ਬਾਕੀ ਸਰਕਾਰਾਂ ਜੋ ਕੰਮ ਆਖਰੀ ਸਾਲ ’ਚ ਕਰਦੀਆਂ ਸਨ, ਅਸੀਂ ਪਹਿਲੇ ਸਾਲ ’ਚ ਕੀਤਾ: ਭਗਵੰਤ ਮਾਨ

03/19/2023 6:25:47 PM

ਜਲੰਧਰ (ਰਮਨਦੀਪ ਸਿੰਘ ਸੋਢੀ)- ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਸੱਤਾ ’ਚ ਆਏ ਇਕ ਸਾਲ ਪੂਰਾ ਹੋ ਗਿਆ ਹੈ। ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਆਪਣੀਆਂ ਉਪਲੱਬਧੀਆਂ ਗਿਣਾਈਆਂ ਜਾ ਰਹੀਆਂ ਹਨ, ਉਥੇ ਹੀ ਵਿਰੋਧੀ ਪਾਰਟੀਆਂ ਵੱਲੋਂ ਵੱਖ-ਵੱਖ ਮਸਲਿਆਂ ’ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ, ਅਰਥਵਿਵਸਥਾ ਅਤੇ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਵਿਰੋਧੀ ਧਿਰ ਸਵਾਲ ਉਠਾ ਰਿਹਾ ਹੈ। ਅਜਿਹੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਨ੍ਹਾਂ ਸਭ ਸਵਾਲਾਂ ’ਤੇ ਕੀ ਸੋਚਦੇ ਹਨ, ਮਾਨ ਦਾ ਪੰਜਾਬ ਨੂੰ ਲੈ ਕੇ ਫਿਊਚਰ ਪਲਾਨ ਕੀ ਹੈ ਅਤੇ ਸਰਕਾਰ ਦੇ ਇਕ ਸਾਲ ਦਾ ਉਹ ਕਿਸ ਤਰ੍ਹਾਂ ਮੁਲਾਂਕਣ ਕਰਦੇ ਹਨ, ਇਨ੍ਹਾਂ ਤਮਾਮ ਵਿਸ਼ਿਆਂ ’ਤੇ ਮੁੱਖ ਮੰਤਰੀ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕੀਤੀ, ਜਿਸ ’ਚ ਲਾਰੈਂਸ ਬਿਸ਼ਨੋਈ ’ਤੇ ਖੁੱਲ੍ਹ ਕੇ ਚਰਚਾ ਹੋਈ। 

ਕਲਮ ਚਲਾਉਂਦੇ ਸਮੇਂ ਨੀਅਤ ਸਾਫ਼ ਹੋਣੀ ਚਾਹੀਦੀ
ਆਮ ਲੋਕਾਂ ਜਾਂ ਤੁਹਾਡੇ ਮਨ ’ਚ ਸੀ. ਐੱਮ. ਦੀ ਪਾਵਰ ਨੂੰ ਲੈ ਕੇ ਜੋ ਧਾਰਨਾ ਸੀ, ਅੱਜ ਸੀ. ਐੱਮ. ਬਣਨ ਤੋਂ ਬਾਅਦ ਉਹੀ ਧਾਰਨਾ ਹੈ ਜਾਂ ਬਦਲ ਗਈ ਹੈ। ਜਿਵੇਂ ਕਿ ਪਹਿਲਾਂ ਧਾਰਨਾ ਹੁੰਦੀ ਹੈ ਕਿ ਇਹ ਸੀ. ਐੱਮ. ਕੰਮ ਨਹੀਂ ਕਰਦਾ ਹੈ। ਅੱਜ ਤੁਸੀਂ ਖ਼ੁਦ ਸੀ. ਐੱਮ. ਹੋ। ਇਸ ’ਤੇ ਤੁਸੀਂ ਕੀ ਕਹਿਣਾ ਚਾਹੋਗੇ? ਸਰਕਾਰ ਦੀਆਂ ਪ੍ਰਾਪਤੀਆਂ ਦੇ ਦਾਅਵੇ ਦੇ ਪਿੱਛੇ ਤੁਹਾਡੀ ਕੀ ਦਲੀਲ ਹੈ?

ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ

ਇਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੀ. ਐੱਮ. ਪਰਿਵਾਰ ਦੇ ਇਕ ਮੁਖੀ ਵਾਂਗ ਹੁੰਦਾ ਹੈ। ਪਰਿਵਾਰ ’ਚ ਕਈ ਗੱਲਾਂ ਨੂੰ ਲੈ ਕੇ ਕਦੇ ਤਲਖ਼ੀ ਵੀ ਹੋ ਜਾਂਦੀ ਹੈ। ਪਰਿਵਾਰ ਦਾ ਬਜਟ ਵੀ ਆਵੇਗਾ ਅਤੇ ਕਦੋਂ ਕੀ ਕਰਨਾ ਹੈ, ਇਸ ’ਤੇ ਵੀ ਵਿਚਾਰ ਹੋਵੇਗਾ। ਪਰਿਵਾਰ ’ਚ ਖੁਸ਼ੀ-ਗਮੀ ਵੀ ਆਵੇਗੀ ਅਤੇ ਪਰਿਵਾਰ ਨੂੰ ਤਾਅਨੇ ਵੀ ਸੁਣਨੇ ਪੈਣਗੇ। ਉਨ੍ਹਾਂ ਦਾ ਕਿਵੇਂ ਸਾਹਮਣਾ ਕਰਨਾ ਹੈ। ਸਭ ਗੱਲਾਂ ’ਤੇ ਵਿਚਾਰ ਹੁੰਦਾ ਹੈ। ਮੇਰੇ ਲਈ ਸੀ. ਐੱਮ. ਦਾ ਮਤਲਬ ਕਾਮਨਮੈਨ ਹੈ। ਲੋਕਾਂ ਨੇ ਜੇਕਰ ਕਲਮ ਦੀ ਤਾਕਤ ਦੇ ਦਿੱਤੀ ਹੈ ਤਾਂ ਇਸ ਦਾ ਮਤਲਬ ਹੈ ਕਿ ਲੋਕਾਂ ਨੇ ਜ਼ਿੰਮੇਵਾਰੀ ਦੀ ਕਲਮ ਦਿੱਤੀ ਹੈ। ਇਸ ਕਲਮ ਨੇ ਲੋਕਾਂ ਦੇ ਫ਼ੈਸਲੇ ਕਰਨੇ ਹਨ ਅਤੇ ਇਹ ਫ਼ੈਸਲੇ ਲੋਕਾਂ ਦੇ ਹੱਕ ’ਚ ਹੋਣੇ ਚਾਹੀਦੇ ਹਨ। ਆਮ ਤੌਰ ’ਤੇ ਕੀ ਹੁੰਦਾ ਹੈ ਕਿ ਲੋਕਾਂ ਕੋਲੋਂ ਪਾਵਰ ਲੈ ਕੇ ਲੋਕਾਂ ਖਿਲਾਫ ਹੀ ਇਸ ਪਾਵਰ ਦੀ ਵਰਤੋਂ ਹੁੰਦੀ ਹੈ। ਇਸ ਨਾਲ ਲੋਕ ਖੁਦ ਨੂੰ ਦੋਹਰਾ ਠੱਗਿਆ ਹੋਇਆ ਮਹਿਸੂਸ ਕਰਦੇ ਹਨ ਕਿ ਇਕ ਤਾਂ ਇਹ ਲੋਕ ਸਾਡੇ ਕੋਲੋਂ ਵੋਟਾਂ ਲੈ ਕੇ ਪਾਵਰਫੁੱਲ ਬਣ ਗਏ ਅਤੇ ਹੁਣ ਇਸ ਪਾਵਰ ਦੀ ਵਰਤੋਂ ਸਾਡੇ ਖ਼ਿਲਾਫ਼ ਕਰ ਰਹੇ ਹਨ। ਮੇਰੇ ਲਈ ਮੁੱਖ ਮੰਤਰੀ ਦਾ ਅਹੁਦਾ ਕੋਈ ਦਿਮਾਗ ਨੂੰ ਨਸ਼ਾ ਚੜ੍ਹਾਉਣ ਵਾਲਾ ਨਹੀਂ ਹੈ। ਲੋਕਾਂ ਨੇ ਜ਼ਿੰਮੇਵਾਰੀ ਵਾਲੀ ਕਲਮ ਦਿੱਤੀ ਹੈ। ਸੋ ਕਲਮ ਉਹੀ ਹੈ ਪਰ ਚਲਾਉਂਦੇ ਸਮਾਂ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਸੋ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਜੋ ਕੰਮ ਪਿਛਲੀਆਂ ਸਰਕਾਰਾਂ ਆਖਰੀ ਸਾਲਾਂ ’ਚ ਕਰਦੀਆਂ ਸੀ, ਉਹ ਕੰਮ ਪਹਿਲੇ ਹੀ ਸਾਲ ’ਚ ਕਰ ਵਖਾਇਆ ਹੈ। 26 ਹਜ਼ਾਰ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।

ਹੱਥ ਜੋੜ ਕੇ ਲੋਕਾਂ ਤੋਂ ਜ਼ਿੰਮੇਵਾਰੀ ਲਈ ਹੈ, ਇਸ ਲਈ ਕੋਈ ਕੰਮ ਮੁਸ਼ਕਲ ਨਹੀਂ
ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਕੋਈ ਵੀ ਨਵਾਂ ਬਿਜ਼ਨੈੱਸ ਜਾਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਤਾਂ ਸੈੱਟ ਹੋਣ ਵਿਚ ਥੋੜ੍ਹਾ ਸਮਾਂ ਤਾਂ ਲੱਗਦਾ ਹੀ ਹੈ। ਮੈਂ ਜਦੋਂ ਸਵੇਰੇ 7 ਵਜੇ ਕੰਮ ਸ਼ੁਰੂ ਕਰਦਾ ਹਾਂ ਤਾਂ ਦਿਨ ਵਿਚ ਕਈ-ਕਈ ਮੀਟਿੰਗਾਂ ਹੁੰਦੀਆਂ ਹਨ। ਪੂਰਾ-ਪੂਰਾ ਦਿਨ ਮੀਟਿੰਗਾਂ ਤੇ ਕੰਮ ਵਿਚ ਰੁੱਝੇ ਰਹਿੰਦੇ ਹਾਂ। ਸ਼ਨੀਵਾਰ ਤੇ ਐਤਵਾਰ ਨੂੰ ਵੀ ਕੰਮ ਕਰਦੇ ਰਹਿੰਦੇ ਹਾਂ। ਕੰਮ ਦੌਰਾਨ ਕਈ ਵਾਰ ਤਾਂ ਦਿਨ ਦਾ ਵੀ ਪਤਾ ਨਹੀਂ ਲੱਗਦਾ ਕਿ ਅੱਜ ਕਿਹੜਾ ਦਿਨ ਹੈ।
ਇਸ ਨੂੰ ਵੇਖ ਕੇ ਕਈ ਵਾਰ ਦੋਸਤ ਕਹਿੰਦੇ ਹਨ ਕਿ ਇਹ ਤਾਂ ਬਹੁਤ ਮੁਸ਼ਕਲ ਕੰਮ ਹੈ ਤਾਂ ਮੇਰਾ ਕਹਿਣਾ ਹੁੰਦਾ ਹੈ ਕਿ ਲੋਕਾਂ ਦੇ ਅੱਗੇ ਹੱਥ ਜੋੜ ਕੇ ਇਹ ਕੰਮ ਲਿਆ ਹੈ। ਇਹ ਮੁਸ਼ਕਲ ਕੰਮ ਅਸੀਂ ਜਨਤਾ ਤੋਂ ਮੰਗਿਆ ਹੋਇਆ ਹੈ। ਅਸੀਂ ਦੱਸਦੇ ਹਾਂ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ। ਲੋਕਾਂ ਨੇ ਵੀ ਇਹ ਕੰਮ ਇਸ ਲਈ ਸੌਂਪਿਆ ਹੁੰਦਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਇਹ ਕੰਮ ਇਹ ਵਿਅਕਤੀ ਕਰ ਸਕਦਾ ਹੈ ਅਤੇ ਇਸ ਨੇ ਇਹ ਜ਼ਿੰਮੇਵਾਰੀ ਪਹਿਲਾਂ ਨਿਭਾਈ ਹੋਈ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਕੋਈ ਕੰਮ ਮੁਸ਼ਕਲ ਨਹੀਂ। ਬਸ ਨੀਅਤ ਸਾਫ਼ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਬੋਲੇ, ਖਾਲਿਸਤਾਨ ਦਾ ਪੰਜਾਬ ’ਚ ਕੋਈ ਰੌਲਾ ਨਹੀਂ, ਅੰਮ੍ਰਿਤਪਾਲ ਨੂੰ ਲੈ ਕੇ ਸਰਕਾਰ ਨੇ ਦੇ ਦਿੱਤਾ ਜਵਾਬ

ਕਰਜ਼ੇ ਦੇ ਮੁੱਦੇ ’ਤੇ ਵਿਰੋਧੀ ਨਾ ਹੀ ਬੋਲਣ
ਵਿਰੋਧੀ ਕਹਿੰਦੇ ਹਨ ਸੀ. ਐੱਮ. ਮਾਨ ਨੇ ਕਰਜ਼ਾ ਬਹੁਤ ਲੈ ਲਿਆ ਤਾਂ ਮਾਨ ਨੇ ਕਿਹਾ, ਇਹ ਲੋਕ ਨਾ ਹੀ ਬੋਲਣ ਤਾਂ ਚੰਗਾ ਹੈ। ਇਨ੍ਹਾਂ ਨੇ ਜੋ ਕਰਜ਼ਾ ਪੰਜਾਬ ਸਿਰ ਚੜ੍ਹਾਇਆ ਹੈ ਅਤੇ ਖਜ਼ਾਨਾ ਖਾਲੀ ਕੀਤਾ ਹੈ, ਉਹ ਸਾਰਿਆਂ ਨੂੰ ਪਤਾ ਹੈ। ਨਾ ਕੋਈ ਸਰਕਾਰੀ ਸਕੂਲ ਬਣਾਇਆ, ਨਾ ਹਸਪਤਾਲ ਬਣਾਇਆ, ਨਾ ਸੜਕਾਂ ਬਣਾਈਆਂ ਅਤੇ ਨਾ ਹੀ ਇੰਡਸਟਰੀ ਲਈ ਕੁਝ ਕੀਤਾ। ਮੈਂ ਤਾਂ ਹੈਰਾਨ ਹਾਂ ਕਿ ਕੁਝ ਕੀਤੇ ਬਿਨਾਂ ਹੀ ਖਜ਼ਾਨਾ ਕਿਵੇਂ ਖਾਲੀ ਹੋ ਗਿਆ। ਅਸੀਂ ਇਹੀ ਸਭ ਕਰ ਰਹੇ ਹਾਂ, ਸਾਡੀ ਨੀਅਤ ਸਾਫ਼ ਹੈ।

ਵਿਰੋਧੀ ਪਾਰਟੀ ਦੇ ਨੇਤਾ ਵਿਧਾਨਸਭਾ ’ਚ ਬੈਠਣ ਅਤੇ ਬਹਿਸ ’ਚ ਹਿੱਸਾ ਲੈਣ

ਅੱਜ ਵਿਧਾਨਸਭਾ ’ਚ ਵਿਰੋਧੀ ਪਾਰਟੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਧਾਨਸਭਾ ’ਚ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ ਜਾਂਦਾ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਨੇਤਾ ਵਿਧਾਨਸਭਾ ’ਚ ਬੈਠਦੇ ਹੀ ਨਹੀਂ ਹਨ। ਆਉਂਦੇ ਹਨ ਅਤੇ ਆ ਕੇ ਆਪਣਾ ਰੌਲਾ ਪਾ ਕੇ ਚਲੇ ਜਾਂਦੇ ਹਨ। ਵਿਰੋਧੀ ਪਾਰਟੀਆਂ ਨੂੰ ਮੈਂ ਕਹਾਂਗਾ ਕਿ ਤੁਸੀਂ ਵਿਧਾਨਸਭਾ ’ਚ ਬੈਠੋ ਅਤੇ ਡਿਬੇਟ ’ਚ ਹਿੱਸਾ ਲਵੋ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਮੁੱਖ ਮੰਤਰੀ ਵੀ ਵਿਧਾਨਸਭਾ ’ਚ ਨਹੀਂ ਬੈਠਦੇ ਸਨ। ਮੈਂ ਪੂਰਾ ਸਮਾਂ ਬੈਠਦਾ ਹਾਂ ਅਤੇ ਹਰ ਗੱਲ ਦਾ ਜਵਾਬ ਦਿੰਦਾ ਹਾਂ। ਜੇਕਰ ਕਿਸੇ ਸਮੇਂ ਮੈਂ ਵਿਧਾਨਸਭਾ ’ਚ ਨਹੀਂ ਹਾਂ ਤਾਂ ਮੇਰੇ ਆਈਪੈਡ ’ਤੇ ਵਿਧਾਨਸਭਾ ਦਾ ਸੈਸ਼ਨ ਲਾਈਵ ਚੱਲ ਰਿਹਾ ਹੁੰਦਾ ਹੈ। ਜੋ ਵੀ ਵਿਰੋਧੀ ਪਾਰਟੀ ਜਾਂ ਸੱਤਾ ਧਿਰ ਦੇ ਨੇਤਾ ਬੋਲ ਰਿਹਾ ਹੁੰਦਾ ਹੈ ਤਾਂ ਮੈਂ ਆਈਪੈਡ ’ਤੇ ਸੁਣ ਰਿਹਾ ਹੁੰਦਾ ਹਾਂ ਕਿਉਂਕਿ ਸ਼ਾਮ ਦੇ ਸਮੇਂ ਮੈਨੂੰ ਜਵਾਬ ਦੇਣਾ ਹੁੰਦਾ ਹੈ। ਮੈਨੂੰ ਇਕ-ਇਕ ਦੇ ਬਾਰੇ ’ਚ ਪਤਾ ਹੁੰਦਾ ਹੈ ਕਿ ਵਿਧਾਨਸਭਾ ’ਚ ਕਿਸ ਨੇ ਕੀ ਕਿਹਾ ਹੈ। ਇਸ ਲਈ ਜੋ ਕੰਮ ਕਰੋ, ਉਹ ਦਿਲ ਤੋਂ ਕਰੋ। ਲੋਕ ਯਾਦ ਕਰਨ ਕਿ ਲੋਕਾਂ ਨੇ ਮੌਕਾ ਦਿੱਤਾ ਸੀ ਅਤੇ ਜਿਨ੍ਹਾਂ ਉਮੀਦਾਂ ਨਾਲ ਲੋਕਾਂ ਨੇ ਮੌਕਾ ਦਿੱਤਾ ਹੈ, ਉਨ੍ਹਾਂ ’ਤੇ ਖਰਾ ਉਤਰੀਏ। ਵਰਤਮਾਨ ਵਿਚ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਨਾ ਸਭ ਤੋਂ ਮੁਸ਼ਕਿਲ ਕੰਮ ਹੈ।

ਘਰ ’ਚ ਹੋਮ ਮਨਿਸਟਰ ਕਰਦੀ ਹੈ ਸਹਿਯੋਗ
ਕੰਮ ਦੀ ਰੁਝੇਵੇਂ ਦੌਰਾਨ ਤੁਹਾਡੀ ਪਤਨੀ ਦਾ ਤੁਹਾਨੂੰ ਕਿਵੇਂ ਸਹਿਯੋਗ ਮਿਲ ਰਿਹਾ ਹੈ? ਇਸ ’ਤੇ ਮਾਨ ਬੋਲੇ- ਉਹ ਐੱਮ. ਬੀ. ਬੀ. ਐੱਸ. ਪੜ੍ਹੀ-ਲਿਖੀ ਔਰਤ ਹੈ, ਜੋ ਮੇਰਾ ਕੰਮ ਹੈ, ਉਸ ਦੇ ਬਾਰੇ ਵੀ ਉਨ੍ਹਾਂ ਨੂੰ ਪਤਾ ਹੈ ਕਿ ਲੋਕਾਂ ਦੀਆਂ ਉਮੀਦਾਂ ਬਹੁਤ ਵਧੀਆਂ ਹਨ ਅਤੇ ਮੇਰੇ ਮੋਢਿਆਂ ’ਤੇ ਜ਼ਿੰਮੇਵਾਰੀਆਂ ਵੀ ਵੱਡੀਆਂ ਹਨ। ਜਿੰਨੀਆਂ ਮੇਰੇ ਕੋਲ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਆਉਂਦੀਆਂ ਹਨ, ਓਨੀਆਂ ਹੀ ਉਨ੍ਹਾਂ ਕੋਲ ਵੀ ਆਉਂਦੀਆਂ ਹਨ। ਉਨ੍ਹਾਂ ਕੋਲ ਕੋਈ ਸੰਵਿਧਾਨਕ ਅਹੁਦਾ ਨਹੀਂ ਹੈ, ਜਿਸ ਕਾਰਨ ਉਹ ਲੋਕਾਂ ਦੀਆਂ ਸਾਰੀਆਂ ਦੁੱਖ-ਤਕਲੀਫਾਂ ਮੈਨੂੰ ਸੌਂਪ ਦਿੰਦੀ ਹੈ।

8 ਸਾਲ ਦੇ ਤਜਰਬੇ ਅਤੇ ਹੋਮਵਰਕ ਦਾ ਕਾਫ਼ੀ ਫਾਇਦਾ ਮਿਲਿਆ
ਕੰਮ ਦੌਰਾਨ ਇੰਟੈਲੀਜੈਂਸ, ਮੰਤਰੀਆਂ, ਵਿਧਾਇਕਾਂ ਤੇ ਅਫ਼ਸਰਾਂ ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਹਨ। ਪੂਰਾ ਦਿਨ ਰੁੱਝੇ ਰਹਿੰਦੇ ਹੋ ਤਾਂ ਕੀ ਕਦੇ ਤੁਸੀਂ ਸਟ੍ਰੈੱਸ ਮਹਿਸੂਸ ਕਰਦੇ ਹੋ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ 8 ਸਾਲ ਤਕ ਸੰਸਦ ਮੈਂਬਰ ਰਿਹਾ। ਉਸ ਵੇਲੇ ਮੈਂ ਵਿਰੋਧੀ ਪਾਰਟੀ ਵਿਚ ਸੀ ਅਤੇ ਵਿਰੋਧੀ ਪਾਰਟੀ ਵਿਚ ਹੁੰਦੇ ਹੋਏ ਬੋਲਣ ਦਾ ਮੌਕਾ ਮਿਲਦਾ ਸੀ। ਵਿਰੋਧੀ ਪਾਰਟੀ ਵਿਚ ਹੋਣ ’ਤੇ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਜੇ ਮੈਂ ਸਰਕਾਰ ਵਿਚ ਹੁੰਦਾ ਤਾਂ ਇਹ ਕੰਮ ਜਿਸ ਨੂੰ ਇਨ੍ਹਾਂ ਨੇ ਮੁੱਦਾ ਬਣਾਇਆ ਹੋਇਆ ਹੈ, ਬੜੀ ਆਸਾਨੀ ਨਾਲ ਹੋ ਜਾਣਾ ਸੀ ਅਤੇ ਐਵੇਂ ਹੀ ਵਿਰੋਧੀ ਪਾਰਟੀਆਂ ਨੂੰ ਮੁੱਦੇ ਦਿੱਤੇ ਜਾ ਰਹੇ ਹਨ। ਹੁਣ ਮੈਂ ਸਰਕਾਰ ਵਿਚ ਹਾਂ। ਜਦੋਂ ਮੈਂ ਵਿਰੋਧੀ ਪਾਰਟੀ ਵਿਚ ਸੀ ਤਾਂ ਸੋਚਦਾ ਸੀ ਕਿ ਜੇ ਮੈਂ ਸਰਕਾਰ ਵਿਚ ਹੁੰਦਾ ਤਾਂ ਇਹ ਕੰਮ ਆਸਾਨੀ ਨਾਲ ਕਰ ਦਿੰਦਾ। ਸੋ ਅੱਜ ਮੈਂ ਪਹਿਲਾਂ ਉਹ ਕੰਮ ਕਰ ਰਿਹਾ ਹਾਂ ਜਿਹੜੇ ਮੁੱਦੇ ਮੈਂ ਲੋਕ ਸਭਾ ਵਿਚ ਉਠਾਇਆ ਕਰਦਾ ਸੀ।  ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵੇਖੀਆਂ ਹੋਣਗੀਆਂ ਜਿਨ੍ਹਾਂ ਵਿਚ ਅੱਧੀ ਸਕ੍ਰੀਨ ’ਤੇ ਮੈਂ ਮਸਲਾ ਉਠਾਉਂਦਾ ਹਾਂ ਅਤੇ ਅੱਧੀ ’ਤੇ ਉਸੇ ਮਸਲੇ ਦਾ ਹੱਲ ਦੱਸਦਾ ਹਾਂ। ਇਕ ਵਾਇਰਲ ਵੀਡੀਓ ਤੁਸੀਂ ਵੇਖੀ ਹੋਵੋਗੀ ਜਿਸ ਵਿਚ ਮੈਂ ਲੋਕ ਸਭਾ ਵਿਚ ਟੋਲ ਪਲਾਜ਼ਾ ਦਾ ਮੁੱਦਾ ਉਠਾ ਰਿਹਾ ਹਾਂ ਕਿ ਜਿਸ ਸਮੇਂ ਨਵੀਂ ਗੱਡੀ ਖਰੀਦੀ ਜਾਂਦੀ ਹੈ ਤਾਂ ਗੱਡੀ ਦੀ ਕੀਮਤ ਦਾ 7 ਤੋਂ 8 ਫ਼ੀਸਦੀ ਰੋਡ ਟੈਕਸ ਲਿਆ ਜਾਂਦਾ ਹੈ। ਪੈਟਰੋਲ ਤੇ ਡੀਜ਼ਲ ਦੀ ਕੀਮਤ ’ਤੇ ਵੀ ਰੋਡ ਟੈਕਸ ਲਿਆ ਜਾਂਦਾ ਹੈ ਤਾਂ ਫਿਰ ਉਹ ਕਿਹੜੀਆਂ ਸੜਕਾਂ ਹਨ ਜਿਨ੍ਹਾਂ ਲਈ ਟੋਲ ਟੈਕਸ ਲਿਆ ਜਾਂਦਾ ਹੈ ਅਤੇ ਨਾਲ ਹੀ ਸਾਨੂੰ ਇਹ ਦੱਸਿਆ ਜਾਵੇ ਕਿ ਉਹ ਕਿਹੜੀਆਂ ਸੜਕਾਂ ਹਨ, ਜਿਨ੍ਹਾਂ ’ਤੇ ਸਾਡੇ ਕੋਲੋਂ ਰੋਡ ਟੈਕਸ ਲਿਆ ਜਾਂਦਾ ਹੈ। ਵਾਇਰਲ ਵੀਡੀਓ ਵਿਚ ਅੱਧੀ ਵੀਡੀਓ ਇਹ ਪਾਈ ਗਈ ਹੈ ਜਿਸ ਵਿਚ ਮੈਂ ਹੱਲ ਦੱਸ ਰਿਹਾ ਹਾਂ ਕਿ ਇਹ ਟੋਲ ਪਲਾਜ਼ਾ ਜਿਸ ਦਾ ਐਗਰੀਮੈਂਟ ਖਤਮ ਹੋ ਚੁੱਕਾ ਹੈ, ਇਸ ਨੂੰ ਬੰਦ ਕਰਵਾਉਣਾ ਹੈ। ਸੋ ਲੋਕ ਸਭਾ ਵਿਚ 8 ਸਾਲ ਦੇ ਤਜਰਬੇ ਦਾ ਮੈਨੂੰ ਬਹੁਤ ਫਾਇਦਾ ਹੋਇਆ। ਮੈਂ ਕਦੇ ਵੀ ਲੋਕ ਸਭਾ ਵਿਚ ਲੀਡਰ ਬਣ ਕੇ ਨਹੀਂ ਗਿਆ। ਉੱਥੇ ਮੈਂ ਹਮੇਸ਼ਾ ਜਨਤਾ ਬਣ ਕੇ ਗਿਆ। ਇਸੇ ਲਈ ਲੋਕ ਕਹਿੰਦੇ ਹਨ ਕਿ ਭਗਵੰਤ ਮਾਨ ਲੋਕਾਂ ਵਾਂਗ ਬੋਲਦਾ ਹੈ। ਮੈਂ ਲੋਕ ਸਭਾ ਵਿਚ ਜਾਣ ਤੋਂ ਪਹਿਲਾਂ ਹੋਮਵਰਕ ਬਹੁਤ ਕਰਦਾ ਸੀ। ਜੇ ਮੈਨੂੰ ਕਿਸੇ ਮੁੱਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ ਸੀ ਤਾਂ ਮੈਂ ਮਾਹਿਰਾਂ ਕੋਲੋਂ ਪੁੱਛ ਲੈਂਦਾ ਸੀ ਜਿਵੇਂ ਕ‌ਿ ਕੈਂਸਰ ਦੇ ਮੁੱਦੇ ’ਤੇ।

ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਦੀ ਇੰਟਰਵਿਊ 'ਤੇ CM ਮਾਨ ਦਾ ਵੱਡਾ ਬਿਆਨ, ਪੰਜਾਬ ’ਚ ਨਹੀਂ ਰਾਜਸਥਾਨ ’ਚ ਹੋਈ ਲਾਰੈਂਸ ਦੀ ਇੰਟਰਵਿਊ

ਸਾਰੇ ਮੰਤਰੀ ਚੰਗਾ ਕੰਮ ਕਰ ਰਹੇ ਹਨ
ਇਕ ਸਾਲ ’ਚ ਤੁਹਾਨੂੰ ਮੰਤਰੀ ਮੰਡਲ ਵਿਚ ਬਦਲਾਅ ਕਿਉਂ ਕਰਨਾ ਪਿਆ? ਕੀ ਪ੍ਰਫਾਰਮੈਂਸ ਠੀਕ ਨਹੀਂ ਹੈ ਤਾਂ ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਮੈਂ ਸਭ ਨੂੰ ਮੌਕੇ ਦੇ ਰਿਹਾ ਹਾਂ। ਸਾਰੇ ਮੰਤਰੀ ਚੰਗਾ ਕੰਮ ਕਰ ਰਹੇ ਹਨ। ਪਰਿਵਾਰਾਂ ਵਿਚ ਬਦਲਾਅ ਹੁੰਦੇ ਰਹਿੰਦੇ ਹਨ। ਜਦੋਂ ਮੁੱਖ ਮੰਤਰੀ ਨੂੰ 3 ਹੋਰ ਮੰਤਰੀਆਂ ਦੇ ਵਿਭਾਗ ਬਦਲਣ ਦੀ ਚਰਚਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਕ ਮੀਡੀਆ ਚੈਨਲ ਨੇ ਅਜਿਹੀ ਇਕ ਲਿਸਟ ਚਲਾਈ ਸੀ, ਜੋ ਬਾਅਦ ’ਚ ਗਲਤ ਨਿਕਲੀ, ਮੇਰੇ ਕੋਲ ਅਜਿਹੀ ਕੋਈ ਸੂਚਨਾ ਨਹੀਂ ਹੈ।
ਸਿਹਤ ਵਿਭਾਗ ਵਿਚ ਲਗਾਤਾਰ ਫੇਰ-ਬਦਲ ’ਤੇ ਮਾਨ ਨੇ ਕਿਹਾ ਕਿ ਇਸ ਵਿਭਾਗ ਵਿਚ ਕੰਮ ਵਧ ਰਿਹਾ ਹੈ, ਮੁਹੱਲਾ ਕਲੀਨਿਕ ਵਧ ਰਹੇ ਹਨ, ਮੈਡੀਕਲ ਕਾਲਜ ਆ ਰਹੇ ਹਨ। ਮੈਡੀਕਲ ਕਾਲਜ ਆਵੇਗਾ ਤਾਂ ਉਸ ਦੇ ਵੀ ਨਿਯਮ-ਕਾਨੂੰਨ ਹਨ, ਜਿਨ੍ਹਾਂ ਅਨੁਸਾਰ ਪ੍ਰਬੰਧ ਕਰਨਾ ਪਵੇਗਾ। ਅਜਿਹੀ ਹਾਲਤ ’ਚ ਕੰਮ ਵਧ ਰਿਹਾ ਸੀ ਤਾਂ ਡਾ. ਬਲਬੀਰ ਨੂੰ ਵਿਭਾਗ ਸੌਂਪਿਆ ਗਿਆ। ਉਹ ਖੁਦ ਡਾਕਟਰ ਹਨ ਤਾਂ ਉਹ ਹਸਪਤਾਲਾਂ ਤੇ ਡਾਕਟਰਾਂ ਦੀਆਂ ਸਮੱਸਿਆਵਾਂ ਸਮਝਦੇ ਹਨ।

ਕੁਝ ਵਿਧਾਇਕਾਂ ਦੀ ਅੰਡਰ-ਟੇਬਲ ਸੈਟਿੰਗ ਦੀ ਚਰਚਾ ਹੈ, ਅਸਲੀਅਤ ਕੀ ਹੈ ?
ਅਜੇ ਤਕ ਮੇਰੇ ਕੋਲ ਅਜਿਹਾ ਕੋਈ ਮਾਮਲਾ ਨਹੀਂ ਆਇਆ, ਜਿਸ ਵਿਚ ਕਿਸੇ ਵਿਧਾਇਕ ਬਾਰੇ ਪਤਾ ਲੱਗਾ ਹੋਵੇ ਕਿ ਉਸ ਨੇ ਕਿਸੇ ਵਪਾਰ ਵਿਚ ਹਿੱਸਾ ਲਿਆ ਹੈ ਜਾਂ ਕਿਤਿਓਂ ਕਮਿਸ਼ਨ ਲੈ ਰਿਹਾ ਹੈ। ਜਿਹੜੀਆਂ 2-3 ਸ਼ਿਕਾਇਤਾਂ ਆਈਆਂ ਸਨ, ਉਨ੍ਹਾਂ ’ਤੇ ਅਸੀਂ ਤੁਰੰਤ ਐਕਸ਼ਨ ਲਿਆ। ਘਰ ’ਚੋਂ ਸਫਾਈ ਸ਼ੁਰੂ ਕਰਾਂਗੇ ਤਾਂ ਹੀ ਬਾਹਰੋਂ ਹੋ ਸਕੇਗੀ। ਇਸ ਲਈ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇ ਮੇਰੇ ’ਤੇ ਭਰੋਸਾ ਪ੍ਰਗਟ ਕੀਤਾ ਹੈ ਤਾਂ ਮੈਂ ਉਸ ਭਰੋਸੇ ਨੂੰ ਟੁੱਟਣ ਨਹੀਂ ਦੇਵਾਂਗਾ। ਪੰਜਾਬ ਦੇ ਪੈਸੇ ਨੂੰ ਜਿਸ ਨੇ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਹੋਵੇ, ਭਾਵੇਂ ਉਹ ਪਹਿਲੇ ਸਮੇਂ ਵਿਚ ਹੋਇਆ ਹੋਵੇ, ਹੁਣ ਹੋ ਰਿਹਾ ਹੋਵੇ ਜਾਂ ਅੱਗੇ ਦੀ ਪਲਾਨਿੰਗ ਹੋ ਰਹੀ ਹੋਵੇ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਨੂੰਨ ਅਨੁਸਾਰ ਉਨ੍ਹਾਂ ’ਤੇ ਕਾਰਵਾਈ ਹੋਵੇਗੀ। ਪੰਜਾਬ ਨੂੰ ਇਨ੍ਹਾਂ ਲੋਕਾਂ ਨੇ ਬੁਰੀ ਤਰ੍ਹਾਂ ਚੂਸ ਲਿਆ ਹੈ, ਸਾਡੇ ਨਦੀਆਂ-ਨਾਲੇ ਸੁੱਕ ਗਏ, ਮਾਫੀਆ ਬਣ ਗਏ। ਇਸ ਲਈ ਲੋਕ ਬਾਹਰ ਜਾ ਰਹੇ ਹਨ, ਨਹੀਂ ਤਾਂ ਗੁਰੂਆਂ-ਪੀਰਾਂ ਦੀ ਹਰੀ-ਭਰੀ ਉਪਜਾਊ ਧਰਤੀ ਨੂੰ ਛੱਡ ਕੇ ਜਾਣ ਦਾ ਕਿਸ ਦਾ ਦਿਲ ਕਰਦਾ ਹੈ।

ਇਹ ਵੀ ਪੜ੍ਹੋ : ਬੇਅਦਬੀ ਦੇ ਮੁੱਦੇ 'ਤੇ CM ਮਾਨ ਨੇ ਘੇਰੇ ਅਕਾਲੀ, ਕਿਹਾ-ਅਦਾਲਤ ’ਚ ਪੇਸ਼ ਹੋਣ ਤੋਂ ਭੱਜ ਰਹੇ ਹਨ ਬਾਦਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News