PM ਮੋਦੀ ਦੀ ਰੈਲੀ ਰੱਦ ਹੋਣ ’ਤੇ CM ਚੰਨੀ ਬੋਲੇ, ‘ਕਿਸਾਨ ਭਾਜਪਾ ਤੋਂ ਗੁੱਸੇ, ਮੇਰਾ ਕੀ ਕਸੂਰ’

01/06/2022 7:28:11 PM

ਮਾਛੀਵਾੜਾ (ਵੈੈੱਬ ਡੈਸਕ, ਟੱਕਰ)— ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ’ਤੇ ਇਕ ਵਾਰ ਫਿਰ ਤੋਂ ਕਿਹਾ ਕਿ ਹੈ ਕਿ ਸੁਰੱਖਿਆ ’ਚ ਕੋਈ ਵੀ ਕੁਤਾਹੀ ਨਹੀਂ ਵਰਤੀ ਗਈ ਹੈ। ਮਾਛੀਵਾੜਾ ਵਿਖੇ ਆਪਣੇ ਸੰਬੋਧਨ ਦੌਰਾਨ ਚੰਨੀ ਨੇ ਕਿਹਾ ਕਿ ਰਾਤ 3 ਵਜੇ ਤੱਕ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸਮਝਾਇਆ ਗਿਆ ਸੀ ਅਤੇ ਕਿਸਾਨ ਮੰਨ ਵੀ ਗਏ ਸਨ। ਉਨ੍ਹਾਂ ਕਿਹਾ ਕਿ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਭਾਜਪਾ ’ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਚੰਨੀ ਨੇ ਕਿਹਾ ਕਿ ਭਾਜਪਾ ਇਸ ਮੁੱਦੇ ’ਤੇ ਸਿਆਸਤ ਕਰ ਰਹੀ ਹੈ। ਕਿਸਾਨ ਭਾਜਪਾ ਤੋਂ ਗੁੱਸੇ ਹਨ, ਇਸ ’ਚ ਮੇਰਾ ਕੀ ਕਸੂਰ ਹੈ? ਰੈਲੀ ’ਚ ਲੋਕ ਨਹੀਂ ਪਹੁੰਚੇ ਤਾਂ ਇਸ ’ਚ ਮੇਰਾ ਕੀ ਕਸੂਰ ਹੈ? ਜੇ ਤੁਹਾਨੂੰ ਲੋਕ ਅੱਜ ਨਹੀਂ ਪੰਸਦ ਕਰਦੇ ਹਨ ਤਾਂ ਇਸ ’ਚ ਮੇਰਾ ਕੀ ਕਸੂਰ ਹੈ? ਤੁਸੀਂ ਉਨ੍ਹਾਂ ’ਤੇ ਪਰਚੇ ਦਰਜ ਕੀਤੇ, ਉਹ ਵਾਪਸ ਲੈ ਲਵੋ। 

ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, PM ਮੋਦੀ ਦੀ ਸੁਰੱਖਿਆ ’ਚ ਖ਼ਾਮੀ ਲਈ ਪੰਜਾਬ ਸਰਕਾਰ ਹੋਵੇ ਬਰਖ਼ਾਸਤ

PunjabKesari

ਪ੍ਰਧਾਨ ਮੰਤਰੀ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ ਪਰ ਰਾਜਨੀਤੀ ਕਰਨੀ ਸਾਨੂੰ ਮਨਜ਼ੂਰ ਨਹੀਂ। ਸਾਨੂੰ ਮਨਜ਼ੂਰ ਨਹੀਂ, ਇਸ ਮੁੱਦੇ ’ਤੇ ਕੋਈ ਵੀ ਰਾਜਨੀਤੀ ਹੋਵੇ। ਉਨ੍ਹਾਂ ਮੋਦੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਕਿ ਤੁਸੀਂ ਕਹਿ ਰਹੇ ਹੋ ਮੈਂ ਜ਼ਿੰਦਾ ਵਾਪਸ ਜਾ ਰਿਹਾ ਹਾਂ। ਇਕ ਕਿਲੋਮੀਟਰ ਤੱਕ ਤਾਂ ਮੋਦੀ ਦੇ ਨੇੜੇ ਕੋਈ ਬੰਦਾ ਨਹੀਂ ਪੁੱਜਾ ਸੀ। ਪੂਰਾ ਸੂਬਾ ਅਤੇ ਪੰਜਾਬੀਅਤ ਨੂੰ ਬਦਨਾਮ ਕਰਨਾ ਬਰਦਾਸ਼ਤ ਤੋਂ ਬਾਹਰ ਹੈ। ਸਾਡੇ ਵੱਲੋਂ ਕੋਈ ਕਮੀ ਨਹੀਂ ਸੀ, ਉਨ੍ਹਾਂ ਦੀ ਸਕਿਓਰਿਟੀ ਵੱਲੋਂ ਰੂਟ ਬਦਲਿਆ ਗਿਆ ਸੀ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੰੁਦਾ ਹਾਂ ਕਿ ਜੀਵਾਂ ਚਾਹੇ ਮਰਾਂ, ਸਰਕਾਰ ਟੁੱਟ ਭਾਵੇਂ ਰਹੇ ਪਰ ਚਰਨਜੀਤ ਸਿੰਘ ਚੰਨੀ ਨੇ ਰਹਿਣਾ ਪੰਜਾਬ ਦੇ ਲੋਕਾਂ ਦੇ ਨਾਲ ਹੈ। ਤਿੰਨ ਮਹੀਨੇ ਰਹਿ ਗਏ ਹਨ ਸਰਕਾਰ ਨੂੰ ਚੰਨੀ ਅਤੇ ਪੰਜਾਬ ਦੇ ਲੋਕ ਹਮੇਸ਼ਾ ਦੇਸ਼ ਦੇ ਨਾਲ ਰਹਿਣਗੇ ਹਰ ਗੱਲ ਦਾ ਜਵਾਬ ਦੇਣਗੇ।

ਮੁੱਖ ਮੰਤਰੀ ਚੰਨੀ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਡਾਇਰੈਕਟਰ ਕਰਨਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਾਛੀਵਾੜਾ ਅਨਾਜ ਮੰਡੀ ’ਚ ਕਾਂਗਰਸ ਦੀ ਭਰਵੀਂ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਵਿਚ ਜਾਨ ਦਾ ਖ਼ਤਰਾ ਖੜ੍ਹਾ ਹੋ ਗਿਆ ਸੀ, ਜੋਕਿ ਬਿਲਕੁਲ ਬੇਬੁਨਿਆਦ ਹਨ ਕਿਉਂਕਿ ਸੂਬੇ ਵਿਚ ਕੋਈ ਉਨ੍ਹਾਂ ਉੱਪਰ ਹਮਲਾ ਕਰੇਗਾ ਤਾਂ ਪਹਿਲੀ ਗੋਲ਼ੀ ਉਹ ਆਪਣੀ ਛਾਤੀ ਵਿਚ ਖਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰਾ ਕਿਵੇਂ ਹੋ ਸਕਦਾ ਹੈ ਕਿਉਂਕਿ ਨਾ ਉਨ੍ਹਾਂ ਦੀ ਗੱਡੀ ਕੋਲ ਕੋਈ ਪ੍ਰਦਰਸ਼ਨਕਾਰੀ ਪੁੱਜ ਸਕਿਆ ਅਤੇ ਨਾ ਹੀ ਕਿਸੇ ਨੇ ਕੋਈ ਹਮਲਾ ਕੀਤਾ ਸਗੋਂ ਕਿਸਾਨ ਤਾਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ ਕਿਉਂਕਿ ਉਨ੍ਹਾਂ ਉੱਪਰ ਦਿੱਲੀ ਸੰਘਰਸ਼ ਦੌਰਾਨ ਪਰਚੇ ਹੋਏ 'ਤੇ ਜ਼ੁਲਮ ਹੋਇਆ। 

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੁਣ ਸੁਰੱਖਿਆ ਪ੍ਰਬੰਧਾਂ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾ ਰਹਿ ਰਹੇ ਹਨ ਜਦਕਿ 5 ਦਿਨ ਪਹਿਲਾਂ ਹੀ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਸਾਰੇ ਪ੍ਰਬੰਧ ਆਪਣੀ ਨਿਗਰਾਨੀ ਹੇਠ ਲੈ ਲਏ ਸਨ ਅਤੇ ਕਿਸ ਰੂਟ ’ਤੇ ਪ੍ਰਧਾਨ ਮੰਤਰੀ ਨੇ ਆਉਣਾ-ਜਾਣਾ ਹੈ, ਉਹ ਵੀ ਤੈਅ ਕਰ ਲਿਆ ਸੀ ਪਰ ਹੁਣ ਫਲਾਪ ਰੈਲੀ ਦਾ ਭਾਂਡਾ ਭੰਨਣ ਲਈ ਉਹ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰ ਸੌੜੀ ਰਾਜਨੀਤੀ ਕਰ ਰਹੇ ਹਨ। 

ਇਹ ਵੀ ਪੜ੍ਹੋ:  ਜਲੰਧਰ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 25 ਸਾਲਾ ਆਰਕੀਟੈਕਟ ਕੁੜੀ ਦੀ ਮੌਤ

PunjabKesari

ਇਸ ਰੈਲੀ ਵਿਚ ਮੁੱਖ ਮੰਤਰੀ ਦੇ ਪੁੱਜਣ ’ਤੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਇਸ ਹਲਕੇ ਨੂੰ ਆਪਣੇ ਪਰਿਵਾਰ ਵਾਂਗ ਰੱਖਿਆ ਹੈ ਅਤੇ ਅੱਜ ਦਾ ਇਹ ਵਿਸ਼ਾਲ ਇਕੱਠ ਇਸ ਗੱਲ ਦਾ ਸਬੂਤ ਹੈ। ਕਰਨਵੀਰ ਸਿੰਘ ਢਿੱਲੋਂ ਨੇ ਹਲਕਾ ਸਮਰਾਲਾ ਦੀਆਂ ਕੁਝ ਮੰਗਾਂ ਵੀ ਮੁੱਖ ਮੰਤਰੀ ਅੱਗੇ ਰੱਖੀਆਂ ਜਿਸ ’ਤੇ ਉਨ੍ਹਾਂ ਇਨ੍ਹਾਂ ਨੂੰ ਜਲਦ ਪ੍ਰਵਾਨ ਕਰਨ ਦੀ ਗੱਲ ਕਹੀ। ਇਸ ਮੌਕੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਲਖਵੀਰ ਸਿੰਘ ਲੱਖਾ, ਜ਼ਿਲਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਸਤਵਿੰਦਰ ਕੌਰ ਬਿੱਟੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਪ੍ਰਦੇਸ਼ ਸਕੱਤਰ ਸੋਹਣ ਲਾਲ ਸ਼ੇਰਪੁਰੀ, ਕਸਤੂਰੀ ਲਾਲ ਮਿੰਟੂ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਚੇਅਰਮੈਨ ਸੁਖਵੀਰ ਸਿੰਘ ਪੱਪੀ, ਚੇਅਰਮੈਨ ਅਜਮੇਰ ਸਿੰਘ ਪੂਰਬਾ ਵੀ ਮੌਜੂਦ ਸਨ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਵੱਲੋਂ ਫਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਰੈਲੀ ਦੀ ਤੁਲਨਾ ਸਮਰਾਲਾ ਦੀ ਰੈਲੀ ਨਾਲ ਕੀਤੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਹਲਕਾ ਸਮਰਾਲਾ ’ਚ ਰੈਲੀ ਸਮੇਂ ਵੀ ਮੌਸਮ ਅੱਜ ਵੀ ਖ਼ਰਾਬ ਹੈ ਅਤੇ ਕੱਲ੍ਹ ਵੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਫਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਰੈਲੀ ’ਚ ਵੀ ਖ਼ਰਾਬ ਸੀ ਪਰ ਹਾਲਾਤ ਇਹ ਹਨ ਕਿ ਮੋਦੀ ਰੈਲੀ ’ਚ 70000 ਕੁਰਸੀ ਲਗਾਈ ਗਈ ਪਰ ਵਰਕਰ 700 ਵੀ ਨਹੀਂ ਪਹੁੰਚੇ ਜਦਕਿ ਸਮਰਾਲਾ ਦੀ ਕਾਂਗਰਸ ਰੈਲੀ ’ਚ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਹਨ ਕਿ ਲੋਕ ਹੁਣ ਭਾਜਪਾ ਨੂੰ ਚੰਗਾ ਨਹੀਂ ਸਮਝਦੇ ਅਤੇ ਮੁੜ ਕਾਂਗਰਸ ਸਰਕਾਰ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਕਿਹਾ ਕਿ ਉਹ ਵੀ ਫਿਰੋਜ਼ਪੁਰ ਰੈਲੀ ’ਚ ਖ਼ਾਲੀ ਕੁਰਸੀਆਂ ਨੂੰ ਸੰਬੋਧਨ ਕਰਕੇ ਤੁਰਦੇ ਬਣੇ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਨੇ IPS ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਲਾਇਆ

ਕੇਜਰੀਵਾਲ ‘ਕੋਰੋਨਾ’ ਵਰਗਾ ਇਸ ਨੂੰ ਪੰਜਾਬ ਵਿਚ ਨਾ ਵੜ੍ਹਨ ਦਿਓ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਦੌਰਾਨ ਆਪਣੀ ਵਿਰੋਧੀ ਸਿਆਸੀ ਪਾਰਟੀਆਂ ’ਤੇ ਚੰਗੇ ਰਗੜੇ ਲਗਾਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਕੋਰੋਨਾ’ ਵਰਗਾ ਹੈ ਕਿਉਂਕਿ ਇਹ ਬਾਹਰਲੇ ਸੂਬੇ ਦਾ ਹੋ ਕੇ ਪੰਜਾਬ ਉੱਪਰ ਅੱਖ ਰੱਖੀ ਬੈਠਾ ਹੈ, ਇਸ ਲਈ ਲੋਕ ਆਪਣੇ ਇਲਾਕੇ ਵਿਚ ਨਾ ਵੜ੍ਹਨ ਦੇਣ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜੋ ਲੋਕ ਹਿੱਤਾਂ ਲਈ ਕੰਮਾਂ ਦੀਆਂ ਗਰੰਟੀਆਂ ਦਿੰਦਾ ਹੈ ਉਹ ਤੁਹਾਡਾ ਮੁੱਖ ਮੰਤਰੀ ਚੰਨੀ ਵਾਅਦੇ ਨਹੀਂ ਸਗੋਂ ਉਸ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਉਨ੍ਹਾਂ ਭਗਵੰਤ ਮਾਨ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਕੇਜਰੀਵਾਲ ਪਿੱਛੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਮੀਦਵਾਰ ਬਣਨ ਲਈ ਬੱਕਰੀ ਦੇ ਲੇਲੇ ਵਾਂਗ ਪਿੱਛੇ-ਪਿੱਛੇ ਘੁੰਮ ਰਿਹਾ ਹੈ। ਚੰਨੀ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਦਾ ਪੈਸਾ ਲੁੱਟ ਕੇ ਖਾ ਲਿਆ ਜਦਕਿ ਮੈਂ ਲੋਕਾਂ ਤੋਂ ਟੈਕਸ ਵਜੋਂ ਵਸੂਲਿਆ ਪੈਸਾ ਉਨ੍ਹਾਂ ਨੂੰ ਵਾਪਸ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾ ਰਿਹਾ ਹਾਂ।

ਇਹ ਵੀ ਪੜ੍ਹੋ:  PM ਮੋਦੀ ਨੂੰ ਵਾਪਸ ਮੁੜਨਾ ਪਿਆ ਸਾਨੂੰ ਦੁੱਖ਼ ਪਰ ਇਸ ਮਾਮਲੇ ’ਤੇ ਨਾ ਹੋਵੇ ਸਿਆਸਤ: ਚਰਨਜੀਤ ਸਿੰਘ ਚੰਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News