ਚੰਨੀ ਅੰਤਰਿਮ ਨਹੀਂ, ਸਗੋਂ ਸੰਵਿਧਾਨ ਦੀ ਵਿਧੀ ਅਨੁਸਾਰ ਚੁਣੇ ਗਏ ਸਥਾਈ ਮੁੱਖ ਮੰਤਰੀ : ਬੀਰ ਦਵਿੰਦਰ ਸਿੰਘ

Wednesday, Nov 03, 2021 - 02:21 AM (IST)

ਮੋਹਾਲੀ(ਨਿਆਮੀਆਂ)- ਚਰਨਜੀਤ ਸਿੰਘ ਚੰਨੀ ਅੰਤਰਿਮ ਮੁੱਖ ਮੰਤਰੀ ਨਹੀਂ, ਸਗੋਂ ਸੰਵਿਧਾਨ ਵਲੋਂ ਸਥਾਪਿਤ ਵਿਧੀ ਅਤੇ ਮਰਿਯਾਦਾ ਅਨੁਸਾਰ ਚੁਣੇ ਗਏ ਸਥਾਈ ਮੁੱਖ ਮੰਤਰੀ ਹਨ। ਵਿਰੋਧੀ ਧਿਰਾਂ ਦਾ ਇਹ ਤਰਕ ਗ਼ਲਤ ਹੈ ਕਿ ਚੰਨੀ ਮਹਿਜ ਅੰਤਰਿਮ ਮੁੱਖ ਮੰਤਰੀ ਹਨ, ਇਸ ਲਈ ਉਨ੍ਹਾਂ ਨੂੰ ਵੱਡੇ ਨੀਤੀਗਤ ਫੈਸਲੇ ਲੈਣ ਦਾ ਕੋਈ ਅਧਿਕਾਰ ਨਹੀਂ। ਭਾਰਤੀ ਸੰਵਿਧਾਨ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਆਉਂਦੇ ਸਾਰੇ ਮਾਮਲਿਆਂ ’ਤੇ ਵੱਡੇ ਲੋਕਪੱਖੀ ਫੈਸਲੇ ਲੈਣ ਦਾ ਪੂਰਾ ਅਧਿਕਾਰ ਹੈ। ਇਹ ਗੱਲ ਅੱਜ ਇਥੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਇਕ ਗ਼ੈਰ-ਰਸਮੀ ਗੱਲਬਾਤ ਦੌਰਾਨ ਕਹੀ।

ਇਹ ਵੀ ਪੜ੍ਹੋ : ਕੈਪਟਨ ਦੀ ਪਾਰਟੀ ਦੇ ਨਾਮਕਰਨ ਬਾਰੇ ‘ਜਗ ਬਾਣੀ’ ਨੇ ਪਹਿਲਾਂ ਹੀ ਕਰ ਦਿੱਤਾ ਸੀ ਖੁਲਾਸਾ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਫੈਸਲੇ ਲੋਕਪੱਖੀ ਹਨ ਅਤੇ ਅਜਿਹੇ ਲੋਕਪੱਖੀ ਫੈਸਲੇ ਕੋਈ ਜ਼ਮੀਨ ਨਾਲ ਜੁੜਿਆ ਧਰਤੀ ਦਾ ਪੁੱਤਰ ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਇਹ ਕਹਿਣਾ ਗ਼ਲਤ ਹੈ ਕਿ ਮੁੱਖ ਮੰਤਰੀ ਚੋਣਾਂ ਨੂੰ ਮੁੱਖ ਰੱਖ ਕੇ ਹੀ ਲੋਕ-ਲੁਭਾਵਣੇ ਫੈਸਲੇ ਲੈ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤਾਂ ਬਿਨਾਂ ਕਿਸੇ ਅਧਿਕਾਰ ਦੇ ਹੀ ਹਰ ਰੋਜ਼ ਬਿਨਾਂ ਕਿਸੇ ਸਿਰ-ਪੈਰ ਦੇ ਸ਼ੇਖ ਚਿੱਲੀ ਵਾਂਗ ਐਲਾਨ ਕਰੀ ਜਾ ਰਹੇ ਹਨ ਕਿ ‘ਮੇਰੀ ਸਰਕਾਰ ਇਹ ਕਰੇਗੀ, ਮੇਰੀ ਸਰਕਾਰ ਉਹ ਕਰੇਗੀ’ ਪਰ ਜੇ ਉਨ੍ਹਾਂ ਨੂੰ ਕੋਈ ਪੁੱਛੇ ਕਿ ਜਨਾਬ ਹੋਰਾਂ ਦੀ ਸਰਕਾਰ! ਆਖਿਰ ਹੈ ਕਿੱਥੇ?

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਬਦਲੇ ਤੇਵਰ, ਪੰਜਾਬ ਭਵਨ ’ਚ ਮੁੱਖ ਮੰਤਰੀ ਚੰਨੀ ਦੇ ਫੈਸਲਿਆਂ ਦੀ ਕੀਤੀ ਸ਼ਲਾਘਾ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਜਸ਼ੈਲੀ ਕਾਰਨ ਸਾਰੀਆਂ ਵਿਰੋਧੀ ਧਿਰਾਂ ਬੌਖਲਾ ਉੱਠੀਆਂ ਹਨ, ਉਨ੍ਹਾਂ ਕੋਲ ਹੁਣ ਕਹਿਣ ਨੂੰ ਤਾਂ ਕੁੱਝ ਵੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਏ ਗਏ ਲੋਕ ਪੱਖੀ ਫੈਸਲਿਆਂ ਦਾ ਪੁਰਜ਼ੋਰ ਸਮਰਥਨ ਕਰਦੇ ਹਨ।


Bharat Thapa

Content Editor

Related News