ਚੈਕਿੰਗ ਦੌਰਾਨ ਨਾਕਾ ਤੋੜ ਕੇ ਭੱਜਣ ਵਾਲੇ ਥਾਰ ਸਵਾਰ ਨੌਜਵਾਨ ਅਗਲੇ ਨਾਕੇ ’ਤੇ ਪੁਲਸ ਵੱਲੋਂ ਕਾਬੂ
Saturday, Jan 31, 2026 - 06:36 PM (IST)
ਫਰੀਦਕੋਟ (ਰਾਜਨ) : ਕੱਲ੍ਹ ਦੇਰ ਸ਼ਾਮ ਫਰੀਦਕੋਟ ਦੇ ਪਿੰਡ ਟਹਿਣਾ ਟੀ-ਪੁਆਇੰਟ ’ਤੇ ਲਗਾਏ ਗਏ ਹਾਈ-ਟੈਕ ਨਾਕੇ ਦੌਰਾਨ ਰੂਟੀਨ ਚੈਕਿੰਗ ਸਮੇਂ ਇਕ ਤੇਜ਼ ਰਫ਼ਤਾਰ ਥਾਰ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪਹਿਲਾਂ ਤਾਂ ਥਾਰ ਚਾਲਕ ਵੱਲੋਂ ਗੱਡੀ ਹੌਲੀ ਕੀਤੀ ਗਈ ਪਰ ਬਾਅਦ ਵਿਚ ਅਚਾਨਕ ਰਫ਼ਤਾਰ ਵਧਾ ਕੇ ਨਾਕਾ ਤੋੜਦਿਆਂ ਗੱਡੀ ਭਜਾ ਲਈ ਗਈ। ਇਸ ਘਟਨਾ ਦੌਰਾਨ ਇਕ ਪੁਲਸ ਮੁਲਾਜ਼ਮ ਗੱਡੀ ਦੀ ਜਦ ’ਚ ਆਉਣ ਤੋਂ ਬਚ ਗਿਆ। ਨਾਕੇ ’ਤੇ ਮੌਜੂਦ ਪੁਲਸ ਅਧਿਕਾਰੀਆਂ ਵੱਲੋਂ ਤੁਰੰਤ ਵਾਇਰਲੈੱਸ ਰਾਹੀਂ ਗੱਡੀ ਸਬੰਧੀ ਸੂਚਨਾ ਜਾਰੀ ਕੀਤੀ ਗਈ।
ਵਾਇਰਲੈੱਸ ਸੂਚਨਾ ਦੇ ਆਧਾਰ ’ਤੇ ਕੁਝ ਹੀ ਸਮੇਂ ਬਾਅਦ ਮੈਡੀਕਲ ਕਾਲਜ ਵੱਲ ਲੱਗੇ ਦੂਜੇ ਨਾਕੇ ’ਤੇ ਉਕਤ ਥਾਰ ਗੱਡੀ ਨੂੰ ਕਾਬੂ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਤਰਲੋਚਣ ਸਿੰਘ ਨੇ ਦੱਸਿਆ ਕਿ ਗੱਡੀ ਵਿਚ ਕੁੱਲ ਚਾਰ ਨੌਜਵਾਨ ਸਵਾਰ ਸਨ, ਜਿਨ੍ਹਾਂ ਵਿਚੋਂ ਗੱਡੀ ਚਲਾਉਣ ਵਾਲਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਬਾਕੀ ਤਿੰਨ ਨੌਜਵਾਨਾਂ ਨੂੰ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ। ਉਨ੍ਹਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਡੀਐੱਸਪੀ ਤਰਲੋਚਣ ਸਿੰਘ ਨੇ ਹੋਰ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ। ਹਾਲਾਂਕਿ ਗੱਡੀ ਦੀ ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਜਾਂ ਗੈਰਕਾਨੂੰਨੀ ਸਮਾਨ ਬਰਾਮਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਨਾਕਾ ਤੋੜਣ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਜੁਰਮ ਕੀਤਾ ਗਿਆ ਹੈ, ਜਿਸ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
