ਮੁੱਖ ਚੋਣ ਅਧਿਕਾਰੀ ਵੋਟਿੰਗ ਮਸ਼ੀਨਾਂ ਵਾਲੀਆਂ ਇਮਾਰਤਾਂ ਤੇ ਵੋਟ ਗਿਣਤੀ ਕੇਂਦਰਾਂ ਦੀ ਸੁਰੱਖਿਆ ਮਜ਼ਬੂਤ ਕਰਨ : ਚੀਮਾ
Tuesday, Feb 22, 2022 - 07:29 PM (IST)
ਚੰਡੀਗੜ੍ਹ (ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਕੋਲੋਂ ਵੋਟਿੰਗ ਮਸ਼ੀਨਾਂ ਵਾਲੀਆਂ ਇਮਾਰਤਾਂ ਤੇ ਵੋਟ ਗਿਣਤੀ ਕੇਂਦਰਾਂ ਦੀਆਂ ਸੁਰੱਖਿਆ ਮਜ਼ਬੂਤ ਤੇ ਅਧੁਨਿਕ ਕਰਨ ਦੀ ਮੰਗ ਕੀਤੀ ਹੈ। 'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 'ਆਪ' ਨੇ ਵੋਟ ਗਿਣਤੀ ਕੇਂਦਰਾਂ ਤੇ ਵੋਟਿੰਗ ਮਸ਼ੀਨਾਂ ਵਾਲੀਆਂ ਇਮਾਰਤਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਾਉਣ, ਕੈਮਰਿਆਂ ਦੇ ਲਿੰਕ ਉਮੀਦਵਾਰਾਂ ਨਾਲ ਸਾਂਝੇ ਕਰਨ ਅਤੇ ਉਮੀਦਵਾਰਾਂ ਨੂੰ ਇਮਾਰਤਾਂ ਦੇ ਅੰਦਰ ਜਾਣ ਦੀ ਇਜਾਜਤ ਦੇਣ ਦੀ ਅਪੀਲ ਕੀਤੀ ਹੈ। ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਚੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੀਤੀ ਦਿਨੀ ਪੰਜਾਬ 'ਚ ਵਿਧਾਨ ਸਭਾ ਚੋਣਾ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਅਮਨ- ਅਮਾਨ ਨਾਲ ਸੰਪੰਨ ਹੋ ਗਈ ਸੀ ਪਰ ਆਮ ਆਦਮੀ ਪਾਰਟੀ ਦੇ ਵੱਖ-ਵੱਖ ਉਮੀਦਵਾਰਾਂ ਨੇ ਵੋਟਾਂ ਵਾਲੀਆਂ ਮਸ਼ੀਨਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਾ ਹੋਣ 'ਤੇ ਚਿੰਤਾ ਦਾ ਪ੍ਰਗਟਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ ਇਮਾਰਤਾਂ 'ਚ ਵੋਟਾਂ ਵਾਲੀਆਂ ਮਸ਼ੀਨਾਂ ਰੱਖੀਆਂ ਗਈਆਂ ਹਨ, ਉਨ੍ਹਾਂ ਇਮਾਰਤਾਂ 'ਤੇ ਸਖ਼ਤ ਸੁਰੱਖਿਆਂ ਪ੍ਰਬੰਧ ਨਹੀਂ ਹਨ ਅਤੇ ਕਈ ਥਾਂਵਾਂ 'ਤੇ ਸੁਰੱਖਿਆਂ ਦੇ ਨਾਲ-ਨਾਲ ਉਚਿਤ ਰੌਸ਼ਨੀ ਵੀ ਨਹੀਂ ਹੈ।
ਇਹ ਖ਼ਬਰ ਪੜ੍ਹੋ- ਦੀਪਤੀ,ਰਿਚਾ ਤੇ ਮੇਘਨਾ ਨੇ ICC ਮਹਿਲਾ ਵਨ ਡੇ ਰੈਂਕਿੰਗ 'ਚ ਕੀਤਾ ਸੁਧਾਰ
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਟਿਆਲਾ ਤੋਂ 'ਆਪ' ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਸ਼ਹਿਰ ਵਿਚਲੇ ਮਹਿੰਦਰਾ ਕਾਲਜ 'ਚ ਰੱਖੀਆਂ ਵੋਟਿੰਗ ਮਸ਼ੀਨਾਂ ਦੀ ਉਚਿਤ ਸੁਰੱਖਿਆ ਨਾ ਹੋਣ 'ਤੇ ਚਿੰਤਾ ਜ਼ਾਹਰ ਕੀਤੀ ਹੈ। ਅਜੀਤਪਾਲ ਸਿੰਘ ਕੋਹਲੀ ਅਨੁਸਾਰ, ''ਮਹਿੰਦਰਾ ਕਾਲਜ ਦੀ ਇਮਾਰਤ ਦੀ ਸੁਰੱਖਿਆ ਲਈ ਉਚਿਤ ਸੁਰੱਖਿਆ ਮੁਲਾਜ਼ਮ ਅਤੇ ਰੌਸ਼ਨੀ ਨਹੀਂ ਹੈ। ਇਸ ਤੋਂ ਇਲਾਵਾ ਇਸ ਕਾਲਜ ਦਾ ਕਾਫੀ ਹਿੱਸਾ ਅਣ- ਸੁਰੱਖਿਅਤ ਪਾਇਆ ਗਿਆ ਹੈ, ਜਿਸ ਕਾਰਨ ਇਸ ਕਾਲਜ ਵਿਚ ਪਈਆਂ ਮਸ਼ੀਨਾਂ ਨਾਲ ਕਿਸੇ ਵੀ ਤਰਾਂ ਦੀ ਛੇੜਖਾਨੀ ਹੋ ਸਕਦੀ ਹੈ।'' ਚੀਮਾ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਪਟਿਆਲੇ ਦਾ ਨਹੀਂ ਹੈ, ਸਗੋਂ ਪੰਜਾਬ ਦੇ ਵੱਖ- ਵੱਖ ਜ਼ਿਲਿਆ 'ਚੋਂ ਵੀ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਹਨ, ਜੋ ਮੁੱਖ ਚੋਣ ਦਾ ਅਧਿਕਾਰੀ ਦਾ ਤੁਰੰਤ ਧਿਆਨ ਮੰਗਦੀਆਂ ਹਨ।
ਉਨ੍ਹਾਂ ਕਿਹਾ ਕਿ ਲੋਕਤੰਤਰ ਵਿਵਸਥਾ 'ਚ ਲੋਕਾਂ ਦਾ ਵਿਸ਼ਵਾਸ਼ ਮਜ਼ਬੂਤ ਬਣਾਏ ਰੱਖਣਾ ਚੋਣ ਅਧਿਕਾਰੀਆਂ ਸਮੇਤ ਉਮੀਦਵਾਰਾਂ ਦੀ ਜ਼ਿੰਮੇਵਾਰੀ ਹੈ। ਚੀਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਭਰ 'ਚ ਜਿਹੜੀਆਂ ਇਮਾਰਤਾਂ 'ਚ ਵੋਟਾਂ ਵਾਲੀਆਂ ਮਸ਼ੀਨਾਂ ਪਈਆਂ ਹਨ ਤੇ ਜਿਨ੍ਹਾਂ ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਕੀਤੀ ਜਾਣੀ ਹੈ, ਇਨ੍ਹਾਂ ਇਮਾਰਤਾਂ ਦੀ ਤਿੰਨ ਪਰਤੀ ਸੁਰੱਖਿਆ ਕੀਤੀ ਜਾਵੇ। ਇਮਾਰਤਾਂ ਦੇ ਅੰਦਰ ਅਤੇ ਬਾਹਰ ਰੌਸ਼ਨੀ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਸਾਰੀਆਂ ਇਮਾਰਤਾਂ ਦੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਾਏ ਜਾਣ ਅਤੇ ਇਨ੍ਹਾਂ ਕੈਮਰਿਆਂ ਦੇ ਲਿੰਕ ਉਮੀਦਵਾਰਾਂ ਨਾਲ ਸਾਂਝੇ ਕੀਤੇ ਜਾਣ। ਚੀਮਾ ਨੇ ਕਿਹਾ 'ਆਪ' ਸਾਰੀਆਂ ਇਮਾਰਤਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਅਤੇ ਚੋਣਾ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਇਮਾਰਤਾਂ ਦੇ ਅੰਦਰ ਜਾਣ ਦੀ ਇਜ਼ਾਜਤ ਦੇਣ ਦੀ ਵੀ ਮੰਗ ਕਰਦੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।