ਘਰ ਦਾ ਕਲੇਸ਼ ਨਬੇੜਨ ਲਈ ਜਾਦੂ-ਟੂਣੇ ਦੇ ਨਾਂ ’ਤੇ 75 ਹਜ਼ਾਰ ਦੀ ਠੱਗੀ

Sunday, Jul 23, 2023 - 02:02 PM (IST)

ਲੁਧਿਆਣਾ (ਅਨਿਲ) : ਘਰ ਵਿਚ ਹੋ ਰਹੇ ਘਰੇਲੂ ਕਲੇਸ਼ ਨੂੰ ਰੋਕਣ ਲਈ ਇਕ ਔਰਤ ਵੱਲੋਂ ਜਾਦੂ-ਟੂਣੇ ਨਾਲ ਆਪਣਾ ਘਰ ਠੀਕ ਕਰਨ ਲਈ ਇਕ ਔਰਤ ਮਾਤਾ ਨੂੰ 75 ਹਜ਼ਾਰ ਰੁਪਏ ਦੇ ਦਿੱਤੇ ਪਰ ਪੈਸੇ ਦੇਣ ਤੋਂ ਬਾਅਦ ਵੀ ਉਕਤ ਔਰਤ ਦਾ ਕੋਈ ਹੱਲ ਨਾ ਹੋਣ ਕਾਰਨ ਅੱਜ ਪੀੜਤ ਔਰਤ ਨੇ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਪੁਲਸ ਚੌਕੀ ਰਘੁਨਾਥ ਐਨਕਲੇਵ ਨੂੰ ਦਿੱਤੀ। ਅੱਜ ਪੀੜਤ ਔਰਤ ਮੰਜੂ ਰਾਣੀ ਪਤਨੀ ਸੁਰੇਸ਼ ਕੁਮਾਰ ਵਾਸੀ ਅਹਿਮਦਗੜ੍ਹ ਮੰਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਤੀ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ, ਜਿਸ ਕਾਰਨ ਉਸ ਨੂੰ ਅਹਿਮਦਗੜ੍ਹ ਮੰਡੀ ਦੀ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਤੁਸੀਂ ਬਾੜੇਵਾਲ ਅਵਾਣਾ ਦੀ ਇਕ ਔਰਤ ਮਾਤਾ ਕੋਲ ਆਓ, ਉਹ ਤੁਹਾਡਾ ਕੰਮ ਕੁਝ ਹੀ ਦਿਨਾਂ ਵਿਚ ਕਰ ਦੇਵੇਗੀ ਜਿਸ ਤੋਂ ਬਾਅਦ ਪੀੜਤ ਔਰਤ ਮੰਜੂ ਬਾੜੇਵਾਲ ਅਵਾਣਾ ਵਿਚ ਕੁਲਵੰਤ ਕੌਰ ਮਾਤਾ ਨੂੰ ਮਿਲੀ। 

ਉਕਤ ਔਰਤ ਨੇ ਮੰਜੂ ਦੇ ਘਰ ਦਾ ਕਲੇਸ਼ ਖਤਮ ਕਰਨ ਲਈ ਉਸ ਤੋਂ ਸਮੇਂ-ਸਮੇਂ ’ਤੇ 75 ਹਜ਼ਾਰ ਰੁਪਏ ਰਕਮ ਵਸੂਲ ਲਈ ਪਰ ਦੋ ਮਹੀਨੇ ਬੀਤ ਜਾਦ ਤੋਂ ਬਾਅਦ ਵੀ ਪੀੜਤ ਔਰਤ ਦਾ ਜਦੋਂ ਕੋਈ ਹੱਲ ਨਾ ਹੋਇਆ ਤਾਂ ਉਸ ਨੇ ਜਾਦੂ ਟੋਣਾ ਕਰਨ ਵਾਲੀ ਔਰਤ ਤੋਂ ਆਪਣੇ ਪੈਸੇ ਵਾਪਸ ਮੰਗੇ ਪਰ ਉਕਤ ਔਰਤ ਨੇ ਪੈਸੇ ਵਾਪਸ ਕਰਨ ਦੀ ਬਜਾਏ ਪੀੜਤ ਔਰਤ ਮੰਜੂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਅੱਜ ਪੀੜਤ ਔਰਤ ਮੰਜੂ ਨੇ ਪੁਲਸ ਚੌਕੀ ਰਘੁਨਾਥ ਐਨਕਲੇਵ ਵਿਚ ਉਕਤ ਔਰਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਸਬੰਧ ਵਿਚ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੂੰ ਪੀੜਤ ਔਰਤ ਮੰਜੂ ਦੀ ਸ਼ਿਕਾਇਤ ਮਿਲ ਗਈ ਹੈ। ਦੋਵੇਂ ਧਿਰਾਂ ਨੂੰ ਸੋਮਵਾਰ ਦਾ ਸਮਾਂ ਦਿੱਤਾ ਗਿਆ ਹੈ ਅਤੇ ਜੋ ਵੀ ਵਿਅਕਤੀ ਝੂਠਾ ਪਾਇਆ ਗਿਆ, ਉਸ ’ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਜਦੋਂ ਇਸ ਪੱਖ ਵਿਚ ਦੂਜੀ ਧਿਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਵੀ ਮੰਜੂ ਖਿਲਾਫ ਪੁਲਸ ਚੌਕੀ ਵਿਚ ਸ਼ਿਕਾਇਤ ਕੀਤੀ ਗਈ ਹੈ ਕਿਉਂਕਿ ਉਕਤ ਔਰਤ ਵੱਲੋਂ ਉਨ੍ਹਾਂ ਨੂੰ ਵਾਰ-ਵਾਰ ਧਮਕੀ ਦਿੱਤੀ ਜਾ ਰਹੀ ਹੈ।

 


Gurminder Singh

Content Editor

Related News