ਸਾਦਗੀ ਕਾਰਨ ਮੁੜ ਚਰਚਾ 'ਚ CM ਚੰਨੀ, ਸ਼ਿਕਾਇਤਾਂ ਲੈ ਕੇ ਆਉਣ ਵਾਲੇ ਲੋਕਾਂ ਲਈ ਕਰਵਾਈ ਲੰਗਰ ਦੀ ਵਿਵਸਥਾ
Monday, Nov 15, 2021 - 11:48 AM (IST)
ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰ ਰੋਜ਼ ਨਵੇਂ-ਨਵੇਂ ਫੈਸਲੇ ਲੈਣ ਤੋਂ ਬਾਅਦ ਚਰਚਾ ’ਚ ਬਣੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਇਕ ਹੋਰ ਮਹੱਤਵਪੂਰਨ ਕਦਮ ਆਪਣੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਦੇ ਬਾਹਰ ਚੁੱਕਿਆ ਹੈ। ਚੰਨੀ ਹਾਲਾਂਕਿ ਲੋਕਾਂ ਨਾਲ ਘੁਲੇ-ਮਿਲੇ ਰਹਿੰਦੇ ਹਨ, ਇਸ ਲਈ ਰੋਜ਼ਾਨਾ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਚੰਨੀ ਨਾਲ ਮੁਲਾਕਾਤ ਕਰਨ ਲਈ ਮੁੱਖ ਮੰਤਰੀ ਨਿਵਾਸ ਸਥਾਨ ’ਤੇ ਪਹੁੰਚ ਰਹੇ ਹਨ।
ਮੁੱਖ ਮੰਤਰੀ ਚੰਨੀ ਭਾਵੇਂ ਦਿਨ ਦੇ ਸਮੇਂ ਸਰਕਾਰੀ ਬੈਠਕਾਂ ਅਤੇ ਵੱਖ-ਵੱਖ ਜ਼ਿਲਿਆਂ ਦੇ ਦੌਰਿਆਂ ’ਤੇ ਰਹਿੰਦੇ ਹਨ ਪਰ ਰਾਤ ਨੂੰ ਘਰ ਪੁੱਜਦਿਆਂ ਹੀ ਉਹ ਲੋਕਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਸ਼ੁਰੂ ਕਰ ਦਿੰਦੇ ਹਨ। ਹੁਣ ਹਾਲਾਂਕਿ ਠੰਡ ਦਾ ਮੌਸਮ ਆ ਗਿਆ ਹੈ, ਇਸ ਲਈ ਚੰਨੀ ਨੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕਰਵਾ ਦਿੱਤਾ ਹੈ ਅਤੇ ਚਾਰੇ ਪਾਸੇ ਟੈਂਟ ਵੀ ਲਗਾ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ ਕਿ ਆਪਣੀਆਂ ਸ਼ਿਕਾਇਤਾਂ ਲੈ ਕੇ ਉਨ੍ਹਾਂ ਦੇ ਨਿਵਾਸ ’ਤੇ ਆਉਣ ਵਾਲਾ ਕੋਈ ਵੀ ਵਿਅਕਤੀ ਭੁੱਖਾ ਘਰ ਨਹੀਂ ਪਰਤਣਾ ਚਾਹੀਦਾ ਹੈ। ਇਸ ਦੀ ਸ਼ੁਰੂਆਤ ਬੀਤੀ ਰਾਤ ਮੁੱਖ ਮੰਤਰੀ ਨੇ ਖ਼ੁਦ ਕੀਤੀ ਅਤੇ ਆਪਣੇ ਹੱਥੀਂ ਉਨ੍ਹਾਂ ਨੂੰ ਭੋਜਨ ਦਿੱਤਾ।
ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ 'ਚ ਸੇਵਾ ਕਰਦੇ ਵਿਅਕਤੀ ਨੂੰ ਮੌਤ ਨੇ ਪਾਇਆ ਘੇਰਾ, ਪਲਾਂ 'ਚ ਛਾ ਗਈ ਸੋਗ ਦੀ ਲਹਿਰ
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਨਿਵਾਸ ’ਤੇ ਆਉਣ ਵਾਲੇ ਵਿਅਕਤੀ ਲਈ ਪਾਣੀ ਅਤੇ ਭੋਜਨ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਬੀਤੀ ਰਾਤ ਖ਼ੁਦ ਜਿੱਥੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਸਨ, ਉਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਪਹਿਲਾਂ ਉਹ ਭੋਜਨ ਕਰਨ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਉਨ੍ਹਾਂ ਦੇ ਘਰ ਆਉਂਦਾ ਹੈ, ਉਹ ਉਨ੍ਹਾਂ ਲਈ ਬੇਗਾਨਾ ਨਹੀਂ ਹੈ ਸਗੋਂ ਉਸ ਨੂੰ ਉਹ ਆਪਣੇ ਪਰਿਵਾਰ ਦਾ ਮੈਂਬਰ ਮੰਨਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ’ਤੇ ਕੀਤਾ ਜਾਣਾ ਚਾਹੀਦਾ ਹੈ, ਇਸ ਲਈ ਉਨ੍ਹਾਂ ਨੇ ਦੇਰ ਰਾਤ ਵੀ ਆਪਣੇ ਨਾਲ ਅਧਿਕਾਰੀਆਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਹੈ, ਜੋ ਲੋਕਾਂ ਦੇ ਮਸਲਿਆਂ ਦਾ ਮੌਕੇ ’ਤੇ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਮੌਕੇ ਆਪਣੀਆਂ ਸ਼ਿਕਾਇਤਾਂ ਲੈ ਕੇ ਆਈਆਂ ਕੁਝ ਬਜ਼ੁਰਗ ਔਰਤਾਂ ਨੇ ਚੰਨੀ ਨੂੰ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਉਹ ਮੁੜ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦੀ ਵਾਗਡੋਰ ਸੰਭਾਲਣ। ਇਸੇ ਤਰ੍ਹਾਂ ਕੁਝ ਲੋਕਾਂ ਨੇ ਸੂਬੇ ’ਚ ਲੋਕਪ੍ਰਿਯ ਹੋ ਰਹੇ ਨਾਅਰੇ ‘ਘਰ-ਘਰ ਤੋਂ ਆਈ ਗੱਲ, ਚੰਨੀ ਕਰਦਾ ਮਸਲੇ ਹੱਲ’ ਨੂੰ ਗੀਤਾਂ ਦਾ ਰੂਪ ਵੀ ਦਿੱਤਾ। ਮੁੱਖ ਮੰਤਰੀ ਨੇ ਸਾਰੇ ਲੋਕਾਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਕਾਂਗਰਸ ਸਰਕਾਰ ਉਨ੍ਹਾਂ ਦੀ ਆਪਣੀ ਸਰਕਾਰ ਹੈ ਅਤੇ ਉਨ੍ਹਾਂ ਦੇ ਸਾਰੇ ਮਸਲਿਆਂ ਦਾ ਹੱਲ ਸਰਕਾਰ ਵੱਲੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ਪੁੱਜੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ