ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ CM ਚੰਨੀ ਨੇ ਸੌਂਪੇ ਨਿਯੁਕਤੀ ਪੱਤਰ

Monday, Nov 22, 2021 - 01:09 PM (IST)

ਲੁਧਿਆਣਾ (ਹਿਤੇਸ਼, ਰਿੰਕੂ) : ਕਾਂਗਰਸ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗਿੱਲ ਰੋਡ ਸਥਿਤ ਦਾਣਾ ਮੰਡੀ 'ਚ ਰੱਖੀ ਗਈ ਰੈਲੀ 'ਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਲੁਧਿਆਣਾ ਪਹੁੰਚੇ। ਉਨ੍ਹਾਂ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਮੌਜੂਦ ਰਹੇ। ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਵੱਡੀ ਗਿਣਤੀ 'ਚ ਆਪਣੀਆਂ ਜਾਨਾਂ ਗੁਆਈਆਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੋਮਵਾਰ ਨੂੰ ਇੱਥੇ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਤੋਂ ਪਹਿਲਾਂ ਮਾਨਸਾ ਵਿਖੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਹ ਨਿਯੁਕਤੀ ਪੱਤਰ ਮੁੱਖ ਮੰਤਰੀ ਵੱਲੋਂ ਸੌਂਪੇ ਗਏ ਸਨ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੁਰਿੰਦਰ ਡਾਬਰ, ਸੰਜੇ ਤਲਵਾੜ, ਕੁਲਦੀਪ ਵੈਦ ਅਤੇ ਸੰਦੀਪ ਸੰਧੂ ਵੀ ਮੌਜੂਦ ਰਹੇ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਅੰਦੋਲਨ ਨੇ ਮੁਲਕ ਵਿਚ ਜਮਹੂਰੀ ਕਦਰਾਂ-ਕੀਮਤਾਂ ਅਤੇ ਮਨੁੱਖੀ ਹੱਕ-ਹਕੂਕ ਕਾਇਮ ਰੱਖੇ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਹਰੇਕ ਦੇਸ਼ ਵਾਸੀ ਨੂੰ ਲੋਕਤੰਤਰ ਅਤੇ ਮਾਨਵੀ ਅਧਿਕਾਰਾਂ ਦੀ ਖ਼ਾਤਰ ਸ਼ਾਂਤਮਈ ਢੰਗ ਨਾਲ ਸੰਘਰਸ਼ ਲੜਨ ਲਈ ਸਦਾ ਪ੍ਰੇਰਿਤ ਕਰਦਾ ਰਹੇਗਾ।

ਇਹ ਵੀ ਪੜ੍ਹੋ : ਪਠਾਨਕੋਟ ਤੋਂ ਵੱਡੀ ਖ਼ਬਰ : ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਕੋਲ ਗ੍ਰਨੇਡ ਧਮਾਕਾ, ਹਾਈ ਅਲਰਟ 'ਤੇ ਪੁਲਸ

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਮੁਲਕ ਦੇ ਅੰਨਦਾਤਿਆਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਸਮੂਹ ਪੰਜਾਬੀ ਖ਼ਾਸ ਕਰਕੇ ਕਿਸਾਨਾਂ ਨੂੰ ਅਵੇਸਲੇ ਹੋਣ ਦੀ ਬਜਾਏ ਓਦੋਂ ਤੱਕ ਚੌਕਸ ਰਹਿਣਾ ਚਾਹੀਦਾ ਹੈ, ਜਦੋਂ ਤੱਕ ਇਹ ਘਿਨਾਉਣੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਲੀਹੋਂ ਲਾਹੁਣ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਨਵੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਦਾ ਸਵਾਗਤ ਕਰ ਰਹੇ ਲੀਡਰਾਂ 'ਤੇ ਵਰ੍ਹਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਅਖੌਤੀ ਕੌਮੀ ਨੇਤਾ ਪੰਜਾਬ ਖ਼ਿਲਾਫ਼ ਘੜੇ ਜਾ ਰਹੇ ਮਨਸੂਬਿਆਂ ਵਿਚ ਪੂਰੀ ਤਰ੍ਹਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਏਅਰਟੈੱਲ ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਮਹਿੰਗੇ ਕੀਤੇ 'ਪ੍ਰੀਪੇਡ' ਪਲਾਨ

ਮੁੱਖ ਮੰਤਰੀ ਨੇ ਇਨ੍ਹਾਂ ਨੇਤਾਵਾਂ ਨੂੰ ਅਜਿਹੀਆਂ ਖੁਸ਼ੀਆਂ ਜ਼ਾਹਰ ਕਰਨ ਪਿੱਛੇ ਤਰਕ ਦੇਣ ਦਾ ਸਵਾਲ ਕਰਦਿਆਂ ਕਿਹਾ ਕਿ ਇਹਦੇ ਵਿਚ ਖੁਸ਼ੀ ਵਾਲੀ ਕਿਹੜੀ ਗੱਲ ਹੈ ਕਿਉਂ ਜੋ ਇਸ ਸੰਘਰਸ਼ ਵਿਚ ਪੰਜਾਬ ਆਪਣੇ 700 ਧੀਆਂ-ਪੁੱਤ ਗੁਆ ਚੁੱਕਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਫ਼ੈਸਲੇ ਦੇ ਹੱਕ ਵਿਚ ਸੋਹਲੇ ਗਾਉਣ ਦਾ ਸਿੱਧਾ ਜਿਹਾ ਮਤਲਬ ਕੇਂਦਰ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ 'ਤੇ ਢਾਹੇ ਤਸ਼ੱਦਦ ਦਾ ਪੱਖਾ ਪੂਰਨਾ ਹੈ, ਜੋ ਪੂਰੀ ਤਰ੍ਹਾਂ ਗੈਰ-ਵਾਜ਼ਿਬ ਹੈ। ਉਨ੍ਹਾਂ ਕਿਹਾ ਕਿ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਵਾਰਥੀ ਮੁਫਾਦਾਂ ਦੀ ਖ਼ਾਤਰ ਕੁੱਝ ਸਿਆਸੀ ਆਗੂ ਸੂਬੇ ਦੇ ਹਿੱਤਾਂ ਖ਼ਾਸ ਕਰਕੇ ਕਿਸਾਨਾਂ ਦੇ ਹਿੱਤ ਕੁਰਬਾਨ ਕਰਨ ਲਈ ਪੱਬਾ ਭਾਰ ਹੋਏ ਫਿਰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News