ਮੁੱਖ ਮੰਤਰੀ ਚੰਨੀ ਨੇ ਸੰਗਰੂਰ ਲਈ 1050 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

12/15/2021 1:10:29 PM

ਚੰਡੀਗੜ੍ਹ/ਸੰਗਰੂਰ (ਬਿਊਰੋ) : ਸੂਬੇ ’ਚ ਉਦਯੋਗਿਕ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 1050 ਕਰੋੜ ਰੁਪਏ ਦੀ ਸੰਯੁਕਤ ਲਾਗਤ ਨਾਲ ਪਿੰਡ ਦੇਹ ਕਲਾਂ ਵਿਖੇ ਪੰਜਾਬ ਸੀਮਿੰਟ ਪਲਾਂਟ (ਸ੍ਰੀ ਸੀਮੈਂਟ ਲਿਮਟਿਡ ਦੀ ਸਹਾਇਕ ਕੰਪਨੀ) ਅਤੇ ਪਿੰਡ ਘਾਬਦਾਂ ਇਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਪੰਜਾਬ ’ਚ ਸੀਮਿੰਟ ਲਿਮਟਿਡ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਪਿੰਡ ਦੇਹ ਕਲਾਂ ਵਿਖੇ ਆਪਣੇ ਸੰਬੋਧਨ ’ਚ ਕਿਹਾ ਕਿ 5 ਮਿਲੀਅਨ ਟਨ ਪ੍ਰਤੀ ਸਾਲ ਦੀ ਸਮਰੱਥਾ ਵਾਲੇ ਇਸ ਪ੍ਰੋਜੈਕਟ ’ਤੇ 700 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਆਵੇਗੀ, ਜਿਸ ਨਾਲ ਕੈਪਟਿਵ ਰੇਲਵੇ ਸਾਈਡਿੰਗ ਦੀ ਸਹੂਲਤ ਵੀ ਹੋਵੇਗੀ। ਚੰਨੀ ਨੇ ਕਿਹਾ ਕਿ ਇਹ ਪ੍ਰੋਜੈਕਟ ਟਰਾਂਸਪੋਰਟ ਅਤੇ ਹੋਰ ਸਹਾਇਕ ਖੇਤਰਾਂ ’ਚ ਹਜ਼ਾਰਾਂ ਨੌਜਵਾਨਾਂ ਲਈ ਸਿੱਧੇ ਅਤੇ ਅਸਿੱਧੇ ਤੌਰ ’ਤੇ ਰੁਜ਼ਗਾਰ ਅਤੇ ਹੋਰ ਕਾਰੋਬਾਰੀ ਮੌਕੇ ਯਕੀਨੀ ਬਣਾਏਗਾ। ਵੇਰਵੇ ਦਿੰਦਿਆਂ ਚੰਨੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਲਗਭਗ 104 ਏਕੜ ਜਮੀਨ (ਰੇਲਵੇ ਸਾਈਡਿੰਗ ਸਮੇਤ) ਦੀ ਲੋੜ ਹੈ ਜੋ ਪਹਿਲਾਂ ਹੀ ਖਰੀਦੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੀ ਲੋੜ 32 ਮੈਗਾਵਾਟ ਹੋਵੇਗੀ। ਇਸੇ ਤਰ੍ਹਾਂ ਇਸ ਪ੍ਰਾਜੈਕਟ ਨੂੰ ਲੈ ਕੇ ਵਾਤਾਵਰਣ ਸਬੰਧੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ, ਜੋ ਕਿ ਅਗਲੇ 15 ਮਹੀਨਿਆਂ ’ਚ ਅਮਲ ’ਚ ਆ ਜਾਵੇਗੀ।

PunjabKesari

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਪ੍ਰਾਜੈਕਟ ਲਈ 40 ਲੱਖ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਹੈ। ਤਜਵੀਜਤ ਸਰਕਾਰੀ ਮੈਡੀਕਲ ਕਾਲਜ ਸਬੰਧੀ ਮੁੱਖ ਮੰਤਰੀ ਨੇ ਪਿੰਡ ਘਾਬਦਾਂ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ 350 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਅਤੇ ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਉਨ੍ਹਾਂ ਦੇ ਦਰ ’ਤੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਬਲਕਿ ਡਾਕਟਰੀ ਪੜ੍ਹਾਈ ਨੂੰ ਕਰੀਅਰ ਵਜੋਂ ਅਪਣਾਉਣ ਦੀ ਇੱਛਾ ਰੱਖਦੇ ਨੌਜਵਾਨਾਂ ਨੂੰ ਮਿਆਰੀ ਡਾਕਟਰੀ ਸਿੱਖਿਆ ਵੀ ਮਿਲੇਗੀ।

ਇਹ ਵੀ ਪੜ੍ਹੋ : ਸਰਵੇ ਦੇ ਆਧਾਰ ’ਤੇ ਹੀ ਪੰਜਾਬ ’ਚ ਵਿਧਾਨ ਸਭਾ ਟਿਕਟਾਂ ਵੰਡੇਗੀ ਕਾਂਗਰਸ

ਮੁੱਖ ਮੰਤਰੀ ਨੇ ਮੈਡੀਕਲ ਕਾਲਜ ਲਈ 10 ਏਕੜ ਜ਼ਮੀਨ ਦਾਨ ਕਰਨ ਵਾਸਤੇ ਗਊਸ਼ਾਲਾ ਪ੍ਰਬੰਧਕਾਂ ਦੇ ਕਦਮ ਦੀ ਵੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਗਊਸ਼ਾਲਾ ਨੂੰ ਇਸ ਦੇ ਬਦਲੇ ਪੰਜ ਸਾਲਾਂ ਲਈ 10 ਲੱਖ ਰੁਪਏ ਸਾਲਾਨਾ ਦਿੱਤੇ ਜਾਣਗੇ। ਇਸ ਨੂੰ ਸਿਰਫ਼ ਇਕ ਟ੍ਰੇਲਰ ਦੱਸਦਿਆਂ ਚੰਨੀ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ’ਚ ਅਜਿਹੇ ਹੋਰ ਵੱਡੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਜਾਵੇਗਾ, ਜਿਸ ਨਾਲ ਪੰਜਾਬ ਮਾਡਲ ਦੀ ਪ੍ਰਭਾਵਸ਼ੀਲਤਾ ਨੂੰ ਪ੍ਰਭਾਵੀ ਢੰਗ ਨਾਲ ਦਰਸਾਇਆ ਜਾਵੇਗਾ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦਾ ਹਰ ਵਿਕਾਸ ਕਾਰਜ ਕਾਂਗਰਸ ਵਲੋਂ ਕਰਵਾਇਆ ਜਾਂਦਾ ਹੈ, ਚਾਹੇ ਉਹ ਪੀ. ਜੀ. ਆਈ., ਭਾਖੜਾ ਡੈਮ ਜਾਂ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਵੇ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ। ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੀਮੈਂਟ ਵਲੋਂ ਇਸ ਪ੍ਰਾਜੈਕਟ ਨੂੰ ਇਲਾਕੇ ’ਚ ਸਭ ਤੋਂ ਵੱਡਾ ਨਿਵੇਸ਼ ਕਰਾਰ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਲਾਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸੂਬੇ ’ਚ ਵਪਾਰ-ਪੱਖੀ ਮਾਹੌਲਘਾ ਕਰਦਿਆਂ ਐੱਮ.ਡੀ. ਸ੍ਰੀ ਸੀਮੇਂਟਸ, ਐੱਚ.ਐੱਮ. ਬੰਗੜ ਨੇ ਕਿਹਾ ਕਿ ਸਾਰੇ 12 ਰਾਜਾਂ ’ਚੋਂ, ਉਨ੍ਹਾਂ ਦੀ ਕੰਪਨੀ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੰਜਾਬ ’ਚ ਸਭ ਤੋਂ ਤੇਜੀ ਨਾਲ ਪ੍ਰਵਾਨਗੀਆਂ ਮਿਲੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਾਜੈਕਟ 15 ਮਹੀਨਿਆਂ ਦੇ ਸਮੇਂ ’ਚ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨੂੰ ਉਦਯੋਗ ਪੱਖੀ ਫੈਸਲਿਆਂ ਲਈ ਭੱਠਾ ਐਸੋਸੀਏਸ਼ਨ ਅਤੇ ਸ੍ਰੀ ਸੀਮੇਂਟਸ ਵਲੋਂ ਵੀ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਕੇਜਰੀਵਾਲ ਦੱਸਣ ਕੋਵਿਡ ’ਚ ਦਿੱਲੀ ਦੀ ਜਨਤਾ ਪੰਜਾਬ ’ਚ ਕਿਉਂ ਆਉਂਦੀ ਰਹੀ ਇਲਾਜ ਕਰਵਾਉਣ : ਸੋਨੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
 


Anuradha

Content Editor

Related News