ਚੰਡੀਗੜ : ਭਾਰਤੀ ਕ੍ਰਿਕਟਰਾਂ ਦੀ ਹੋਮ ਪਿੱਚ ਬਣੀ ''ਅਸਥਾਈ ਜੇਲ'', ਕਰਫਿਊ ਤੋੜਨ ਵਾਲੇ ਇੱਥੇ ਸੁੱਟੇ ਜਾਣਗੇ
Tuesday, Mar 24, 2020 - 04:41 PM (IST)
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ ਅੰਦਰ ਲੱਗੇ ਕਰਫਿਊ ਦੌਰਾਨ ਨਿਯਮਾਂ ਨੂੰ ਤੋੜਨ ਵਾਲਿਆਂ ਖਿਲਾਫ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਦੇ ਸੈਕਟਰ-16 ਦੇ ਕ੍ਰਿਕਟ ਸਟੇਡੀਅਮ ਨੂੰ ਆਰਜ਼ੀ ਤੌਰ 'ਤੇ ਅਸਥਾਈ ਜੇਲ ਬਣਾ ਦਿੱਤਾ ਗਿਆ ਹੈ। ਕੋਰੋਨਾ ਦੇ ਕਹਿਰ ਕਾਰਨ ਕਰਫਿਊ ਦਾ ਉਲੰਘਣ ਕਰਨ ਵਾਲਿਆਂ ਨੂੰ ਇੱਥੇ ਰੱਖਿਆ ਜਾਵੇਗਾ। ਦੱਸ ਦੇਈਏ ਕਿ ਇਹ ਕ੍ਰਿਕਟ ਸਟੇਡੀਅਮ ਕਪਿਲ ਦੇਵ, ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਦਾ ਘਰੇਲੂ ਮੈਦਾਨ ਹੈ। 15.32 ਏਕੜ 'ਚ ਫੈਲੇ ਅਤੇ 20,000 ਤੋਂ ਜ਼ਿਆਦਾ ਲੋਕਾਂ ਨੂੰ ਰੱਖਣ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਨੂੰ ਅਸਥਾਈ ਜੇਲ ਬਣਾ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੇ ਖਾਤਮੇ ਨੂੰ ਲੈ ਕੇ ਸ਼ਹਿਰ 'ਚ ਲਾਏ ਗਏ ਕਰਫਿਊ ਦੌਰਾਨ ਅੱਜ ਵੱਖ-ਵੱਖ ਹਿੱਸਿਆਂ 'ਚ ਲੋਕ ਅਜੇ ਵੀ ਲਾਪਰਵਾਹੀ ਦਿਖਾ ਰਹੇ ਹਨ। ਅੱਜ ਸਵੇਰੇ ਕਈ ਸਥਾਨਾਂ 'ਤੇ ਪੁਲਸ ਨੇ ਐਲਾਨ ਕਰਕੇ ਲੋਕਾਂ ਨੂੰ ਆਪਣੇ ਘਰਾਂ 'ਚ ਜਾਣ ਨੂੰ ਕਿਹਾ ਹੈ। ਪੁਲਸ ਵਲੋਂ ਅੱਜ ਸਵੇਰ ਤੋਂ ਸੜਕਾਂ 'ਤੇ ਹੂਟਰ ਵਜਾ ਕੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ।
ਮੋਹਾਲੀ 'ਚ ਬਾਰਡਰ ਸੀਲ
ਮੋਹਾਲੀ 'ਚ ਪੁਲਸ ਵਲੋਂ ਬਾਰਡਰ 'ਤੇ ਬੈਰੀਕੇਡ ਲਾ ਕੇ ਆਉਣ-ਜਾਣ ਵਾਲੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਇਸ ਤੋਂ ਬਾਅਦ ਘਰ ਤੋਂ ਬਾਹਰ ਨਿਕਲੇ ਇੱਕਾ-ਦੁੱਕਾ ਲੋਕ ਘਰਾਂ 'ਚ ਵਾਪਸ ਚਲੇ ਗਏ। ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਲਗਾਤਾਰ ਵਧਦੇ ਖਤਰੇ ਕਾਰਨ ਮੋਹਾਲੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ 'ਚ ਲਾਕਡਾਊਨ ਕੀਤਾ ਸੀ ਪਰ ਦਿਨ ਭਰ ਲਾਕਡਾਊਨ ਦਾ ਅਸਰ ਨਾ ਦਿਖਣ ਦੇ ਕਾਰਨ ਸੋਮਵਾਰ ਤੋਂ ਸ਼ਹਿਰ 'ਚ ਕਰਫਿਊ ਲਾਗੂ ਕਰਨ ਦਾ ਸਖਤ ਨਿਰਦੇਸ਼ ਜਾਰੀ ਕੀਤਾ ਗਿਆ।