ਹਨੀਪ੍ਰੀਤ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਨੇ ਮਨੋਹਰ ਲਾਲ ਦੀ ਕੀਤੀ ਆਲੋਚਨਾ

Thursday, Oct 05, 2017 - 11:14 PM (IST)

ਹਨੀਪ੍ਰੀਤ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਨੇ ਮਨੋਹਰ ਲਾਲ ਦੀ ਕੀਤੀ ਆਲੋਚਨਾ

ਚੰਡੀਗੜ੍ਹ — ਹਨੀਪ੍ਰੀਤ ਦੇ ਮਾਮਲੇ 'ਚ ਪੰਜਾਬ ਪੁਲਸ ਦੀ ਭੂਮਿਕਾ 'ਤੇ ਸਵਾਲ ਕਰਨ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟੜ ਦੀ ਆਲੋਚਨਾ ਕੀਤੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਨੇ ਆਪਣੇ ਬਿਆਨ 'ਚ ਹਨੀਪ੍ਰੀਤ ਦੇ ਮਾਮਲਿਆਂ 'ਚ ਪੰਜਾਬ ਪੁਲਸ ਦੀ ਸਾਜਿਸ਼ ਦੱਸੀ ਹੈ। ਇਨ੍ਹਾਂ ਦੋਸ਼ਾਂ 'ਤੇ ਤੀਖੀ ਪ੍ਰਕਿਰਿਆ ਜਤਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਸੱਚਾ ਸੌਦਾ ਮਾਮਲੇ 'ਤੇ ਖਟੜ ਨੂੰ ਆਪਣੀ ਸਰਕਾਰ ਦੀ ਅਸਫਲਤਾ 'ਤੇ ਪਰਦਾ ਪਾਉਣ ਲਈ ਇਸ ਤਰ੍ਹਾਂ ਦੀਆਂ ਮਨਘੜ੍ਹਤ ਗੱਲਾਂ ਤੋਂ ਦੂਰ ਰਹਿਣ ਲਈ ਕਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ 'ਤੇ ਪੰਚਕੂਲਾ ਹਿੰਸਾ ਦਾ ਦੋਸ਼ ਲਗਾਉਣ 'ਚ ਅਸਫਲ ਰਹਿਣ ਤੋਂ ਬਾਅਦ ਖਟੜ ਆਪਣੀਆਂ ਕਮੀਆਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਟੜ ਪੰਜਾਬ ਪੁਲਸ 'ਤੇ  ਇਲਜ਼ਾਮ ਲਾ ਕੇ ਹਰਿਆਣਾ 'ਚ ਪੂਰੀ ਤਰ੍ਹਾਂ ਕਾਨੂੰਨ ਵਿਵਸਥਾ ਭੰਗ ਹੋ ਜਾਣ ਦੇ ਅਸਲੀ ਮੁੱਦੇ ਤੋਂ ਲੋਕਾਂ ਦਾ ਧਿਆਨ ਇਕ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੈਪਟਨ ਨੇ ਕਿਹਾ ਕਿ ਜੇਕਰ ਸੂਬਾ ਪੁਲਸ ਕੋਲ ਹਨੀਪ੍ਰੀਤ ਸਬੰਧੀ ਕੋਈ ਵੀ ਸੂਚਨਾ ਹੁੰਦੀ ਤਾਂ ਉਹ ਲਾਜ਼ਮੀ ਤੌਰ 'ਤੇ ਹਰਿਆਣਾ ਪੁਲਸ ਦੇ ਨਾਲ ਸਾਂਝੀ ਕਰਦੀ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਹਰਿਆਣਾ ਪੁਲਸ ਦੇ ਕੁੱਝ ਸੀਨੀਅਰ ਅਧਿਕਾਰੀ ਹਨੀਪ੍ਰੀਤ ਸਬੰਧੀ ਜਾਣਦੇ ਸਨ ਕਿ ਉਹ ਕਈ ਦਿਨਾਂ ਤੋਂ ਕਿਥੇ ਹੈ ਪਰ ਉਹ ਉਸ ਨੂੰ ਗ੍ਰਿਫਤਾਰ ਕਰਨ 'ਚ ਅਸਫਲ ਰਹੇ। ਉਨ੍ਹਾਂ ਨੇ ਕਿਹਾ ਕਿ ਆਪਣੇ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਬਜਾਏ ਖਟੜ ਸਿਰਫ ਪੰਜਾਬ 'ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਉਸ ਤਰ੍ਹਾਂ ਦੀ ਹੀ ਕੋਸ਼ਿਸ਼ ਹੈ ਜੋ ਉਨ੍ਹਾਂ ਨੇ ਪੰਚਕੂਲਾ ਹਿੰਸਾ ਦੇ ਸੰਬੰਧ 'ਚ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਮਾਮਲੇ 'ਚ ਪੰਚਕੂਲਾ ਅਦਾਲਤ 'ਚ ਸੁਣਵਾਈ ਤੋਂ ਪਹਿਲਾਂ ਹੀ ਪੰਜਾਬ ਪੁਲਸ ਹਰਿਆਣਾ ਪੁਲਸ ਨੂੰ ਨਿਯਮਿਤ ਤੌਰ 'ਤੇ ਸੂਚਨਾ ਦਿੰਦੀ ਆ ਰਹੀ ਹੈ।  


Related News