ਚੀਫ ਇੰਜੀਨੀਅਰ ਨੇ ਸਰਹੱਦੀ ਜ਼ਿਲ੍ਹੇ ’ਚ ਸੰਵੇਦਨਸ਼ੀਲ ਥਾਵਾਂ ’ਤੇ ਲਿਆ ਦਰਿਆ ਦੀ ਸਥਿਤੀ ਦਾ ਜਾਇਜ਼ਾ

Thursday, Jul 22, 2021 - 03:03 AM (IST)

ਚੀਫ ਇੰਜੀਨੀਅਰ ਨੇ ਸਰਹੱਦੀ ਜ਼ਿਲ੍ਹੇ ’ਚ ਸੰਵੇਦਨਸ਼ੀਲ ਥਾਵਾਂ ’ਤੇ ਲਿਆ ਦਰਿਆ ਦੀ ਸਥਿਤੀ ਦਾ ਜਾਇਜ਼ਾ

ਗੁਰਦਾਸਪੁਰ(ਹਰਮਨ)- ਬੀਤੇ ਦਿਨ ਪਹਾੜੀ ਖੇਤਰ ’ਚ ਹੋਈ ਭਾਰੀ ਬਾਰਿਸ਼ ਕਾਰਨ ਗੁਰਦਾਸਪੁਰ ਜ਼ਿਲ੍ਹੇ ’ਚੋਂ ਗੁਜ਼ਰਦੇ ਵੱਖ-ਵੱਖ ਦਰਿਆਵਾਂ ’ਚ ਪਾਣੀ ਦਾ ਪੱਧਰ ਮੁੜ ਵਧ ਗਿਆ ਹੈ, ਜਿਸ ਕਾਰਨ ਡਰੇਨੇਜ਼ ਵਿਭਾਗ ਦੇ ਚੀਫ ਇੰਜੀਨੀਅਰ ਮਨਜੀਤ ਸਿੰਘ ਨੇ ਅੱਜ ਗੁਰਦਾਸਪੁਰ ਜ਼ਿਲ੍ਹੇ ’ਚ ਸੰਵੇਦਨਸ਼ੀਲ ਥਾਵਾਂ ਦਾ ਦੌਰਾ ਕਰ ਕੇ ਦਰਿਆਵਾਂ ਦੇ ਪਾਣੀ ਦੀ ਸਥਿਤੀ ਜਾ ਜਾਇਜ਼ਾ ਲਿਆ। ਇਸ ਮੌਕੇ ਐਕਸੀਅਨ ਜੈਪਾਲ ਸਿੰਘ ਭਿੰਡਰ ਅਤੇ ਐਕਸੀਅਨ ਚਰਨਜੀਤ ਸਿੰਘ ਦੇ ਇਲਾਵਾ ਐੱਸ. ਡੀ. ਓ. ਅਮਿਤ ਲੂਣਾ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਦੁਪਹਿਰ 2 ਵਜੇ ਜੰਮੂ ਕਸ਼ਮੀਰ ਦੇ ਰਾਜ ਬਾਗ ਤੋਂ ਉਜ ਬੈਰਾਜ ਤੋਂ ਉਜ ਦਰਿਆ ਵਿਚ 1 ਲੱਖ 44 ਹਜ਼ਾਰ 70 ਕਿਊਸਿਕ ਪਾਣੀ ਛੱਡੇ ਜਾਣ ਕਾਰਨ ਗੁਰਦਾਸਪੁਰ ਜ਼ਿਲੇ ’ਚੋਂ ਗੁਜ਼ਰਦੇ ਰਾਵੀ ਦਰਿਆ ’ਚ ਧਰਮਕੋਟ ਪੱਤਣ ਨੇੜੇ ਪਾਣੀ ਦਾ ਪੱਧਰ 2 ਲੱਖ ਕਿਊਸਿਕ ਤੱਕ ਪਹੁੰਚ ਗਿਆ ਹੈ। ਇਸ ਕਾਰਨ ਦਰਿਆ ’ਚ ਪਾਣੀ ਨੈਚੂਰਲ ਸਰਫੇਸ ਲੈਵਲ ਤੋਂ ਸਿਰਫ 6 ਇੰਚ ਹੇਠਾਂ ਹੀ ਰਹਿ ਗਿਆ ਪਰ ਕੁਝ ਘੰਟਿਆਂ ਬਾਅਦ ਹੀ ਪਾਣੀ ਦਾ ਪੱਧਰ ਮੁੜ ਠੀਕ ਹੋਣ ਕਾਰਨ ਪ੍ਰਸ਼ਾਸਨ ਅਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ।

ਇਸ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਡਰੇਨਜ਼ ਵਿਭਾਗ ਨਾਲ ਸਬੰਧਤ ਚੀਫ ਇੰਜੀਨੀਅਰ ਮਨਜੀਤ ਸਿੰਘ ਨੇ ਅੱਜ ਖ਼ੁਦ ਉੱਚ ਅਧਿਕਾਰੀਆਂ ਨਾਲ ਦਰਿਆ ਅਤੇ ਸੰਵੇਦਨਸ਼ੀਲ ਥਾਵਾਂ ਦਾ ਦੌਰਾ ਕੀਤਾ। ਉਨ੍ਹਾਂ ਜ਼ਿਲਾ ਗੁਰਦਾਸਪੁਰ ਅੰਦਰ ਘੋਨੇਵਾਲ ਬ੍ਰਿਜ ਦੇ ਨੇੜਲੇ ਇਲਾਕੇ ਅਤੇ ਧਰਮਕੋਟ ਨੇੜੇ ਗੁਰਚੱਕ ਨੇੜੇ ਦਰਿਆ ਕਾਰਨ ਕੁਝ ਥਾਵਾਂ ’ਤੇ ਲੱਗੇ ਖੋਰੇ ਵਾਲੇ ਸਥਾਨਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕੁਝ ਥਾਂਵਾਂ 'ਤੇ ਪਾਣੀ ਨੇ ਖੋਰਾ ਲਗਾਇਆ ਸੀ, ਜਿਸ ਕਾਰਨ ਵੱਖ-ਵੱਖ ਥਾਵਾਂ ’ਤੇ 16 ਸਟੱਡ ਬਣਾ ਦਿੱਤੇ ਗਏ ਹਨ। ਇਸ ਲਈ ਹੁਣ ਕਿਤੇ ਵੀ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਜ ਦਰਿਆਵਾ ਵਿਚ ਪਾਣੀ ਛੱਡੇ ਜਾਣ ਕਾਰਨ ਪਾਣੀ ਦਾ ਪੱਧਰ ਇੱਕਦਮ ਵਧਿਆ ਸੀ ਪਰ ਅੱਜ ਪਾਣੀ ਦਾ ਪੱਧਰ ਘੱਟ ਹੋ ਚੁੱਕਾ ਹੈ। ਇਸ ਮੌਕੇ ਥੀਨ ਡੈਮ ਦੇ ਪਾਣੀ ਦਾ ਪੱਧਰ 501.20 ਮੀਟਰ ਤੱਕ ਹੀ ਹੈ ਜਦੋਂ ਕਿ ਇਸ ਡੈਮ ਦੀ ਸਮਰੱਥਾ 520 ਮੀਟਰ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਪਰ ਇਨ੍ਹਾਂ ਦਿਨਾਂ ’ਚ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਦਰਿਆਵਾਂ ਨੇੜੇ ਜਾਣ ਤੋਂ ਗੁਰੇਜ਼ ਕਰਨ।

ਇਸ ਮੌਕੇ ਮੌਜੂਦ ਐਕਸੀਅਨ ਜੈਪਾਲ ਸਿੰਘ ਭਿੰਡਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਹੀ ਪੂਰੇ ਜ਼ਿਲੇ ਅੰਦਰ ਦਰਿਆਵਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਵਿਭਾਗ ਦੀ ਸਮੁੱਚੀ ਟੀਮ ਪੂਰੀ ਤਰ੍ਹਾਂ ਮੁਸ਼ਤੈਦ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀਆਂ ਹਦਾਇਤਾਂ ’ਤੇ ਪਹਿਲਾਂ ਹੀ ਵਿਭਾਗ ਵੱਲੋਂ ਲੋੜੀਂਦੇ ਕਦਮ ਚੁੱਕੇ ਗਏ ਸਨ ਅਤੇ ਸਾਰੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ’ਚ ਹੈ।


author

Bharat Thapa

Content Editor

Related News