ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਲਈ ਮੁੱਖ ਮੰਤਰੀ ਚੰਨੀ ਨੇ ਕੀਤੇ ਵੱਡੇ ਐਲਾਨ

Thursday, Sep 30, 2021 - 02:48 PM (IST)

ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਲਈ ਮੁੱਖ ਮੰਤਰੀ ਚੰਨੀ ਨੇ ਕੀਤੇ ਵੱਡੇ ਐਲਾਨ

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਨੌਕਰੀ ਦਿੱਤੀ ਜਾਵੇਗੀ ਜਿਸ ਲਈ ਖੇਡ ਵਿਭਾਗ ਨੂੰ ਅਗਲੀ ਕੈਬਨਿਟ ਵਿਚ ਏਜੰਡਾ ਲਿਆਉਣ ਲਈ ਆਖਿਆ ਗਿਆ ਹੈ। ਮੁੱਖ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਯੋਗਤਾ ਅਨੁਸਾਰ ਪੀ.ਸੀ.ਐੱਸ. ਜਾਂ ਡੀ. ਐੱਸ. ਪੀ. ਜਾਂ ਖੇਡ ਵਿਭਾਗ ਵਿਚ ਇਸ ਦੇ ਬਰਾਬਰ ਦਾ ਕੋਈ ਵੀ ਅਹੁਦਾ ਲੈਣ ਦੀ ਖੁੱਲ੍ਹੀ ਪੇਸ਼ਕਸ਼ ਵੀ ਕੀਤੀ। ਮੁੱਖ ਮੰਤਰੀ ਨੇ ਇਹ ਗੱਲ ਮੁੱਖ ਮੰਤਰੀ ਦਫਤਰ ਵਿਖੇ ਦੂਜੀ ਕੈਬਨਿਟ ਮੀਟਿੰਗ ਦੌਰਾਨ ਸਾਰੇ ਹਾਕੀ ਖਿਡਾਰੀਆਂ ਨੂੰ ਕਹੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹਰ ਖਿਡਾਰੀ ਦੇ ਨਾਂ ’ਤੇ ਵੱਡਾ ਸਟੇਡੀਅਮ ਬਣਾਇਆ ਜਾਵੇਗਾ। ਇਹ ਫੈਸਲਾ ਆਉਣ ਵਾਲੇ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗਾ। ਓਲੰਪਿਕ ਖੇਡਾਂ ਵਿਚ 41 ਸਾਲ ਬਾਅਦ ਹਾਕੀ ਟੀਮ ਵਲੋਂ ਤਮਗਾ ਜਿੱਤਣ ਦੀ ਖੁਸ਼ੀ ਵਿਚ ਸਾਰੇ ਖਿਡਾਰੀਆਂ ਨੂੰ ਅੱਜ ਪੰਜਾਬ ਸਰਕਾਰ ਵਲੋਂ ਅੱਜ ਦੀ ਕੈਬਨਿਟ ਮੀਟਿੰਗ ਵਿਚ ਉਚੇਚੇ ਤੌਰ ’ਤੇ ਬੁਲਾਇਆ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਾਕੀ ਟੀਮ ਨੇ ਨਾ ਸਿਰਫ ਪੰਜਾਬ ਸਗੋਂ ਦੇਸ ਦਾ ਵੀ ਨਾਮ ਰੌਸ਼ਨ ਕੀਤਾ ਹੈ।

PunjabKesari

ਪੰਜਾਬ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ 11 ਖਿਡਾਰੀ ਸੂਬੇ ਦੇ ਸਨ। ਉਨ੍ਹਾਂ ਨਾਲ ਹੀ ਖਿਡਾਰੀਆਂ ਨੂੰ ਗੁਜਾਰਿਸ਼ ਕੀਤੀ ਕਿ ਉਹ ਨੌਕਰੀ ਦੇ ਨਾਲ ਆਪਣੀ ਖੇਡ ਜਾਰੀ ਰੱਖਣ ਅਤੇ ਹੋਰ ਮੱਲਾਂ ਮਾਰਨ। ਇਸ ਤੋਂ ਬਾਅਦ ਵੀ ਹਾਕੀ ਖੇਡ ਨਾਲ ਜੁੜੇ ਰਹਿਣ ਅਤੇ ਨਵੀਂ ਉਮਰ ਦੇ ਖਿਡਾਰੀਆਂ ਨੂੰ ਸਿਖਲਾਈ ਦੇਣ।

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੇ ਅਹੁਦਾ ਸੰਭਾਲਿਆ, ਨਵੇਂ ਵਿਭਾਗਾਂ ’ਚ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਕਰਵਾਇਆ ਜਾਣੂੰ

ਇਸ ਤੋਂ ਪਹਿਲਾ ਖੇਡਾਂ, ਯੁਵਕ ਸੇਵਾਵਾਂ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕੈਬਨਿਟ ਵਿਚ ਪੁੱਜਣ ’ਤੇ ਸਮੂਹ ਖਿਡਾਰੀਆਂ ਦਾ ਸਵਾਗਤ ਕਰਦਿਆਂ ਆਖਿਆ ਕਿ ਇਹ ਪ੍ਰਾਪਤੀ ਇਨ੍ਹਾਂ ਖਿਡਾਰੀਆਂ ਦੀ ਪਿਛਲੇ 15 ਸਾਲ ਦੀ ਸਖ਼ਤ ਮਿਹਨਤ ਦਾ ਸਿੱਟਾ ਹੈ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਉਹ ਖੇਡ ਵਿਭਾਗ ਜੁਆਇਨ ਕਰਨਾ ਚਾਹੁਣ ਤਾਂ ਹੋਰ ਵੀ ਵਧੀਆਂ ਗੱਲ ਹੋਵੇਗੀ, ਜਿਸ ਨਾਲ ਖੇਡ ਵਿਭਾਗ ਆਪਣੀਆਂ ਗਤੀਵਿਧੀਆਂ ਵਿਚ ਉਨ੍ਹਾਂ ਦੇ ਤਜ਼ਰਬੇ ਦਾ ਫਾਇਦਾ ਉਠਾ ਸਕੇਗਾ।

PunjabKesari

ਭਾਰਤੀ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਡਿਫੈਂਡਰ ਰੁਪਿੰਦਰ ਪਾਲ ਸਿੰਘ ਨੇ ਸਮੂਹ ਖਿਡਾਰੀਆਂ ਤਰਫ਼ੋ ਬੋਲਦਿਆਂ ਮੁੱਖ ਮੰਤਰੀ ਵਲੋਂ ਇਨ੍ਹਾਂ ਮਾਣ-ਸਨਮਾਨ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਬਾਕੀ ਖਿਡਾਰੀ ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਹਾਰਦਿਕ ਸਿੰਘ, ਸਿਮਰਨਜੀਤ ਸਿੰਘ ਤੇ ਦਿਲਪ੍ਰੀਤ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ :  ਲੁਧਿਆਣਾ 'ਚ ਕੇਜਰੀਵਾਲ ਦਾ ਵੱਡਾ ਐਲਾਨ, ਪੰਜਾਬੀਆਂ ਨੂੰ ਸਿਹਤ ਸਬੰਧੀ ਦਿੱਤੀਆਂ 6 ਗਾਰੰਟੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News