ਸ਼ਰਾਬ ਸਮੱਗਲਿੰਗ ਨੂੰ ਰੋਕਣ ਲਈ ਮੁੱਖ ਮੰਤਰੀ ਵੱਲੋਂ ਪੁਲਸ ਨੂੰ ਦਿੱਤੇ ਹੁਕਮਾਂ ''ਚ ਦਮ ਨਹੀਂ : ਬੀਰ ਦਵਿੰਦਰ

Wednesday, May 20, 2020 - 12:49 AM (IST)

ਸ਼ਰਾਬ ਸਮੱਗਲਿੰਗ ਨੂੰ ਰੋਕਣ ਲਈ ਮੁੱਖ ਮੰਤਰੀ ਵੱਲੋਂ ਪੁਲਸ ਨੂੰ ਦਿੱਤੇ ਹੁਕਮਾਂ ''ਚ ਦਮ ਨਹੀਂ : ਬੀਰ ਦਵਿੰਦਰ

ਪਟਿਆਲਾ, (ਜ. ਬ.)- ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਵਾਈਸ-ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਡੀ. ਜੀ. ਪੀ. ਨੂੰ ਦਿੱਤੇ ਗਏ ਨਿਰਦੇਸ਼ ਲੀਪਾ-ਪੋਚੀ ਤੋਂ ਇਲਾਵਾ ਕੁਝ ਵੀ ਨਹੀਂ ਹਨ। ਇਨ੍ਹਾਂ ਹੁਕਮਾਂ ਵਿਚ ਕੋਈ ਦਮ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਹੀ ਸ਼ਰਾਬ ਸਮੱਗਲਿੰਗ ਵਿਚ ਸ਼ਾਮਲ ਹਨ ਤਾਂ ਮੁੱਖ ਮੰਤਰੀ ਦੇ ਇਨ੍ਹਾਂ ਹੁਕਮਾਂ ਦੇ ਕੀ ਮਾਇਨੇ ਰਹਿ ਜਾਂਦੇ ਹਨ। ਜਦੋਂ ਤਕ ਕਾਂਗਰਸ ਦੇ ਵਜ਼ੀਰ, ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ, ਜੋ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦੇ ਅਸਲ ਸਰਗਣੇ ਹਨ , ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤਕ ਇਨ੍ਹਾਂ ਹੁਕਮਾਂ ਦਾ ਕੋਈ ਸਿੱਟਾ ਨਹੀਂ ਨਿਕਲੇਗਾ।

ਬੀਰ ਦਵਿੰਦਰ ਨੇ ਕਿਹਾ ਕਿ ਜਦੋਂ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਅਤੇ ਨਕਲੀ ਸ਼ਰਾਬ ਤਿਆਰ ਕਰਨ ਦੇ ਕਾਰਖਾਨੇ ਵੱਡੀ ਪੱਧਰ ’ਤੇ ਕਾਂਗਰਸੀ ਲੀਡਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਹਨ ਤਾਂ ਫੇਰ ਡੀ. ਐੱਸ. ਪੀ. ਅਤੇ ਥਾਣੇਦਾਰਾਂ ਨੂੰ ਫੋਕੇ ਦਬਕੇ ਮਾਰਨ ਦਾ ਕੀ ਫਾਇਦਾ? ਮੁੱਖ ਮੰਤਰੀ ਜੀ! ਕੀ ਤੁਹਾਨੂੰ ਨਹੀਂ ਪਤਾ ਕਿ ਇਹ ਡੀ. ਐੱਸ. ਪੀ. ਅਤੇ ਥਾਣੇਦਾਰ ਤਾਂ ਵਿਚਾਰੇ ਤੁਹਾਡੇ ਵਜ਼ੀਰਾਂ ਅਤੇ ਵਿਧਾਇਕਾਂ ਦੀਆਂ ਸਿਫਾਰਿਸ਼ਾਂ ’ਤੇ ਹੀ ਤਾਇਨਾਤ ਕੀਤੇ ਹੋਏ ਹਨ। ਮੁੱਖ ਮੰਤਰੀ ਦੇ ਜ਼ਿਲੇ ਦੇ ਘਨੌਰ ਅਤੇ ਰਾਜਪੁਰਾ ਹਲਕੇ ਵਿਚ ਸ਼ਰਾਬ ਸਮੱਗਲਿੰਗ, ਸੱਟੇਬਾਜ਼ੀ, ਹੁੱਕਾ ਪਾਰਟੀਆਂ, ਦੇਹ ਵਪਾਰ ਅਤੇ ਹਰ ਤਰ੍ਹਾਂ ਦੇ ਨਾਜਾਇਜ਼ ਕਾਰੋਬਾਰ ਦੇ ਅੱਡੇ ਬਣ ਗਏ ਹਨ ਅਤੇ ਸਿੱਧੇ ਤੌਰ ’ਤੇ ਇਨ੍ਹਾਂ ਨੂੰ ਸਬੰਧਤ ਹਲਕਿਆਂ ਦੇ ਸੱਤਾਧਿਰ ਦੇ ਆਗੂਆਂ ਦੀ ਸਰਪ੍ਰਸਤੀ ਹਾਸਲ ਹੈ। ‘ਲਾਕਡਾਊਨ’ ਦੌਰਾਨ ਜਾਅਲੀ ਸ਼ਰਾਬ ਵੇਚ ਕੇ ਇਨ੍ਹਾਂ ਆਗੂਆਂ ਨੇ ਕਰੋਡ਼ਾਂ ਰੁਪਏ ਕਮਾਏ ਹਨ, ਜਿਸ ਕਰ ਕੇ ਹੀ ਪੰਜਾਬ ਦਾ ਰੈਵੀਨਿਊ ਘਟਿਆ ਹੈ। ਪੰਜਾਬ ਦੇ ਐਕਸਾਈਜ਼ ਦਾ ਰੈਵੀਨਿਊ ਕਾਂਗਰਸੀ ਵਿਧਾਇਕਾਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ ਅਤੇ ਖਜਾਨਾ ਖਾਲ੍ਹੀ ਹੋ ਰਿਹਾ ਹੈ।


author

Bharat Thapa

Content Editor

Related News