੈ ਰਿਹਾ ਹੈ। ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੇ ਟਵੀਟ ਕਰਕੇ ਇਕ ਵਾਰ ਮੁੜ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੀਫ਼ ਸਕੱਤਰ ਕਰਨ ਅਵਤਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਰਾਜਾ ਵੜਿੰਗ ਨੇ 6 ਹਜ਼ਾਰ ਕਰੋੜ ਦੇ ਐਕਸਾਈਜ਼ ਘਾਟੇ ਲਈ ਮੁੱਖ ਸਕੱਤਰ ਕਰਨ ਅਵਤਾਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਮੁੱਖ ਸਕੱਤਰ ਖ਼ਿਲਾਫ਼ ਜਾਂਚ ਦੀ ਵੀ ਮੰਗ ਕੀਤੀ। ਉਧਰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਰਾਜਾ ਵੜਿੰਗ ਦੀ ਮੰਗ ਦੀ ਹਿਮਾਇਤ ਕੀਤੀ ਹੈ। ਉਨ੍ਹਾਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਦੇ ਹੋਏ ਕਿਹਾ ਕੀ ਪਿਛਲੇ 3 ਸਾਲਾਂ ਵਿਚ ਐਕਸਾਈਜ਼ ਤੋਂ ਲਗਾਤਾਰ ਨੁਕਸਾਨ ਹੋ ਰਿਹਾ ਜਿਸ ਦੇ ਲਈ ਕਰਨ ਅਵਤਾਰ ਖ਼ਿਲਾਫ਼ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੇ ਟਵੀਟ ਕਰ ਕੇ ਰੇਲ ਮੰਤਰੀ ਨੂੰ ਸਟੇਸ਼ਨ ਦੀਆਂ ਦੱਸੀਆਂ ਖਾਮੀਆਂ, ਅਫਸਰਾਂ ਨੇ ਦਿੱਤਾ ਜਵਾਬ
ਚੀਫ ਸੈਕਟਰੀ ਦੀ ਐਕਸਾਈਜ਼ ਵਿਭਾਗ 'ਚੋਂ ਛੁੱਟੀ
ਮੰਤਰੀਆਂ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਾਲੇ ਚੱਲ ਰਹੇ ਵਿਵਾਦ ਦੌਰਾਨ ਸਰਕਾਰ ਨੇ ਕਰਨ ਅਵਤਾਰ ਸਿੰਘ ਤੋਂ ਫਾਈਨਾਂਸ਼ੀਅਲ ਕਮਿਸ਼ਨਰ, ਟੈਕਸੇਸ਼ਨ ਦਾ ਵਾਧੂ ਚਾਰਜ ਵਾਪਸ ਲੈ ਲਿਆ ਹੈ। ਇਹ ਹੁਕਮ ਖੁਦ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਜਾਰੀ ਕੀਤੇ ਹਨ। ਹੁਕਮਾਂ 'ਚ ਕਿਹਾ ਗਿਆ ਹੈ ਕਿ ਸੀਨੀਅਰ ਆਈ.ਏ.ਐੱਸ. ਅਧਿਕਾਰੀ ਵੇਣੂੰ ਪ੍ਰਸਾਦ ਹੁਣ ਫਾਈਨਾਂਸ਼ੀਅਲ ਕਮਿਸ਼ਨਰ, ਟੈਕਸੇਸ਼ਨ ਦਾ ਵਾਧੂ ਚਾਰਜ ਸੰਭਾਲਣਗੇ। ਵੇਣੂੰ ਪ੍ਰਸਾਦ ਦੇ ਕੋਲ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸ ਤੋਂ ਇਲਾਵਾ ਪ੍ਰਿੰਸੀਪਲ ਸੈਕਟਰੀ ਮਾਈਨਜ਼ ਐਂਡ ਜਿਓਲਾਜੀ, ਪਾਵਰ ਦਾ ਵਾਧੂ ਚਾਰਜ ਵੀ ਹੈ। ਇਸ ਕੜੀ 'ਚ ਉਹ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫਤ ਦੇ ਚੱਲਦੇ ਲੁਧਿਆਣਾ ਪੁਲਸ ਬਦਲਾਅ ਦੀ ਤਿਆਰੀ 'ਚ, ਚੁੱਕਣ ਜਾ ਰਹੀ ਇਹ ਵੱਡਾ ਕਦਮ